- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਮਹਿਰਾਜ ਵਿੱਚ ਚੋਰਾਂ ਦਾ ਕਹਿਰ: ਇਕ ਰਾਤ ’ਚ 14 ਮੋਟਰਾਂ ਦੀਆਂ ਤਾਰਾਂ ਅਤੇ ਦੋ ਟਰਾਂਸਫਾਰਮਰਾਂ ਦਾ ਤੇਲ ਚੋਰੀ

-ਮਹਿਰਾਜ ਖੇਤਰ ’ਚ ਚੋਰਾਂ ਦਾ ਖੌਫ਼, ਲੋਕਾਂ ਦਾ ਰਾਤ ਨੂੰ ਘਰਾਂ ਤੋਂ ਨਿਕਲਣਾ ਹੋਇਆ ਬੰਦ
ਜਸਪਾਲ ਪਾਲੀ, ਪੰਜਾਬੀ ਜਾਗਰਣ. ਮਹਿਰਾਜ
ਪਿਛਲੇ ਕਈ ਮਹੀਨਿਆਂ ਤੋਂ ਨਗਰ ਮਹਿਰਾਜ ਅਤੇ ਆਸ–ਪਾਸ ਦੇ ਖੇਤਰ ਵਿੱਚ ਚੋਰੀਆਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਚੋਰ ਬੇਖੌਫ਼ ਹੋ ਕੇ ਘੁੰਮਦੇ ਨਜ਼ਰ ਆ ਰਹੇ ਹਨ, ਜਿਵੇਂ ਉਨ੍ਹਾਂ ਨੂੰ ਪੁਲਿਸ ਦਾ ਕੋਈ ਡਰ ਹੀ ਨਾ ਹੋਵੇ। ਨਿੱਤ ਨਵੀਆਂ ਚੋਰੀਆਂ ਆਮ ਗੱਲ ਬਣ ਗਈਆਂ ਹਨ। ਮੰਗਲਵਾਰ ਰਾਤ ਵੀ ਚੋਰਾਂ ਨੇ ਕਹਿਰ ਢਾਹੁੰਦੇ ਹੋਏ 14 ਮੋਟਰਾਂ ਦੀਆਂ ਤਾਰਾਂ ਅਤੇ ਦੋ ਟਰਾਂਸਫਾਰਮਰਾਂ ਦਾ ਤੇਲ ਚੋਰੀ ਕਰ ਲਿਆ। ਪੀੜਤ ਕਿਸਾਨਾਂ ਰੇਸ਼ਮ ਸਿੰਘ, ਗੌਰਵ ਸਿੰਘ, ਗਮਦੂਰ ਸਿੰਘ, ਕਾਲਾ ਸਿੰਘ ਅਤੇ ਗੋਰਾ ਸਿੰਘ ਨੇ ਦੱਸਿਆ ਕਿ ਕੋਠੇ ਮੱਲੂਆਣਾ ਵਾਲੇ ਪਾਸੇ ਮਹਿਰਾਜ ਨਜ਼ਦੀਕ ਚੋਰਾਂ ਨੇ ਖੇਤਾਂ ਵਿੱਚ ਲੱਗੀਆਂ ਮੋਟਰਾਂ ਨੂੰ ਆਪਣਾ ਨਿਸ਼ਾਨਾਂ ਬਣਾਇਆ। ਉਨ੍ਹਾਂ ਅਨੁਸਾਰ ਚੋਰਾਂ ਨੇ ਪਹਿਲਾਂ ਮੋਟਰਾਂ ਨਾਲ ਜੁੜੀਆਂ ਬਿਜਲੀ ਤਾਰਾਂ ਉਖਾੜੀਆਂ ਅਤੇ ਫਿਰ ਦੋ ਟਰਾਂਸਫਾਰਮਰਾਂ ਵਿੱਚੋਂ ਤੇਲ ਕੱਢ ਕੇ ਚੋਰੀ ਕਰ ਲਿਆ। ਇਸ ਕਾਰਨ ਸਿੰਚਾਈ ਪ੍ਰਣਾਲੀ ਪੂਰੀ ਤਰ੍ਹਾਂ ਠੱਪ ਹੋ ਗਈ ਹੈ ਅਤੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿੰਡ ਮਹਿਰਾਜ ਵਿੱਚ ਚੋਰੀ ਦੀਆਂ ਘਟਨਾਵਾਂ ਦਿਨੋਂ–ਦਿਨ ਵਧ ਰਹੀਆਂ ਹਨ, ਪਰ ਇਸਦੇ ਬਾਵਜੂਦ ਚੋਰਾਂ ‘ਤੇ ਕਾਬੂ ਪਾਉਣ ਲਈ ਕੋਈ ਪੱਕੇ ਪ੍ਰਬੰਧ ਨਜ਼ਰ ਨਹੀਂ ਆ ਰਹੇ।
ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਨੱਥ ਪਾਈ ਜਾਵੇ ਅਤੇ ਪਿੰਡ ਵਿੱਚ ਰਾਤ ਸਮੇਂ ਗਸ਼ਤ ਤੇਜ਼ ਕੀਤੀ ਜਾਵੇ, ਤਾਂ ਜੋ ਇਸ ਤਰ੍ਹਾਂ ਦੀਆਂ ਵਾਰਦਾਤਾਂ ‘ਤੇ ਰੋਕ ਲੱਗ ਸਕੇ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਮਹਿਰਾਜ ਵਾਸੀਆਂ ਨੇ ਥਾਣਾ ਸਿਟੀ ਰਾਮਪੁਰਾ ਸਾਹਮਣੇ ਕਿਸਾਨਾਂ ਦਾ ਇੱਕੱਠ ਕਰਕੇ ਰੋਸ ਪ੍ਰਗਟਾਇਆ ਸੀ। ਇਸ ਦੌਰਾਨ ਪਿੰਡ ਦੇ ਪੀੜਤ ਕਿਸਾਨਾਂ ਵੱਲੋਂ ਐੱਸਐੱਚਓ ਰਾਮਪੁਰਾ ਤੇ ਡੀਐੱਸਪੀ ਫੂਲ ਨੂੰ ਇਕ ਚਿੱਠੀ ਵੀ ਸੌਂਪੀ ਗਈ ਸੀ, ਜੋ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਈ ਸੀ। ਉਸ ਚਿੱਠੀ ਵਿੱਚ ਪਿੰਡ ਵਿੱਚ ਵਧ ਰਹੀਆਂ ਚੋਰੀਆਂ ਦਾ ਵਿਸਥਾਰ ਨਾਲ ਜ਼ਿਕਰ ਕਰਦੇ ਹੋਏ ਚੋਰੀ ਕਰਦੇ ਸਮੇਂ ਚੋਰ ਵੱਲੋਂ ਉਥੇ ਛੱਡੀ ਜੈਕਟ ਉਸਨੂੰ ਵਾਪਸ ਕਰਨ ਦੀ ਅਪੀਲ ਕੀਤੀ ਸੀ ਤਾਂ ਜੋ ਚੋਰ ਠੰਢ ਵਿਚ ਹੋਰ ਚੋਰੀਆਂ ਕਰ ਸਕੇ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਚੋਰੀਆਂ ਦੇ ਡਰ ਕਰਕੇ ਲੋਕ ਰਾਤ ਭਰ ਜਾਗਣ ਲਈ ਮਜਬੂਰ ਹਨ। ਕਿਸਾਨਾਂ ਨੇ ਚਿੰਤਾ ਜਤਾਈ ਕਿ ਜੇਕਰ ਸਮੇਂ ਸਿਰ ਪੁਲਿਸ ਵੱਲੋਂ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਚੋਰਾਂ ਦੇ ਹੌਸਲੇ ਹੋਰ ਵੱਧ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਪਿੰਡ ਮਹਿਰਾਜ ਅਤੇ ਆਸ–ਪਾਸ ਦੇ ਇਲਾਕੇ ਵਿੱਚ ਚੋਰੀਆਂ ‘ਤੇ ਰੋਕ ਲਗਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ।