- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
7 ਅਤੇ 8 ਅਪ੍ਰੈਲ ਨੂੰ ਝੱਖੜ ਅਤੇ ਗੜੇਮਾਰੀ ਦੀ ਭਵਿੱਖਬਾਣੀ, ਫ਼ਸਲ ਨੂੰ ਲੈ ਕੇ ਕਿਸਾਨਾਂ ਦੀ ਵਧੀ ਚਿੰਤਾਂ

-ਪਹਿਲਾਂ ਹੀ ਗੜੇਮਾਰੀ ਨਾਲ ਹੋ ਚੁੱਕਿਐ ਵੱਡਾ ਨੁਕਸਾਨ, ਕਿਸਾਨ ਫ਼ਸਲਾਂ ਸਬੰਧੀ ਚਿੰਤਤ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਮਾਲਵਾ ਖੇਤਰ ਵਿੱਚ ਪਹਿਲਾਂ ਹੀ ਗੜੇਮਾਰੀ ਅਤੇ ਤੇਜ਼ ਝੱਖੜਾਂ ਕਾਰਨ ਕਣਕ ਦੀ ਪੱਕੀ ਫਸਲ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ, ਪਰ ਹੁਣ ਕਿਸਾਨਾਂ ਲਈ ਚਿੰਤਾ ਵਧ ਗਈ ਹੈ। ਮੌਸਮ ਵਿਭਾਗ ਵੱਲੋਂ ਅਗਲੇ ਦੋ ਦਿਨ੍ਹਾਂ ਲਈ ਜਾਰੀ ਕੀਤੀ ਭਵਿੱਖਬਾਣੀ ਨੇ ਹਾਲਾਤ ਹੋਰ ਗੰਭੀਰ ਕਰ ਦਿੱਤੇ ਹਨ। ਮੌਸਮ ਵਿਭਾਗ ਦੇ ਅਨੁਸਾਰ 7 ਤੇ 8 ਅਪ੍ਰੈਲ 2026 ਦੌਰਾਨ ਬਠਿੰਡਾ ਜ਼ਿਲ੍ਹੇ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼, ਗਰਜ਼-ਚਮਕ, ਝੱਖੜ, ਤੇਜ਼ ਹਵਾਵਾਂ ਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਦੌਰਾਨ ਹਵਾ ਦੀ ਰਫ਼ਤਾਰ ਵੀ ਵੱਧ ਸਕਦੀ ਹੈ, ਜਿਸ ਨਾਲ ਖੜ੍ਹੀ ਫਸਲ ਨੂੰ ਹੋਰ ਨੁਕਸਾਨ ਪਹੁੰਚ ਸਕਦਾ ਹੈ। ਮੌਸਮ ਵਿਭਾਗ ਦੀ ਇਸ ਭਵਿੱਖਬਾਣੀ ਤੋਂ ਬਾਅਦ ਕਿਸਾਨ ਬੇਹੱਦ ਚਿੰਤਤ ਨਜ਼ਰ ਆ ਰਹੇ ਹਨ। ਜ਼ਿਲ੍ਹੇ ’ਚ ਪਿਛਲੇ ਕੁਝ ਦਿਨਾਂ ਦੌਰਾਨ ਹੋਈ ਗੜੇਮਾਰੀ ਨੇ ਪਹਿਲਾਂ ਹੀ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਨੂੰ ਵੱਡਾ ਝਟਕਾ ਦਿੱਤਾ ਹੈ। ਕਈ ਪਿੰਡਾਂ ’ਚ ਕਣਕ ਦੀ ਫਸਲ ਜਮੀਨ ‘ਤੇ ਡਿੱਗ ਗਈ ਹੈ ਤੇ ਕਈ ਥਾਵਾਂ ’ਤੇ ਦਾਣਾ ਵੀ ਝੜ ਗਿਆ ਹੈ। ਜੇਕਰ ਦੁਬਾਰਾ ਮੀਹ ਅਤੇ ਗੜੇਮਾਰੀ ਹੁੰਦੀ ਹੈ ਤਾਂ ਬਚੀ-ਖੁਚੀ ਫਸਲ ਵੀ ਤਬਾਹ ਹੋਣ ਦਾ ਖ਼ਤਰਾ ਬਣ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਇਸ ਸਮੇਂ ਫਸਲ ਪੂਰੀ ਤਰ੍ਹਾਂ ਤਿਆਰ ਹੈ ਅਤੇ ਕਟਾਈ ਦੇ ਮੋੜ ’ਤੇ ਖੜ੍ਹੀ ਹੈ। ਜੇਕਰ ਇਸ ਦੌਰਾਨ ਮੌਸਮ ਖਰਾਬ ਹੁੰਦਾ ਹੈ ਤਾਂ ਨਾ ਸਿਰਫ ਉਪਜ ਘਟੇਗੀ, ਸਗੋਂ ਦਾਣੇ ਦੀ ਕੁਆਲਟੀ ਵੀ ਪ੍ਰਭਾਵਿਤ ਹੋਵੇਗੀ। ਇਸ ਨਾਲ ਮੰਡੀਆਂ ’ਚ ਵੀ ਠੀਕ ਰੇਟ ਮਿਲਣਾ ਔਖਾ ਹੋ ਜਾਵੇਗਾ। ਖੇਤੀਬਾੜੀ ਮਾਹਿਰਾਂ ਨੇ ਵੀ ਕਿਸਾਨਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਮਾਹਿਰਾਂ ਮੁਤਾਬਕ ਜਿੱਥੇ ਸੰਭਵ ਹੋਵੇ ਉੱਥੇ ਪੱਕੀ ਫਸਲ ਦੀ ਤੁਰੰਤ ਕਟਾਈ ਕਰ ਲਈ ਜਾਵੇ, ਤਾਂ ਜੋ ਸੰਭਾਵਿਤ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਮੌਸਮ ਸਬੰਧੀ ਅਪਡੇਟ ’ਤੇ ਨਜ਼ਰ ਰੱਖਣ ਲਈ ਕਿਹਾ ਹੈ।
ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਵੀ ਹਾਲਾਤ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਜੇਕਰ ਮੌਸਮ ਵਿਭਾਗ ਦੀ ਚੇਤਾਵਨੀ ਸੱਚ ਸਾਬਤ ਹੁੰਦੀ ਹੈ ਤਾਂ ਫਸਲਾਂ ਦਾ ਹੋਰ ਨੁਕਸਾਨ ਹੋ ਸਕਦਾ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਮੁੜ ਗੜੇਮਾਰੀ ਅਤੇ ਮੀਹ ਕਾਰਨ ਨੁਕਸਾਨ ਹੁੰਦਾ ਹੈ ਤਾਂ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਅਤੇ ਮੁਆਵਜ਼ਾ ਜਲਦੀ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲਗਾਤਾਰ ਆ ਰਹੀਆਂ ਕੁਦਰਤੀ ਆਫ਼ਤਾਂ ਕਾਰਨ ਉਹ ਆਰਥਿਕ ਤੌਰ ’ਤੇ ਕਾਫ਼ੀ ਕਮਜ਼ੋਰ ਹੋ ਚੁੱਕੇ ਹਨ। ਜ਼ਿਲ੍ਹੇ ਦੇ ਕਿਸਾਨਾਂ ਲਈ ਅਗਲੇ ਤਿੰਨ ਦਿਨ ਬਹੁਤ ਅਹਿਮ ਹਨ। ਜੇਕਰ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਹਾਲਾਤ ਬਣਦੇ ਹਨ ਤਾਂ ਇਹ ਪਹਿਲਾਂ ਹੀ ਨੁਕਸਾਨ ਝੱਲ ਰਹੇ ਕਿਸਾਨਾਂ ਲਈ ਹੋਰ ਵੱਡੀ ਮੁਸੀਬਤ ਸਾਬਤ ਹੋ ਸਕਦੀ ਹੈ। ਇਸ ਲਈ ਸਭ ਦੀ ਨਜ਼ਰ ਹੁਣ ਆਸਮਾਨ ਵੱਲ ਟਿਕੀ ਹੋਈ ਹੈ ਅਤੇ ਕਿਸਾਨ ਅੱਛੇ ਮੌਸਮ ਦੀ ਉਮੀਦ ਕਰ ਰਹੇ ਹਨ।