- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰਾਂਸਪੋਰਟ ਵਿਭਾਗ ਦਾ ਸਿਸਟਮ ਹੋਇਆ ਹੌਲੀ, ਦਫ਼ਤਰ ’ਚ ਕੰਮ ਕਰਵਾਉਣ ਆਏ ਲੋਕ ਪ੍ਰੇਸ਼ਾਨ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਇੱਥੇ ਖੇਤਰੀ ਟਰਾਂਸਪੋਰਟ ਦਫ਼ਤਰ (ਆਰਟੀਓ.) ਵਿੱਚ ਪਿਛਲੇ ਕੁਝ ਦਿਨਾਂ ਤੋਂ ਟਰਾਂਸਪੋਰਟ ਵਿਭਾਗ ਦਾ ਆਨਲਾਈਨ ਸਿਸਟਮ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਰਾਈਵਿੰਗ ਲਾਇਸੈਂਸ, ਵਾਹਨ ਰਜਿਸਟ੍ਰੇਸ਼ਨ, ਪਰਮਿਟ, ਲਰਨਰ ਲਾਇਸੈਂਸ, ਟੈਕਸ ਭੁਗਤਾਨ ਅਤੇ ਹੋਰ ਜ਼ਰੂਰੀ ਕੰਮਾਂ ਲਈ ਦੂਰ-ਦਰਾਜ਼ ਤੋਂ ਆਉਣ ਵਾਲੇ ਲੋਕ ਘੰਟਿਆਂ ਤਕ ਦਫ਼ਤਰ ਦੇ ਚੱਕਰ ਕੱਟਣ ਲਈ ਮਜਬੂਰ ਹਨ, ਪਰ ਉਨ੍ਹਾਂ ਦਾ ਕੰਮ ਨਹੀਂ ਹੋ ਪਾ ਰਿਹਾ। ਆਰਟੀਓ. ਦਫ਼ਤਰ ਵਿੱਚ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਆਪਣੇ ਜ਼ਰੂਰੀ ਕੰਮਾਂ ਨੂੰ ਲੈ ਕੇ ਪਹੁੰਚਦੇ ਹਨ। ਸਿਸਟਮ ਨਾ ਚਲਣ ਕਾਰਨ ਕਾਊਂਟਰਾਂ ‘ਤੇ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ। ਲੋਕਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਦਫ਼ਤਰ ਵਿੱਚ ਮੌਜੂਦ ਹਨ, ਪਰ ਦੁਪਹਿਰ ਤਕ ਵੀ ਉਨ੍ਹਾਂ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਮਜਬੂਰੀਵੱਸ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਹੀ ਵਾਪਸ ਮੁੜਨਾ ਪੈ ਰਿਹਾ ਹੈ, ਜਿਸ ਨਾਲ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੋ ਰਹੇ ਹਨ। ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਮੁਤਾਬਕ ਵਿਭਾਗੀ ਸਾਫਟਵੇਅਰ ਨੂੰ ਅੱਪਡੇਟ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸਿਸਟਮ ਵਾਰ-ਵਾਰ ਠੱਪ ਹੋ ਜਾਂਦਾ ਹੈ ਜਾਂ ਬਹੁਤ ਹੀ ਹੌਲੀ ਗਤੀ ਨਾਲ ਕੰਮ ਕਰ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਤਕਨੀਕੀ ਸਮੱਸਿਆ ਅਸਥਾਈ ਹੈ ਤੇ ਜਲਦ ਹੀ ਸਿਸਟਮ ਪੂਰੀ ਤਰ੍ਹਾਂ ਸੁਚਾਰੂ ਹੋ ਜਾਵੇਗਾ।
ਹਾਲਾਂਕਿ ਪਿਛਲੇ ਚਾਰ ਦਿਨਾਂ ਤੋਂ ਸਮੱਸਿਆ ਬਣੀ ਰਹਿਣ ਕਾਰਨ ਲੋਕਾਂ ਦਾ ਧੀਰਜ ਟੁੱਟਣ ਲੱਗਾ ਹੈ। ਆਰਟੀਓ ਦਫ਼ਤਰ ਪਹੁੰਚੇ ਕਈ ਲੋਕਾਂ ਨੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਪਹਿਲਾਂ ਹੀ ਕੰਮ-ਕਾਜ ਲਈ ਸਮਾਂ ਕੱਢਣਾ ਮੁਸ਼ਕਲ ਹੁੰਦਾ ਹੈ। ਅਜਿਹੇ ਵਿੱਚ ਜੇਕਰ ਸਿਸਟਮ ਹੀ ਨਾ ਚੱਲੇ ਤਾਂ ਆਮ ਆਦਮੀ ਨੂੰ ਬਿਨਾਂ ਕਾਰਨ ਪਰੇਸ਼ਾਨੀ ਝੱਲਣੀ ਪੈਂਦੀ ਹੈ। ਕੁਝ ਲੋਕਾਂ ਨੇ ਦੱਸਿਆ ਕਿ ਉਹ ਛੁੱਟੀ ਲੈ ਕੇ ਦਫ਼ਤਰ ਆਏ ਸਨ, ਪਰ ਕੰਮ ਨਾ ਹੋਣ ਕਾਰਨ ਉਨ੍ਹਾਂ ਨੂੰ ਮੁੜ ਆਉਣਾ ਪਵੇਗਾ। ਬਾਹਰੀ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਨੂੰ ਆਉਣ-ਜਾਣ ‘ਤੇ ਵਾਧੂ ਖਰਚਾ ਵੀ ਝੱਲਣਾ ਪੈ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਵਿਭਾਗ ਵੱਲੋਂ ਸਾਫਟਵੇਅਰ ਅਪਡੇਟ ਵਰਗੇ ਕੰਮ ਰਾਤ ਦੇ ਸਮੇਂ ਜਾਂ ਛੁੱਟੀ ਵਾਲੇ ਦਿਨਾਂ ਵਿੱਚ ਕਰਵਾਏ ਜਾਣ, ਤਾਂ ਜੋ ਆਮ ਜਨਤਾ ਨੂੰ ਦਿੱਕਤ ਨਾ ਆਵੇ। ਜਦ ਤਕ ਸਿਸਟਮ ਪੂਰੀ ਤਰ੍ਹਾਂ ਠੀਕ ਨਹੀਂ ਹੁੰਦਾ, ਤਦ ਤਕ ਕੋਈ ਵੱਖਰੇ ਪ੍ਰਬੰਧ ਕਰਕੇ ਲੋਕਾਂ ਦੇ ਜ਼ਰੂਰੀ ਕੰਮ ਨਿਪਟਾਏ ਜਾਣ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਉੱਚ ਅਧਿਕਾਰੀਆਂ ਨੂੰ ਇਸ ਸਮੱਸਿਆ ਬਾਰੇ ਜਾਣੂ ਕਰਵਾਇਆ ਹੈ ਤੇ ਤਕਨੀਕੀ ਟੀਮ ਲਗਾਤਾਰ ਸਿਸਟਮ ਨੂੰ ਠੀਕ ਕਰਨ ਵਿੱਚ ਲੱਗੀ ਹੋਈ ਹੈ। ਅਧਿਕਾਰੀਆਂ ਵੱਲੋਂ ਲੋਕਾਂ ਨੂੰ ਧੀਰਜ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਤੇ ਭਰੋਸਾ ਦਿੱਤਾ ਗਿਆ ਹੈ ਕਿ ਜਲਦ ਹੀ ਸਾਰੀਆਂ ਸੇਵਾਵਾਂ ਆਮ ਤੌਰ ‘ਤੇ ਮੁੜ ਸ਼ੁਰੂ ਹੋ ਜਾਣਗੀਆਂ। ਫਿਲਹਾਲ ਟਰਾਂਸਪੋਰਟ ਵਿਭਾਗ ਦਾ ਸਿਸਟਮ ਨਾ ਚੱਲਣ ਕਾਰਨ ਆਰਟੀਓ ਦਫ਼ਤਰ ਵਿੱਚ ਆਮ ਜਨਤਾ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਆਸ ਹੈ ਕਿ ਵਿਭਾਗ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਪੱਕਾ ਹੱਲ ਕੱਢ ਕੇ ਉਨ੍ਹਾਂ ਨੂੰ ਰਾਹਤ ਦੇਵੇਗਾ।