ਸੜਕ ਹਾਦਸਿਆਂ ’ਚ ਦੋ ਦੀ ਮੌਤ, ਚਾਲਕ ਨਾਮਜ਼ਦ
ਸੜਕ ਹਾਦਸਿਆਂ ਵਿੱਚ ਦੋ ਦੀ ਮੌਤ, ਚਾਲਕ ਨਾਮਜ਼ਦ
Publish Date: Sat, 07 Mar 2026 04:36 PM (IST)
Updated Date: Sun, 08 Mar 2026 04:03 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਅੰਦਰ ਹੋਏ ਦੋ ਵੱਖ-ਵੱਖ ਸੜਕ ਹਾਦਸਿਆਂ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਚਾਲਕਾਂ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਰਿੰਕੂ ਸਿੰਘ ਵਾਸੀ ਕੋਠੇ ਬੋੜਾਂ ਵਾਲੇ ਜ਼ਿਲ੍ਹਾ ਫਰੀਦਕੋਟ ਨੇ ਦੱਸਿਆ ਕਿ ਉਸਦਾ ਜੀਜਾ ਗੁਲਜਾਰ ਸਿੰਘ ਵਾਸੀ ਗੋਨਿਆਣਾ ਕਲਾਂ ਆਪਣੇ ਮੋਟਰਸਾਈਕਲ ਨੰਬਰ ਪੀਬੀ 13 ਆਰ 5907 ’ਤੇ ਸਵਾਰ ਹੋ ਕੇ ਗੋਨਿਆਣਾ ਕਲਾਂ ਤੋਂ ਗੋਨਿਆਣਾ ਮੰਡੀ ਨੂੰ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਬਲਾਹੜ ਵਿੰਝੂ ਕੋਲ ਪੁੱਜਾ ਤਾਂ ਇਕ ਤੇਲ ਵਾਲੇ ਟੈਂਕਰ ਨੰਬਰ ਐਚਆਰ 37 ਈ 5702 ਨੇ ਬੜੀ ਤੇਜ਼ੀ ਨਾਲ ਆ ਕੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦਾ ਜੀਜਾ ਜਖਮੀ ਹੋ ਗਿਆ। ਪੀੜਤ ਨੇ ਦੱਸਿਆ ਕਿ ਟੈਂਕਰ ਦਾ ਟਾਇਰ ਗੁਲਜਾਰ ਸਿੰਘ ਦੇ ਮੂੰਹ ਉੱਪਰ ਦੀ ਗੁਜ਼ਰ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੀੜਤ ਨੇ ਦੱਸਿਆ ਕਿ ਟੈਂਕਰ ਨੂੰ ਜਸਵਿੰਦਰ ਸਿੰਘ ਵਾਸੀ ਜੀਦਾ ਚਲਾ ਰਿਹਾ ਸੀ, ਜਿਹੜਾ ਕਿ ਮੌਕੇ ਤੋਂ ਫਰਾਰ ਹੋ ਗਿਆ। ਇਸ ਤਰ੍ਹਾਂ ਹੀ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਜਸ਼ਨਦੀਪ ਸਿੰਘ ਵਾਸੀ ਨਰੂਆਣਾ ਨੇ ਜਾਣਕਾਰੀ ਦਿੱਤੀ ਕਿ ਉਹ ਅਤੇ ਰਾਮ ਕ੍ਰਿਸ਼ਨ ਨੇੜੇ ਕੋਟਲੀ ਫਾਟਕ ਸ਼ੈਲਰ ਵਿੱਚੋਂ ਝੋਨੇ ਦੀ ਫੱਕ ਭਰ ਕੇ ਟਰਾਈਡੈਂਟ ਕੰਪਨੀ ਧੌਲਾ ਬਰਨਾਲਾ ਜਾ ਰਹੇ ਸਨ। ਪੀੜਤ ਨੇ ਦੱਸਿਆ ਕਿ ਟਰੈਕਟਰ ਨੂੰ ਉਹ ਚਲਾ ਰਿਹਾ ਸੀ ਜਦੋਂ ਕਿ ਉਸ ਦੇ ਨਾਲ ਸਾਈਡ ਉੱਪਰ ਰਾਮ ਕਿਸ਼ਨ ਸਿੰਘ ਬੈਠਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਰਾਮਪੁਰਾ ਦੇ ਸ਼ੌਂਕੀ ਢਾਬੇ ਨੇੜੇ ਪੁੱਜੇ ਤਾਂ ਪਿੱਛੋਂ ਇਕ ਕੈਂਟਰ ਨੰਬਰ ਪੀਬੀ 03 ਬੀਡੀ 5529 ਨੇ ਬੜੀ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਭੂੰਗ ਵਾਲੀ ਟਰੈਕਟਰ ਟਰਾਲੀ ਨੂੰ ਕਰਾਸ ਕਰਦਿਆਂ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੈਕਟਰ ਪਲਟ ਗਿਆ ਅਤੇ ਰਾਮ ਕਿਸ਼ਨ ਹੇਠਾਂ ਡਿੱਗ ਪਿਆ, ਜਿਸ ਨੂੰ ਇਲਾਜ ਲਈ ਆਦੇਸ਼ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਸਿਟੀ ਰਾਮਪੁਰਾ ਦੇ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਕੈਂਟਰ ਚਾਲਕ ਮਨਦੀਪ ਸਿੰਘ ਵਾਸੀ ਬੀੜ ਬਹਿਮਨ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਪਰ ਅਜੇ ਤਕ ਉਸ ਦੀ ਗ੍ਰਿਫਤਾਰੀ ਨਹੀਂ ਹੋਈ।