- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਜੀਟੀਐਫ ਤੇ ਬਠਿੰਡਾ ਪੁਲਿਸ ਦਾ ਸਾਂਝਾ ਐਕਸ਼ਨ, ਦਿੱਲੀ ਤੋਂ ਲਿਆਂਦੇ ਨਾਜਾਇਜ਼ ਅਸਲੇ ਸਣੇ 2 ਕਾਬੂ

-ਡੀਜੀਪੀ ਪੰਜਾਬ ਦਾ ਖ਼ੁਲਾਸਾ : ਸ਼ਹਿਰ ਦਾ ਨਾਮਵਰ ਕਾਰੋਬਾਰੀ ਸੀ ਨਿਸ਼ਾਨੇ ’ਤੇ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਐਂਟੀ-ਗੈਂਗਸਟਰ ਟਾਸਕ ਫੋਰਸ ਪੰਜਾਬ ਅਤੇ ਬਠਿੰਡਾ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਦੋ ਨੌਜਵਾਨਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੀ ਮੁੱਢਲੀ ਪੜਤਾਲ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਫੜੇ ਗਏ ਇਨ੍ਹਾਂ ਮੁਲਜ਼ਮਾਂ ਦੇ ਨਿਸ਼ਾਨੇ 'ਤੇ ਸ਼ਹਿਰ ਦਾ ਇਕ ਵੱਡਾ ਵਪਾਰੀ ਸੀ ਤੇ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਇਕ ਪੁਖਤਾ ਸੋਚਨਾ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਸ਼ਹਿਰ ਦੀ ਪਟਾਂ ਮਾਰਕੀਟ ’ਚੋਂ ਗ੍ਰਿਫਤਾਰ ਕੀਤਾ ਗਿਆ ਹੈ। ਕਥਿਤ ਦੋਸ਼ੀਆਂ ਖਿਲਾਫ ਥਾਣਾ ਕੋਤਵਾਲੀ ਵਿਖੇ ਅਸਲਾ ਐਕਟ ਅਤੇ ਹੋਰ ਵੱਖ-ਵੱਖ ਸੰਗੀਨ ਧਾਰਾਵਾਂ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਉਕਤ ਮਾਮਲੇ ਦੀ ਤਫਤੀਸ਼ ਸਹਾਇਕ ਥਾਣੇਦਾਰ ਕੌਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਇਸ ਸਬੰਧੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਆਪਣੇ ਟਵਿੱਟਰ ਹੈਂਡਲ 'ਤੇ ਜਾਣਕਾਰੀ ਦਿੱਤੀ ਕਿ ਪੁਲਿਸ ਦੀ ਇਸ ਮੁਸਤੈਦੀ ਸਦਕਾ ਸ਼ਹਿਰ ਵਿੱਚ ਇਕ ਸੰਭਾਵੀ ਅਪਰਾਧਿਕ ਘਟਨਾ ਨੂੰ ਸਮੇਂ ਸਿਰ ਟਾਲ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਜੈਕੀ ਕੁਮਾਰ ਉਰਫ਼ ਜੈਕੀ ਅਤੇ ਵਿਕਾਸ ਅਰੋੜਾ ਵਜੋਂ ਹੋਈ ਹੈ। ਪੁਲਿਸ ਨੂੰ ਇਨ੍ਹਾਂ ਦੀਆਂ ਸ਼ੱਕੀ ਸਰਗਰਮੀਆਂ ਬਾਰੇ ਖੁਫ਼ੀਆ ਜਾਣਕਾਰੀ ਮਿਲੀ ਸੀ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਘੇਰਾਬੰਦੀ ਕਰਕੇ ਇਨ੍ਹਾਂ ਨੂੰ ਦਬੋਚ ਲਿਆ। ਜਾਂਚ ਦੌਰਾਨ ਖ਼ੁਲਾਸਾ ਹੋਇਆ ਕਿ ਇਹ ਮੁਲਜ਼ਮ ਸ਼ਹਿਰ ਦੇ ਇਕ ਨਾਮੀ ਕਾਰੋਬਾਰੀ ਦੀ ਰੇਕੀ ਕਰ ਰਹੇ ਸਨ। ਪੁਲਿਸ ਅਨੁਸਾਰ ਮੁਲਜ਼ਮ ਵਿਕਾਸ ਅਰੋੜਾ ਦਾ ਪਿਛੋਕੜ ਅਪਰਾਧਿਕ ਹੈ ਅਤੇ ਉਸ ਵਿਰੁੱਧ ਪਹਿਲਾਂ ਹੀ ਘਰੇਲੂ ਹਿੰਸਾ ਸਮੇਤ ਕਈ ਹੋਰ ਸੰਗੀਨ ਮਾਮਲੇ ਦਰਜ ਹਨ। ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਵਾਰਦਾਤ ਲਈ ਵਰਤੇ ਜਾਣ ਵਾਲੇ ਹਥਿਆਰ ਖ਼ਾਸ ਤੌਰ 'ਤੇ ਦਿੱਲੀ ਤੋਂ ਖ਼ਰੀਦ ਕੇ ਲਿਆਂਦੇ ਗਏ ਸਨ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ 02 ਦੇਸੀ ਪਿਸਤੌਲ (.32 ਬੋਰ), ਮੈਗਜ਼ੀਨ ਅਤੇ 4 ਜਿਊਂਦੇ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਤਾਂ ਜੋ ਇਨ੍ਹਾਂ ਦੇ ਬਾਕੀ ਸਾਥੀਆਂ ਅਤੇ ਹਥਿਆਰ ਸਪਲਾਈ ਕਰਨ ਵਾਲੇ ਲਿੰਕਾਂ ਦਾ ਪਤਾ ਲਗਾਇਆ ਜਾ ਸਕੇ। ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਦੌਰਾਨ ਕੀਤੀ ਜਾਣ ਵਾਲੀ ਪੁੱਛਗਿਛ ਵਿੱਚ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਕਾਊਂਟਰ ਇੰਟੈਲੀਜੈਂਸ ਨੇ ਦੋ ਨੌਜਵਾਨਾਂ ਹੈਡ ਗ੍ਰਨੇਡਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਦੀ ਵਰਤੋਂ ਬਠਿੰਡਾ ਸ਼ਹਿਰ ’ਚ ਕੀਤੀ ਜਾਣੀ ਸੀ।