- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਜਿਉਂਦ ਵਿਚ ਕਥਿਤ ਪੁਲਿਸ ਜਬਰ ਖ਼ਿਲਾਫ਼ 6 ਮਾਰਚ ਨੂੰ ਸੂਬਾ ਪੱਧਰੀ ਰੋਸ ਮੁਜ਼ਾਹਰਾ ਦਾ ਐਲਾਨ

-ਐੱਸਐੱਸਪੀ ਸਮੇਤ ਸਭਨਾਂ ਦੋਸ਼ੀ ਅਧਿਕਾਰੀਆਂ 'ਤੇ ਇਰਾਦਾ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ :
ਪਿੰਡ ਜਿਉਂਦ ਵਿਚ 18 ਫਰਵਰੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਇਕੱਠ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਕਥਿਤ ਜਬਰ ਦੇ ਵਿਰੋਧ ਵਿਚ ਚਾਰ ਦਰਜਨ ਜਥੇਬੰਦੀਆਂ ਵੱਲੋਂ 6 ਮਾਰਚ ਨੂੰ ਡੀਸੀ ਦਫ਼ਤਰ ਬਠਿੰਡਾ ਅੱਗੇ ਸੂਬਾ ਪੱਧਰੀ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਰੋਸ ਪ੍ਰਦਰਸ਼ਨ ਵਿਚ ਖੇਤ ਮਜ਼ਦੂਰ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਦੀ ਅਪੀਲ ਕੀਤੀ ਗਈ ਹੈ। ਇਹ ਫ਼ੈਸਲਾ ਅੱਜ ਡਾ. ਅੰਬੇਡਕਰ ਪਾਰਕ ਵਿਚ ਹੋਈ ਪੰਜਾਬ ਖੇਤ ਮਜਦੂਰ ਯੂਨੀਅਨ ਦੀ ਮੀਟਿੰਗ ਦੌਰਾਨ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਸੇਵਕ ਸਿੰਘ ਮਹਿਮਾ ਅਤੇ ਸਰਜਾ ਸਿੰਘ ਨੇ ਕੀਤੀ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਪਿੰਡ ਜਿਉਂਦ ਵਿੱਚ ਕਥਿਤ ਜਬਰ ਢਾਹੁਣ ਦੇ ਦੋਸ਼ੀ ਅਧਿਕਾਰੀਆਂ ਖਿਲਾਫ਼ ਇਰਾਦਾ ਕਤਲ ਅਤੇ ਅਗਵਾ ਦੇ ਮਾਮਲੇ ਦਰਜ ਕਰਨ ਦੀ ਮੰਗ ਕੀਤੀ ਜਾਵੇਗੀ। ਆਗੂਆਂ ਨੇ ਬਠਿੰਡਾ ਦੀ ਐਸਐਸਪੀ ਜੋਯਤੀ ਯਾਦਵ ਸਮੇਤ ਹੋਰ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਉਠਾਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿਚ ਸਿੱਧੇ ਤੌਰ ’ਤੇ ਜ਼ਿੰਮੇਵਾਰ ਕਰਾਰ ਦਿੱਤਾ ਅਤੇ ਜਨਤਕ ਮਾਫ਼ੀ ਮੰਗਣ ਦੇ ਨਾਲ ਐਸਐਸਪੀ. ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਨੇ ਪਿੰਡ ਦੀ ਸੱਥ ਵਿਚ ਹੋ ਰਹੇ ਸ਼ਾਂਤਮਈ ਇਕੱਠ ਨੂੰ ਘੇਰ ਕੇ ਅੱਥਰੂ ਗੈਸ ਦੇ ਗੋਲਿਆਂ, ਇੱਟਾਂ-ਰੋੜਿਆਂ ਅਤੇ ਡੰਡਿਆਂ ਨਾਲ ਹਮਲਾ ਕੀਤਾ, ਜਿਸ ਦੌਰਾਨ ਕਿਸਾਨ ਚਰਨਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ। ਮਜ਼ਦੂਰ ਆਗੂਆਂ ਨੇ ਇਸ ਕਾਰਵਾਈ ਨੂੰ ਤਾਨਾਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਪੁਲਿਸ ਵੱਲੋਂ ਮਜ਼ਦੂਰਾਂ, ਕਿਸਾਨਾਂ, ਔਰਤਾਂ ਤੇ ਬਜ਼ੁਰਗਾਂ ’ਤੇ ਬੇਰਹਿਮੀ ਨਾਲ ਕਾਰਵਾਈ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਸੰਘਰਸ਼ਸ਼ੀਲ ਵਰਗਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਸਮੂਹ ਜਨਤਕ, ਜਮਹੂਰੀ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ 6 ਮਾਰਚ ਨੂੰ ਬਠਿੰਡਾ ਵਿਖੇ ਹੋਣ ਵਾਲੇ ਰੋਸ ਮੁਜ਼ਾਹਰੇ ਵਿੱਚ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿਚ ਸ਼ਾਮਲ ਹੋਣ। ਮੀਟਿੰਗ ਵਿਚ ਮਨਦੀਪ ਸਿੰਘ ਸਿਬੀਆਂ, ਤੀਰਥ ਸਿੰਘ ਕੋਠਾ ਗੁਰੂ, ਬਲਦੇਵ ਸਿੰਘ ਕੋਠਾ ਗੁਰੂ, ਸੁੱਖਾ ਸਿੰਘ ਕੋਠਾ ਗੁਰੂ, ਮੇਜਰ ਸਿੰਘ ਹਮੀਰਗੜ, ਗੁਰਮੀਤ ਸਿੰਘ ਕੋਟਗੁਰੂ, ਨਛੱਤਰ ਸਿੰਘ ਚੱਠੇਵਾਲਾ, ਮਾੜਾ ਸਿੰਘ ਕਿਲੀ ਨਿਹਾਲ ਸਿੰਘ ਵਾਲਾ, ਜਰਨੈਲ ਸਿੰਘ ਚਨਾਰਥਲ, ਦਰਸ਼ਨ ਸਿੰਘ ਆਕਲੀਆ, ਗੁਲਾਬ ਸਿੰਘ ਮਾਈਸਰਖਾਨਾ ਅਤੇ ਹੰਸਾ ਸਿੰਘ ਕੋਠੇ ਨੱਥਾ ਸਿੰਘ ਵਾਲਾ ਸਮੇਤ ਹੋਰ ਆਗੂ ਵੀ ਮੌਜੂਦ ਸਨ।