ਠੰਢ ਵਧਣ ਨਾਲ ਕਣਕ ਦੀ ਫ਼ਸਲ ਨੂੰ ਹੋਵੇਗਾ ਲਾਭ, ਵਧੇਗਾ ਝਾੜ
ਠੰਢ ਵਧਣ ਨਾਲ ਕਣਕ ਦੀ ਫਸਲ ਨੂੰ ਵੱਡਾ ਲਾਭ, ਪੈਦਾਵਾਰ ਵਧਣ ਦੀ ਆਸ ਮਜ਼ਬੂਤ
Publish Date: Fri, 02 Jan 2026 05:06 PM (IST)
Updated Date: Sat, 03 Jan 2026 04:05 AM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ’ਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਕਣਕ ਦੀ ਫਸਲ ਲਈ ਵਰਦਾਨ ਸਾਬਤ ਹੋ ਰਹੀ ਹੈ। ਖੇਤੀਬਾੜੀ ਮਾਹਿਰਾਂ ਅਨੁਸਾਰ ਦਸੰਬਰ ਤੇ ਜਨਵਰੀ ਮਹੀਨੇ ਦੌਰਾਨ ਠੰਢ ਪੈਣ ਨਾਲ ਕਣਕ ਦੀ ਵਾਧਾ ਪ੍ਰਕਿਰਿਆ ਸੁਚੱਜੇ ਢੰਗ ਨਾਲ ਹੁੰਦੀ ਹੈ, ਜਿਸ ਨਾਲ ਪੈਦਾਵਾਰ ਅਤੇ ਦਾਣਿਆਂ ਦੀ ਗੁਣਵੱਤਾ ਦੋਵਾਂ ਵਿੱਚ ਸੁਧਾਰ ਆਉਂਦਾ ਹੈ। ਮੌਜੂਦਾ ਹਾਲਾਤ ਨੂੰ ਵੇਖਦਿਆਂ ਕਿਸਾਨਾਂ ’ਚ ਇਸ ਵਾਰ ਚੰਗੀ ਫਸਲ ਦੀ ਆਸ ਬਣੀ ਹੋਈ ਹੈ। ਖੇਤੀ ਵਿਭਾਗ ਦੇ ਅਧਿਕਾਰੀਆਂ ਅਨੁਸਸਾਰ ਠੰਢ ਪੈਣ ਨਾਲ ਕਣਕ ਵਿੱਚ ਟਿਲਰਿੰਗ ਪ੍ਰਕਿਰਿਆ ਤੇਜ਼ ਹੁੰਦੀ ਹੈ, ਜੋ ਕਿ ਵੱਧ ਗਿਣਤੀ ਵਿੱਚ ਸਿੱਟੇ ਨਿਕਲਣ ਲਈ ਬਹੁਤ ਜ਼ਰੂਰੀ ਹੈ। ਇਸ ਸਮੇਂ ਕਣਕ ਦੇ ਪੌਦੇ ਹਰੇ-ਭਰੇ ਅਤੇ ਤੰਦਰੁਸਤ ਦਿਸ ਰਹੇ ਹਨ, ਜੋ ਮਜ਼ਬੂਤ ਫਸਲ ਦੀ ਨਿਸ਼ਾਨੀ ਹਨ। ਜੇਕਰ ਅਗਲੇ ਕੁਝ ਹਫ਼ਤਿਆਂ ਤਕ ਤਾਪਮਾਨ ਹੇਠਾਂ ਹੀ ਬਣਿਆ ਰਿਹਾ ਤਾਂ ਕਣਕ ਦੀ ਫਸਲ ਹੋਰ ਮਜ਼ਬੂਤ ਹੋਵੇਗੀ। ਕਿਸਾਨਾਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਮੌਸਮੀ ਬਦਲਾਵਾਂ ਕਾਰਨ ਕਣਕ ਦੀ ਫਸਲ ਨੂੰ ਨੁਕਸਾਨ ਝੱਲਣਾ ਪਿਆ ਸੀ, ਪਰ ਇਸ ਵਾਰ ਠੰਢ ਸਮੇਂ ਸਿਰ ਪੈਣ ਕਾਰਨ ਉਮੀਦਾਂ ਵਧ ਗਈਆਂ ਹਨ। ਖੇਤਾਂ ’ਚੋਂ ਮਿੱਟੀ ’ਚ ਲੁੜੀਂਦੀ ਨਮੀ ਮੌਜੂਦ ਹੈ ਤੇ ਬੂਟਿਆਂ ਦੀ ਵਾਧਾ ਦਰ ਵੀ ਸੰਤੋਸ਼ਜਨਕ ਹੈ। ਕਈ ਕਿਸਾਨਾਂ ਨੇ ਦੱਸਿਆ ਕਿ ਫਸਲ ਦੀ ਹਾਲਤ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਬਿਹਤਰ ਹੈ। ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਠੰਢ ਦੇ ਮੌਸਮ ਵਿੱਚ ਸਿੰਚਾਈ ਸੰਭਲ ਕੇ ਕਰਨ। ਜ਼ਰੂਰਤ ਤੋਂ ਵੱਧ ਪਾਣੀ ਦੇਣ ਨਾਲ ਕਣਕ ਦੀਆਂ ਜੜ੍ਹਾਂ ਕਮਜ਼ੋਰ ਹੋ ਸਕਦੀਆਂ ਹਨ। ਇਸ ਲਈ ਹਲਕੀ ਤੇ ਸਮੇਂ-ਸਿਰ ਸਿੰਚਾਈ ਜ਼ਿਆਦਾ ਲਾਭਦਾਇਕ ਰਹਿੰਦੀ ਹੈ। ਨਾਲ ਹੀ ਖਾਦਾਂ ਦੀ ਵਰਤੋਂ ਵੀ ਮਾਹਿਰਾਂ ਦੀ ਸਲਾਹ ਅਨੁਸਾਰ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਨਾਲ ਹੀ ਠੰਢ ਵਧਣ ਨਾਲ ਕਣਕ ’ਚ ਲੱਗਣ ਵਾਲੀਆਂ ਬਿਮਾਰੀਆਂ ਤੇ ਕੀੜਿਆਂ ਦਾ ਪ੍ਰਭਾਵ ਘਟ ਜਾਂਦਾ ਹੈ, ਜਿਸ ਨਾਲ ਕਿਸਾਨਾਂ ਨੂੰ ਕੀਟਨਾਸ਼ਕਾਂ ‘ਤੇ ਘੱਟ ਖਰਚ ਕਰਨਾ ਪੈਂਦਾ ਹੈ। ਇਸ ਨਾਲ ਉਤਪਾਦਨ ਦੀ ਲਾਗਤ ਘਟਣ ਦੇ ਨਾਲ-ਨਾਲ ਫਸਲ ਦੀ ਗੁਣਵੱਤਾ ਵੀ ਬਿਹਤਰ ਹੁੰਦੀ ਹੈ। ਮਾਹਿਰਾਂ ਅਨੁਸਾਰ ਜੇਕਰ ਪਾਲੇ ਦੀ ਅਤਿ ਜਾਂ ਅਚਾਨਕ ਤਾਪਮਾਨ ਵਿੱਚ ਵਾਧਾ ਨਾ ਹੋਇਆ ਤਾਂ ਕਣਕ ਦੀ ਫਸਲ ਲਈ ਮੌਸਮ ਅਗਲੇ ਸਮੇਂ ਤਕ ਅਨੁਕੂਲ ਰਹੇਗਾ।