- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ’ਚ ਬਾਹਰਲੇ ਸੂਬਿਆਂ ਤੋਂ ਨਜਾਇਜ਼ ਅਸਲੇ ਦੀ ਸਪਲਾਈ ਵਧੀ, ਭਾਰੀ ਮਾਤਰ ਅਸਲੇ ਦੀ ਬਰਾਮਦਗੀ ਤੋਂ ਖੁਲ੍ਹ ਰਹੇ ਤਸਕਰੀ ਦੇ ਰਾਜ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਵਿੱਚ ਇਕ ਪਾਸੇ ਸਰਹੱਦ ਪਾਰ ਤੋਂ ਨਜਾਇਜ਼ ਅਸਲਾ ਆਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਉੱਥੇ ਹੀ ਹੁਣ ਬਠਿੰਡਾ ਜ਼ਿਲ੍ਹੇ ਵਿੱਚ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਤੋਂ ਨਾਜਾਇਜ਼ ਹਥਿਆਰਾਂ ਦੀ ਸਪਲਾਈ ਹੋਣ ਦੇ ਸੰਕੇਤ ਮਿਲ ਰਹੇ ਹਨ। ਪਿਛਲੇ ਕੁਝ ਦਿਨਾਂ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਵੱਡੀ ਮਾਤਰਾ ਵਿੱਚ ਫੜੇ ਗਏ ਨਾਜਾਇਜ਼ ਅਸਲੇ ਨੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ ਤੇ ਇਹ ਸਪੱਸ਼ਟ ਹੋ ਗਿਆ ਹੈ ਕਿ ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਪੰਜਾਬ ਨੂੰ ਇਕ ਵੱਡੀ ਮਾਰਕੀਟ ਮੰਨ ਰਹੇ ਹਨ। ਪੁਲਿਸ ਵੱਲੋਂ ਹਾਲ ਹੀ ਵਿੱਚ ਕੀਤੀਆਂ ਕਾਰਵਾਈਆਂ ਦੌਰਾਨ ਕਈ ਥਾਵਾਂ ਤੋਂ ਪਿਸਤੌਲ, ਰਿਵਾਲਵਰ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਇਨ੍ਹਾਂ ਬਰਾਮਦਗੀਆਂ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਨਾਜਾਇਜ਼ ਅਸਲਾ ਸਿਰਫ਼ ਸਰਹੱਦੀ ਇਲਾਕਿਆਂ ਰਾਹੀਂ ਹੀ ਨਹੀਂ, ਸਗੋਂ ਹੋਰ ਸੂਬਿਆਂ ਤੋਂ ਵੀ ਪੰਜਾਬ ਵਿੱਚ ਲਿਆਂਦਾ ਜਾ ਰਿਹਾ ਹੈ। ਪੁਲਿਸ ਜਾਂਚ ਵਿੱਚ ਇਹ ਸੰਕੇਤ ਮਿਲ ਰਹੇ ਹਨ ਕਿ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਤਿਆਰ ਹੋਣ ਵਾਲੇ ਗੈਰ-ਕਾਨੂੰਨੀ ਹਥਿਆਰਾਂ ਨੂੰ ਤਸਕਰੀ ਦੇ ਜਾਲ ਰਾਹੀਂ ਪੰਜਾਬ ਤਕ ਪਹੁੰਚਾਇਆ ਜਾ ਰਿਹਾ ਹੈ। ਬਠਿੰਡਾ ਜ਼ਿਲ੍ਹੇ ਦੀ ਭੂਗੋਲਿਕ ਸਥਿਤੀ ਵੀ ਇਸ ਸਮੱਸਿਆ ਦਾ ਇਕ ਵੱਡਾ ਕਾਰਨ ਮੰਨੀ ਜਾ ਰਹੀ ਹੈ। ਬਠਿੰਡਾ ਦੀਆਂ ਸਰਹੱਦਾਂ ਹਰਿਆਣਾ ਤੇ ਰਾਜਸਥਾਨ ਨਾਲ ਲੱਗਦੀਆਂ ਹਨ, ਜਿਸ ਕਰਕੇ ਤਸਕਰਾਂ ਲਈ ਇਕ ਸੂਬੇ ਤੋਂ ਦੂਜੇ ਸੂਬੇ ਵਿੱਚ ਹਥਿਆਰ ਲਿਜਾਣਾ ਆਸਾਨ ਹੋ ਜਾਂਦਾ ਹੈ। ਕਈ ਵਾਰ ਇਹ ਹਥਿਆਰ ਪਹਿਲਾਂ ਹੋਰ ਸੂਬਿਆਂ ਵਿੱਚ ਪਹੁੰਚਾਏ ਜਾਂਦੇ ਹਨ ਅਤੇ ਉੱਥੋਂ ਛੋਟੇ-ਛੋਟੇ ਰੂਟਾਂ ਰਾਹੀਂ ਪੰਜਾਬ ਦੇ ਅੰਦਰ ਤਸਕਰੀ ਕਰ ਦਿੱਤੇ ਜਾਂਦੇ ਹਨ।
ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਨਜਾਇਜ਼ ਹਥਿਆਰਾਂ ਦੀ ਇਹ ਸਪਲਾਈ ਅਪਰਾਧਿਕ ਗਿਰੋਹਾਂ ਅਤੇ ਗੈਂਗਸਟਰ ਗਰੁੱਪਾਂ ਦੀ ਮੰਗ ਕਾਰਨ ਵਧ ਰਹੀ ਹੈ। ਗੈਂਗਵਾਰ, ਲੁੱਟਖੋਹ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਇਹ ਹਥਿਆਰ ਵਰਤੇ ਜਾਂਦੇ ਹਨ। ਇਸ ਕਰਕੇ ਪੁਲਿਸ ਵੱਲੋਂ ਹੁਣ ਅਜਿਹੇ ਗਿਰੋਹਾਂ ਦੀ ਪਹਿਚਾਣ ਕਰਕੇ ਉਨ੍ਹਾਂ ਦੇ ਨੈੱਟਵਰਕ ਨੂੰ ਤੋੜਨ ਲਈ ਖ਼ਾਸ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਜ਼ਿਲ੍ਹੇ ਵਿੱਚ ਨਾਕਾਬੰਦੀ ਅਤੇ ਚੈਕਿੰਗ ਵਧਾ ਦਿੱਤੀ ਗਈ ਹੈ। ਖ਼ਾਸ ਕਰਕੇ ਉਨ੍ਹਾਂ ਸੜਕਾਂ ਅਤੇ ਰੂਟਾਂ ਤੇ ਨਿਗਰਾਨੀ ਕੀਤੀ ਜਾ ਰਹੀ ਹੈ ਜਿਹੜੀ ਹਰਿਆਣਾ ਤੇ ਰਾਜਸਥਾਨ ਰਾਹੀਂ ਬਠਿੰਡਾ ਵਿੱਚ ਦਾਖ਼ਲ ਹੁੰਦੇ ਹਨ। ਇਸ ਦੇ ਨਾਲ ਹੀ ਖ਼ੁਫ਼ੀਆ ਏਜੰਸੀਆਂ ਵੀ ਸਰਗਰਮ ਹੋ ਗਈਆਂ ਹਨ ਅਤੇ ਨਜਾਇਜ਼ ਅਸਲੇ ਦੀ ਤਸਕਰੀ ਕਰਨ ਵਾਲੇ ਗਿਰੋਹਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਹੀਆਂ ਹਨ। ਹਾਲੀਆ ਬਰਾਮਦਗੀਆਂ ਨੇ ਇੱਕ ਵੱਡੇ ਨੈੱਟਵਰਕ ਵੱਲ ਇਸ਼ਾਰਾ ਕੀਤਾ ਹੈ ਅਤੇ ਸੰਭਵ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਗ੍ਰਿਫਤਾਰੀਆਂ ਹੋਣ। ਗ੍ਰਿਫਤਾਰ ਕੀਤੇ ਗਏ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹ ਹਥਿਆਰ ਕਿੱਥੋਂ ਲਿਆਂਦੇ ਗਏ ਅਤੇ ਇਨ੍ਹਾਂ ਨੂੰ ਕਿਹੜੇ ਲੋਕਾਂ ਤਕ ਪਹੁੰਚਾਇਆ ਜਾਣਾ ਸੀ। ਸੁਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਨਜਾਇਜ਼ ਹਥਿਆਰਾਂ ਦੀ ਤਸਕਰੀ ਨੂੰ ਸਮੇਂ ਸਿਰ ਨਾ ਰੋਕਿਆ ਤਾਂ ਇਹ ਕਾਨੂੰਨ-ਵਿਵਸਥਾ ਲਈ ਵੱਡੀ ਚੁਣੌਤੀ ਬਣ ਸਕਦੀ ਹੈ। ਇਸ ਲਈ ਲੋੜ ਹੈ ਕਿ ਸਰਹੱਦੀ ਇਲਾਕਿਆਂ ਦੇ ਨਾਲ-ਨਾਲ ਹੋਰ ਸੂਬਿਆਂ ਤੋਂ ਆਉਣ ਵਾਲੇ ਰੂਟਾਂ ਤੇ ਵੀ ਸਖ਼ਤ ਨਿਗਰਾਨੀ ਰੱਖੀ ਜਾਵੇ।
-ਬਾਕਸ-
-ਕਦੋਂ-ਕਦੋਂ ਬਰਾਮਦ ਹੋਏ ਹਥਿਆਰ
17 ਮਾਰਚ ਨੂੰ ਏਜਟੀਐੱਫ ਅਤੇ ਕਾਊਂਟਰ ਇੰਟੈਲੀਜੈਂਸ ਨੇ 2 ਹੈਂਡ ਗ੍ਰਨੇਡਾਂ ਸਮੇਤ ਕਥਿਤ ਦੋਸ਼ੀ ਬੂਟਾ ਸਿੰਘ ਅਤੇ ਹਰਮੰਦਰ ਸਿੰਘ ਨੂੰ ਦਬੋਚਿਆ ਸੀ। ਸੂਤਰਾਂ ਮੁਤਾਬਕ ਇਹ ਗ੍ਰਨੇਡ ਸਰਹੱਦ ਪਾਰ ਦੀ ਸਪਲਾਈ ਚੇਨ ਦਾ ਹਿੱਸਾ ਸਨ। ਇੰਨ੍ਹਾਂ ਗ੍ਰਨੇਡਾਂ ਦੀ ਵਰਤੋਂ ਬਠਿੰਡਾ ਵਿਚ ਕੀਤੀ ਜਾਣੀ ਸੀ। 21 ਮਾਰਚ ਨੂੰ ਏਜੀਟੀਐੱਫ ਅਤੇ ਬਠਿੰਡਾ ਪੁਲਿਸ . ਵੱਲੋਂ ਕੀਤੀ ਗਈ ਤਾਜ਼ਾ ਕਾਰਵਾਈ ਦੌਰਾਨ 2 ਨਜਾਇਜ਼ ਪਿਸਤੌਲ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਮੁਲਜ਼ਮਾਂ ਦੀ ਪਛਾਣ ਜੈਕੀ ਕੁਮਾਰ ਉਰਫ਼ ਜੈਕੀ ਅਤੇ ਵਿਕਾਸ ਅਰੋੜਾ ਵਜੋਂ ਹੋਈ ਹੈ। 26 ਫਰਵਰੀ ਨੂੰ ਥਾਣਾ ਸਿਵਲ ਲਾਈਨ ਪੁਲਿਸ ਨੇ ਕਥਿਤ ਦੋਸ਼ੀ ਮਨਿੰਦਰ ਸਿੰਘ ਉਰਫ਼ ਸਰਪੰਚ ਕੋਲੋਂ 09 ਦੇਸੀ ਪਿਸਤੌਲ ਤੇ ਮੈਗਜ਼ੀਨ ਬਰਾਮਦ ਕੀਤੇ ਸਨ। 10 ਮਾਰਚ ਨੂੰ ਥਾਣਾ ਸਦਰ ਪੁਲਿਸ ਨੇ ਬੀੜ ਤਲਾਬ ਨੇੜੇ ਕਥਿਤ ਦੋਸ਼ੀ ਅਕਾਸ਼ਦੀਪ ਸਿੰਘ ਕੋਲੋਂ 2 ਪਿਸਤੌਲ (32 ਬੋਰ) ਅਤੇ ਅਫ਼ੀਮ ਦੇ ਬੂਟੇ ਬਰਾਮਦ ਕੀਤੇ ਸਨ। ਇਸ ਤਰ੍ਹਾਂ ਹੀ ਪੁਲਿਸ ਨੇ ਗੋਨਿਆਣਾ ਰੋਡ ਤੋਂ ਤਿੰਨ ਨੌਜਵਾਨਾਂ ਨੂੰ ਚਾਰ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ, ਜਿੰਨ੍ਹਾਂ ਦੀ ਪਛਾਣ ਕੁਲਦੀਪ ਸਿੰਘ, ਗੁਰਵਿੰਦਰ ਸਿੰਘ ਤੇ ਗਗਨਦੀਪ ਸਿੰਘ ਵਜੋਂ ਹੋਈ ਸੀ। ਪੁਲਿਸ ਨੇ ਇੰਨ੍ਹਾਂ ਕੋਲੋ ਇਕ ਗਲੌਕ, ਦੋ 32 ਬੋਰ ਅਤੇ ਇਕ ਬਾਰਾ ਬੋਰ ਪਿਸਤੌਲ ਬਰਾਮਦ ਕੀਤਾ ਸੀ। ਇਸ ਤਰ੍ਹਾਂ ਹੀ ਰਣਜੀਤ ਸਿੰਘ ਸੱਪ ਕੋਲੋ ਪੁਲਿਸ ਨੇ 9 ਐਮਐਮ, 32 ਤੇ 12 ਬੋਰ ਪਿਸਤੌਲ ਬਰਾਮਦ ਕੀਤੇ ਸਨ। 17 ਫਰਵਰੀ ਨੂੰ ਕੋਤਵਾਲੀ ਪੁਲਿਸ ਨੇ ਰੇਲਵੇ ਸਟੇਸ਼ਨ ਨੇੜੇ ਪੁਲਿਸ ਮੁਕਾਬਲੇ ਦੌਰਾਨ ਕਥਿਤ ਦੋਸ਼ੀ ਨੀਰਜ ਕਾਲਾ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਸੀ।