- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਜਾਇਜ਼ ਅਸਲੇ ਸਮੇਤ ਦੋ ਵਿਅਕਤੀ ਗ੍ਰਿਫਤਾਰ, 9 ਐਮਐਮ ਅਤੇ 30 ਬੋਰ ਪਿਸਟਲ ਬਰਾਮਦ

-9 ਐੱਮਐੱਮ ਤੇ 30 ਬੋਰ ਦਾ ਪਿਸਤੌਲ ਵੀ ਕੀਤਾ ਬਰਾਮਦ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਸਥਾਨਕ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋਵਾਂ ਮੁਲਜ਼ਮ ਕੋਲੋਂ 9 ਐਮਐਮ ਗਲੋਕ ਅਤੇ ਇਕ 30 ਬੋਰ ਪਿਸਟਲ ਬਰਾਮਦ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 9 ਐਮਐਮ ਪਿਸਟਲ ਦੇ ਚਾਰ ਜਿੰਦਾ ਕਾਰਤੂਸ ਅਤੇ 30 ਬੋਰ ਦੇ ਤਿੰਨ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਫੜੇ ਗਏ ਮੁਲਜ਼ਮਾਂ ਵਿੱਚੋਂ ਇਕ ਕੇਸ ਵਿੱਚ ਭਗੌੜਾ ਚੱਲ ਰਿਹਾ ਸੀ। ਜਾਣਕਾਰੀ ਅਨੁਸਾਰ ਸੀਆਈਏ ਸਟਾਫ ਦੋ ਦੀ ਪੁਲਿਸ ਨੇ ਰਿੰਗ ਰੋਡ ਇਕ ਬਠਿੰਡਾ ’ਤੇ ਇਕ ਸ਼ੱਕੀ ਵਿਅਕਤੀ ਦੀ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 9 ਐਮਐਮ ਪਿਸਟਲ ਅਤੇ ਚਾਰ ਜਿੰਦਾ ਕਾਰਤੂਸ ਬਰਾਮਦ ਕੀਤੇ। ਪੁਲਿਸ ਪਾਰਟੀ ਨੇ ਮੁਲਜ਼ਮ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਿਸ ਦੀ ਪਛਾਣ ਸ਼ੇਰ ਸਿੰਘ ਵਾਸੀ ਪਿੰਡ ਬਣੀਏ ਕੇ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਜੋਂ ਹੋਈ ਹੈ। ਸੀਆਈਏ ਸਟਾਫ ਦੇ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹ ਬਠਿੰਡਾ ਵਿੱਚ ਨਜਾਇਜ਼ ਅਸਲ ਲੈ ਕੇ ਕਿਉਂ ਘੁੰਮ ਰਿਹਾ ਸੀ ਅਤੇ ਉਸਨੇ ਕਿਸ ਵਾਰਦਾਤ ਨੂੰ ਅੰਜਾਮ ਦੇਣਾ ਸੀ। ਮੁਲਜ਼ਮ ਖਿਲਾਫ਼ ਥਾਣਾ ਸਿਵਲ ਲਾਇਨ ਵਿਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਪਿਛਲੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਸ ਤਰ੍ਹਾਂ ਹੀ ਥਾਣਾ ਸੰਗਤ ਪੁਲਿਸ ਅਤੇ ਏਜੀਟੀਐੱਫ ਦੀ ਸਾਂਝੀ ਟੀਮ ਨੇ ਕਾਰਵਾਈ ਕਰਦੇ ਹੋਏ ਇੱਕ ਭਗੌੜੇ ਮੁਲਜ਼ਮ ਨੂੰ ਗੈਰ-ਕਾਨੂੰਨੀ ਹਥਿਆਰ ਸਮੇਤ ਕਾਬੂ ਕੀਤਾ ਹੈ। ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਬਰਾਡ਼ ਨੇ ਦੱਸਿਆ ਕਿ ਐਸਐਸਪੀ ਬਠਿੰਡਾ ਦੇ ਹੁਕਮਾਂ ਅਨੁਸਾਰ ਨਸ਼ੇ ਖ਼ਿਲਾਫ਼ ਖਾਸ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ 4 ਮਾਰਚ 2026 ਨੂੰ ਸਬ-ਇੰਸਪੈਕਟਰ ਪਰਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਥਾਣਾ ਸੰਗਤ ਇਲਾਕੇ ਵਿੱਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਜੱਸੀ ਬਾਗਵਾਲੀ ਇਲਾਕੇ ਵਿੱਚ ਨਾਕੇਬੰਦੀ ਕੀਤੀ ਗਈ ਸੀ।
ਇਸ ਦੌਰਾਨ ਸੀਨੀਅਰ ਸਿਪਾਹੀ ਰਾਜਿੰਦਰ ਸਿੰਘ ਨੇ ਸੂਚਨਾ ਮਿਲੀ ਕਿ ਥਾਣਾ ਕੈਂਟ ਵਿੱਚ ਦਰਜ ਇਕ ਮਾਮਲੇ ਵਿੱਚ ਭਗੌੜਾ ਚੱਲ ਰਿਹਾ ਮੁਲਜ਼ਮ ਸੁਖਦੇਵ ਰਾਮ ਉਰਫ਼ ਸੈਹਬੀ ਪੁੱਤਰ ਨੈਬ ਰਾਮ ਵਾਸੀ ਰੁਲਦੂ ਸਿੰਘ ਵਾਲਾ, ਜੱਸੀ ਬਾਗਵਾਲੀ ਦੇ ਰਸਤੇ ਪੱਕਾ ਕਲਾ ਵੱਲ ਆ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਨੇ ਜੱਸੀ ਬਾਗਵਾਲੀ ਤੋਂ ਪੱਕਾ ਕਲਾ ਲਿੰਕ ਰੋਡ ’ਤੇ ਪੁਲ ਹੇਠਾਂ ਨਾਕਾਬੰਦੀ ਕਰ ਲਈ। ਕੁਝ ਸਮੇਂ ਬਾਅਦ ਇਕ ਨੌਜਵਾਨ ਪੱਕੀ ਥੜੀ ’ਤੇ ਗੱਡੀ ਦੀ ਲਾਈਟ ਜਲਾ ਕੇ ਬੈਠਿਆ ਦਿਸਿਆ। ਪੁਲਿਸ ਟੀਮ ਨੂੰ ਦੇਖ ਕੇ ਉਹ ਘਬਰਾ ਗਿਆ। ਸ਼ੱਕ ਦੇ ਆਧਾਰ ’ਤੇ ਉਸਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਨਾਮ ਸੁਖਦੇਵ ਰਾਮ ਉਰਫ਼ ਸੈਹਬੀ ਦੱਸਿਆ। ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਇਕ .30 ਬੋਰ ਪਿਸਤੌਲ ਅਤੇ 3 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਪੁਲਿਸ ਨੇ ਮੁਲਜ਼ਮ ਦੇ ਖ਼ਿਲਾਫ਼ ਥਾਣਾ ਸੰਗਤ ਵਿੱਚ ਮੁਕੱਦਮਾ ਨੰਬਰ 46, ਮਿਤੀ 04.03.2026 ਅਧੀਨ ਆਰਮਜ਼ ਐਕਟ ਦੀਆਂ ਧਾਰਾਵਾਂ 25, 54 ਤੇ 59 ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸਦੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।