ਪਿੰਡ ਜੀਦਾ ਵਿਖੇ ਕਰਵਾਈ ਸਾਹਿਤਕ ਮਿਲਣੀ
ਪਿੰਡ ਜੀਦਾ ਵਿਚ ਕਰਵਾਈ ਸਾਹਿਤਕ ਮਿਲਣੀ ਕਰਵਾਈ
Publish Date: Sat, 03 Jan 2026 04:46 PM (IST)
Updated Date: Sun, 04 Jan 2026 04:05 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਸਾਹਿਤਕ ਅਦਾਰਿਆਂ ਵਿੱਚ ਮੰਨਿਆ ਜਾਂਦਾ ਹੈ ਕਿ ਅਤਰਜੀਤ, ਮਨੁੱਖ ਤੇ ਮਨੁੱਖੀ ਸੰਘਰਸ਼ ਦੇ ਗੌਰਵ ਦਾ ਕਹਾਣੀਕਾਰ ਹੈ। ਉਸ ਦੀਆਂ ਕਹਾਣੀਆਂ ਉਸਦੀ ਕਹਾਣੀ ਚੇਤਨਾ ਵਿਚਲੀ ਕਲਾਤਮਕ ਪੁਖਤਗੀ ਤੇ ਮਾਨਵਵਾਦੀ ਤੇ ਉਦਾਰਵਾਦੀ ਰਚਨਾ ਦ੍ਰਿਸ਼ਟੀ ਦੀ ਹਾਮੀ ਭਰਦੀਆਂ ਹਨ। ਉਹ ਇਕ ਵਿਚਾਰਧਾਰਕ ਤੋਂ ਵਿਚਾਰਵਾਨ ਵੱਲ ਨੂੰ ਵਿਕਸਿਤ ਹੁੰਦਾ ਦਿਸਦਾ ਹੈ ਅਤੇ ਵਿਚਾਰਧਾਰਾ ਉਸਦੀਆਂ ਕਹਾਣੀਆਂ ਦੀ ਜ਼ਮੀਰ ਬਣ ਗਈ ਹੈ। ਸਾਹਿਤਕਾਰ ਤੇ ਪੱਤਰਕਾਰ ਬਲਵਿੰਦਰ ਸਿੰਘ ਭੁੱਲਰ ਅਨੁਸਾਰ ਅਤਰਜੀਤ ਇੱਕ ਵਿਅਕਤੀ ਨਹੀਂ, ਬਹੁਮੁੱਖੀ ਸੰਸਥਾ ਹੈ, ਪੰਜਾਬੀ ਕਲਮਕਾਰ ਉਸਦੀ ਜੀਵਨ ਘਾਲਣਾ ਨੂੰ ਆਪਣੇ ਲਈ ਮਾਰਗਦਰਸਕ ਮੰਨਦੇ ਹਨ। ਉਹਨਾਂ ਮੁਤਾਬਿਕ ਰਘੁਬੀਰ ਸਿੰਘ ਸਿਰਜਣਾ ਦੇ ਸ਼ਬਦਾਂ ’ਚ ਅਤਰਜੀਤ ਕਹਾਣੀਕਾਰ ਉਹਨਾਂ ਨਵਯੁਵਕ ਕਥਾਕਾਰਾਂ ਦੀ ਢਾਣੀ ਦਾ ਮੋਢੀ ਮੈਂਬਰ ਹੈ, ਜਿਹਨਾਂ ਨੇ ਆਪਣੇ ਸਮਾਜਿਕ ਸੰਸਕ੍ਰਿਤਕ ਪਰਿਵੇਸ਼ ਦੇ ਯਥਾਰਥਕ ਚਿਤਰਨ ਦੁਆਰਾ ਸਮਕਾਲੀ ਕਹਾਣੀ ਨੂੰ ਇੱਕ ਨਵਾਂ ਪਸਾਰ ਦਿੱਤਾ ਹੈ। ਇਹ ਵਿਚਾਰ ਸਾਹਿਤ ਸੱਭਿਆਚਾਰ ਮੰਚ ਰਜਿ: ਬਠਿੰਡਾ ਦੀ ਗੈਰ ਰਸਮੀ ਸਾਹਿਤਕ ਮਿਲਣੀ ਦੌਰ ਪੇਸ਼ ਹੋਏ। ਇਹ ਸਾਹਿਤਕ ਮਿਲਣੀ ਅਤਰਜੀਤ ਕਹਾਣੀਕਾਰ ਦੇ 86ਵੇਂ ਜਨਮ ਦਿਨ ਮੌਕੇ ਪਿੰਡ ਜੀਦਾ ਵਿਖੇ ਡਾ: ਸੁਖਵਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਈ। ਕਰੀਬ ਪੰਜ ਘੰਟੇ ਚੱਲੀ ਇਸ ਮੀਟਿੰਗ ਵਿੱਚ ਕਮਿਊਨਿਸਟ ਲਹਿਰ, ਨਕਸਲਵਾੜੀ ਲਹਿਰ, ਖਾੜਕੂ ਲਹਿਰ ਸਮੇਤ ਅੰਤਰ ਰਾਸ਼ਟਰੀ ਤੇ ਰਾਸ਼ਟਰੀ ਮੁੱਦਿਆਂ, ਦੇਸ਼ ਵਿੱਚ ਫੈਲ ਰਹੀ ਫਿਰਕਾਪ੍ਰਸਤੀ ਤੇ ਕੱਟੜਵਾਦ ਤੇ ਭਖ਼ਵੀਂ ਚਰਚਾ ਹੁੰਦੀ ਰਹੀ। ਇਸ ਦੌਰਾਨ ਬਲਵਿੰਦਰ ਭੁੱਲਰ ਨੇ 1980-90 ਵਾਲੇ ਦੌਰ ਦੇ ਰੌਂਗਟੇ ਖੜੇ ਕਰਦੇ ਬਿਰਤਾਂਤ ਉਪਰੰਤ ਕਾਰਨਾਂ ਦੀ ਪੜਚੋਲ ਕਰਦੀ ਸਿਧਾਂਤਕ ਸੂਝ ਵਾਲੀ ਅਤਰਜੀਤ ਹੋਰਾਂ ਦੀ ਵਾਰਤਾ ਨੂੰ ਚਰਚਾ ਲਈ ਭਖ਼ਾਇਆ। ਨੌਜਵਾਨ ਲੇਖਕ ਅਵਤਾਰ ਅਸ਼ਨ, ਭਰਤ ਜੀਦਾ ਐਡਵੋਕੇਟ, ਡਾ: ਕੇਵਲ ਕ੍ਰਿਸ਼ਨ ਸਿੰਗਲਾ, ਕੁਲਤਾਰ ਕੇਵਲ, ਮਾ: ਬਸੰਤ ਸਿੰਘ, ਅੰਮ੍ਰਿਤ ਬੰਗੇ ਹੋਰਾਂ ਨੇ ਬੜੀ ਦਿਲਚਸਪੀ ਨਾਲ ਚਰਚਾ ਵਿੱਚ ਹਿੱਸਾ ਲਿਆ। ਜਨਮ ਦਿਨ ਦਾ ਕੇਕ ਕੱਟਣ ਤੋਂ ਬਾਅਦ ‘ਜੀਵੇਮ ਸ਼ਰਦ ਸ਼ਤੰਮ’ ਭਾਵ ਸੌ ਸਾਲ ਜਿਉਣ ਦੀ ਆਸ ਨਾਲ ਇਹ ਸਮਾਗਮ ਅਖ਼ੀਰਲੇ ਪੜਾਅ ਵੱਲ ਵਧਿਆ ਤਾਂ ਅਤਰਜੀਤ ਨੇ ਭਾਵੁਕ ਹੁੰਦਿਆਂ ਸਭਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ‘ਤੁਸੀਂ ਮੇਰੇ ਮਗਰ ਆਇਓ’ ਇਹ ਸਮਾਜਿਕ ਸਾਰੋਕਾਰ ਰੱਖਦੀ ਵਡੇਰਿਆਂ ਦੀ ਅਜਿਹੀ ਟਿੱਪਣੀ ਸੀ, ਜਿਸਨੇ ਮਾਹੌਲ ਸੰਜੀਦਾ ਕਰ ਦਿੱਤਾ। ਡਾ: ਸੁਖਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਅਤਰਜੀਤ ਹੁਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜੀਤ ਸਿੰਘ ਸਰਪੰਚ ਵੀ ਹਾਜ਼ਰ ਸਨ। ਅੰਤ ਵਿੱਚ ਬਲਵਿੰਦਰ ਸਿੰਘ ਭੁੱਲਰ ਨੇ ਆਪਣੀਆਂ ਪੁਸਤਕਾਂ ਦਾ ਸੈੱਟ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਲਈ ਡਾ: ਕੇਵਲ ਕ੍ਰਿਸ਼ਨ ਸਿੰਗਲਾ ਨੂੰ ਭੇਂਟ ਕੀਤਾ। ਇਹ ਸੰਖੇਪ ਜਿਹਾ ਸਮਾਗਮ ਯਾਦਗਾਰੀ ਹੋ ਨਿਬੜਿਆ।