ਸ਼ਹਿਰ ’ਚੋਂ ਦੋ ਲਾਸ਼ਾਂ ਬਰਾਮਦ, ਇਕ ਦੀ ਹੋਈ ਪਛਾਣ
ਸ਼ਹਿਰ ਵਿੱਚੋਂ ਮਿਲੀਆਂ ਦੋ ਲਾਸ਼ਾਂ, ਇਕ ਦੀ ਹੋਈ ਪਛਾਣ
Publish Date: Sat, 24 Jan 2026 04:59 PM (IST)
Updated Date: Sun, 25 Jan 2026 04:07 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਸ਼ਹਿਰ ਵਿੱਚੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਜਾਣਕਾਰੀ ਅਨੁਸਾਰ ਸਥਾਨਕ ਨਾਰਥ ਐਸਟੇਟ ਇਲਾਕੇ ਵਿੱਚ ਪੈਟਰੋਲ ਪੰਪ ਦੇ ਨੇੜੇ ਇਕ ਖਾਲੀ ਪਲਾਟ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਖਾਲੀ ਪਲਾਟ ਚਾਰਾਂ ਪਾਸਿਆਂ ਤੋਂ ਚਾਰਦੀਵਾਰੀ ਨਾਲ ਘਿਰਿਆ ਹੋਇਆ ਸੀ। ਸਵੇਰੇ ਸਹਾਰਾ ਦਫ਼ਤਰ ਨੂੰ ਇਸ ਸਬੰਧੀ ਸੂਚਨਾ ਮਿਲੀ, ਜਿਸ ਤੋਂ ਬਾਅਦ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਸੰਦੀਪ ਗਿੱਲ ਮੌਕੇ ’ਤੇ ਪੁੱਜੇ। ਸਹਾਰਾ ਟੀਮ ਨੇ ਦੀਵਾਰ ਟੱਪ ਕੇ ਪਲਾਟ ਅੰਦਰ ਜਾ ਕੇ ਵੇਖਿਆ ਤਾਂ ਉੱਥੇ ਕੂੜੇ ਦੇ ਢੇਰ ਉੱਤੇ ਇਕ ਨੌਜਵਾਨ ਦੀ ਲਾਸ਼ ਪਈ ਹੋਈ ਸੀ। ਨੌਜਵਾਨ ਸ਼ੱਕੀ ਹਾਲਾਤ ’ਚ ਮ੍ਰਿਤਕ ਪਾਇਆ ਗਿਆ। ਸਹਾਰਾ ਟੀਮ ਵੱਲੋਂ ਤੁਰੰਤ ਸਬੰਧਤ ਥਾਣਾ ਕੈਂਟ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਕੈਂਟ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤੇ ਘਟਨਾ ਸਥਾਨ ਦੀ ਜਾਂਚ ਕੀਤੀ। ਪੁਲਿਸ ਵੱਲੋਂ ਮੌਕੇ ’ਤੇ ਹੀ ਨੌਜਵਾਨ ਦੀ ਸ਼ਨਾਖ਼ਤ ਕਰਵਾ ਲਈ ਗਈ। ਮ੍ਰਿਤਕ ਦੀ ਪਛਾਣ ਦੇਵ ਪੁੱਤਰ ਸੰਜੇ ਉਮਰ ਲਗਭਗ 20 ਸਾਲ ਵਾਸੀ ਕਮਲਾ ਨੇਹਰੂ ਕਾਲੋਨੀ ਵਜੋਂ ਹੋਈ। ਸਹਾਰਾ ਟੀਮ ਨੇ ਪੁਲਿਸ ਕਾਰਵਾਈ ਉਪਰੰਤ ਨੌਜਵਾਨ ਦੀ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਸਵੇਰੇ ਕਰੀਬ 8 ਵਜੇ ਸਹਾਰਾ ਦਫ਼ਤਰ ਨੂੰ ਸੂਚਨਾ ਮਿਲੀ ਕਿ ਫੌਜੀ ਚੌਕ ਨੇੜੇ ਇਕ ਵਿਅਕਤੀ ਦੀ ਲਾਸ਼ ਪਈ ਹੋਈ ਹੈ। ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਵਿਕੀ ਕੁਮਾਰ ਅਤੇ ਸੰਦੀਪ ਗਿੱਲ ਤੁਰੰਤ ਮੌਕੇ ’ਤੇ ਪਹੁੰਚੇ। ਜਾਣਕਾਰੀ ਅਨੁਸਾਰ ਮ੍ਰਿਤਕ ਇਕ ਭਿਖਾਰੀ ਸੀ, ਜੋ ਫੁੱਟਪਾਥ ’ਤੇ ਰਹਿੰਦਾ ਸੀ ਅਤੇ ਮੀਂਹ ਕਾਰਨ ਠੰਢ ਤੇ ਭਿੱਜਣ ਨਾਲ ਉਸਦੀ ਮੌਤ ਹੋ ਗਈ। ਮ੍ਰਿਤਕ ਬੇਸਹਾਰਾ ਸੀ ਅਤੇ ਉਸ ਕੋਲ ਕੋਈ ਵੀ ਅਜਿਹਾ ਦਸਤਾਵੇਜ਼ ਨਹੀਂ ਮਿਲਿਆ, ਜਿਸ ਨਾਲ ਉਸਦੀ ਪਛਾਣ ਹੋ ਸਕੇ।
ਸਹਾਰਾ ਟੀਮ ਵੱਲੋਂ ਥਾਣਾ ਕੋਤਵਾਲੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਕੋਤਵਾਲੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਕੀਤੀ। ਪੁਲਿਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ’ਚ ਭੇਜ ਦਿੱਤਾ। ਸਹਾਰਾ ਟੀਮ ਦੇ ਬੁਲਾਰਾ ਸੰਦੀਪ ਗੋਇਲ ਨੇ ਦੱਸਿਆ ਕਿ ਲਾਸ਼ ਨੂੰ ਮੋਰਚਰੀ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ ਤੇ ਮ੍ਰਿਤਕ ਦੀ ਸ਼ਿਨਾਖ਼ਤ ਲਈ ਯਤਨ ਕੀਤੇ ਜਾ ਰਹੇ ਹਨ।