ਪਿੰਡ ਕਟਾਰ ਸਿੰਘ ਵਾਲਾ ਵਿਖੇ ਸਜਾਇਆ ਨਗਰ ਕੀਰਤਨ
ਪਿੰਡ ਕਟਾਰ ਸਿੰਘ ਵਾਲਾ ਵਿਖੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Publish Date: Mon, 05 Jan 2026 06:44 PM (IST)
Updated Date: Tue, 06 Jan 2026 04:06 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਪਿੰਡ ਕਟਾਰ ਸਿੰਘ ਵਾਲਾ ਵਿਖੇ ਦਸਵੇਂ ਪਾਤਸ਼ਾਹ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਸਰੋਵਰ ਸਰ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ । ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਵਿੱਤਰ ਪਾਲਕੀ ਵਿਚ ਸੁਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਗੁਰਦੁਆਰਾ ਸ਼੍ਰੀ ਸਰੋਵਰ ਸਰ ਸਾਹਿਬ ਦੇ ਹੈਡ ਗ੍ਰੰਥੀ ਭਾਈ ਸ਼ਰਨਜੀਤ ਸਿੰਘ ਵੱਲੋਂ ਅਰਦਾਸ ਉਪਰੰਤ ਰਵਾਨਾ ਹੋਇਆ। ਇਸ ਮੌਕੇ ਤੇ ਭਾਈ ਜਗਸੀਰ ਸਿੰਘ ਮੰਡੀ ਕਲਾਂ, ਭੁੱਚੋ ਮੰਡੀ ਵਾਲੀਆਂ ਬੀਬੀਆਂ ਦਾ ਜਥਾ, ਬੀਬੀ ਪਰਮਜੀਤ ਕੌਰ ਤੇ ਬੀਬੀ ਕੋਮਲਪ੍ਰੀਤ ਕੌਰ, ਸਾਰੰਗੀ ਮਾਸਟਰ ਨਛੱਤਰ ਸਿੰਘ ਵੱਲੋਂ ਗੁਰੂ ਇਤਿਹਾਸ ਨਾਲ ਜੋੜ ਕੇ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਜਗਸੀਰ ਸਿੰਘ ਮੰਡੀ ਕਲਾਂ ਨੇ ਗੁਰੂ ਸਾਹਿਬਾਨ ਦੇ ਕੁਰਬਾਨੀਆਂ ਭਰੇ ਇਤਿਹਾਸ ਸੁਣਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਗੁਰੂਆਂ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਨੂੰ ਧਾਰਨ ਕਰਕੇ ਸੇਵਾ ਤੇ ਸਿਮਰਨ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ। ਛੋਟੇ ਛੋਟੇ ਬੱਚਿਆਂ ਨੇ ਵੀ ਆਪਣੀਆਂ ਇਤਿਹਾਸਕ ਕਵਿਤਾਵਾਂ ਸੰਗਤਾਂ ਨੂੰ ਸੁਣਾ ਕੇ ਨਿਹਾਲ ਕੀਤਾ।ਇਸ ਨਗਰ ਕੀਰਤਨ ਦੌਰਾਨ ਵੱਖ ਵੱਖ ਪੜਾਵਾਂ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ।ਸੰਗਤਾਂ ਲਈ ਵਿਹਲੀ ਜਨਤਾ ਗਰੁੱਪ ਤੇ ਯੂਥ ਏਕਤਾ ਸਪੋਰਟਸ ਕਲੱਬ ਦੇ ਮੈਂਬਰਾਂ ਤੇ ਹੋਰ ਨੌਜਵਾਨਾਂ ਵੱਲੋਂ ਚਾਹ, ਸਮੋਸੇ, ਦੁੱਧ, ਬਰੈਂਡ ਅਤੇ ਪਕੌੜਿਆਂ ਦੇ ਲੰਗਰ ਵਰਤਾਉਣ ਦੀ ਸੇਵਾ ਕੀਤੀ ਗਈ । ਇਸ ਮੌਕੇ ਤੇ ਪਿੰਡ ਦੀ ਪੰਚਾਇਤ ਤੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਵੀ ਬੜੇ ਉਤਸ਼ਾਹ ਨਾਲ ਹਿੱਸਾ ਲਿਆ।ਪਿੰਡ ਵਾਸੀਆਂ ਵੱਲੋਂ ਪਾਲਕੀ ਸਾਹਿਬ ਜੀ ਦੇ ਪਿੱਛੇ ਪੈਦਲ ਚੱਲ ਕੇ ਭਾਰੀ ਗਿਣਤੀ ਵਿਚ ਹਾਜ਼ਰੀ ਭਰੀ ਗਈ, ਜਦਕਿ ਨੌਜਵਾਨਾਂ ਅਤੇ ਬੱਚਿਆਂ ਨੇ ਸੇਵਾਵਾਂ ਨਿਭਾ ਕੇ ਸਿੱਖੀ ਸੰਸਕਾਰਾਂ ਨਾਲ ਆਪਣੀ ਸੇਵਾ ਨਿਭਾਈ । ਜਦੋਂ ਇਹ ਨਗਰ ਕੀਰਤਨ ਵੱਖ ਵੱਖ ਪੜਾਵਾਂ ਤੋਂ ਗੁਜ਼ਰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ਼੍ਰੀ ਸਰੋਵਰ ਸਰ ਸਾਹਿਬ ਵਿਖੇ ਸ਼ਾਂਤੀ ਪੂਰਨ ਤੇ ਗੁਰੂ ਮਰਿਆਦਾ ਨਾਲ ਸੰਪੂਰਨ ਹੋਇਆ।