ਟਾਇਰ ਫੈਕਟਰੀ ਖ਼ਿਲਾਫ਼ ਪਿੰਡ ਕਮਾਲੂ ਦਾ ਧਰਨਾ ਹੋਇਆ ਮਜ਼ਬੂਤ
ਟਾਇਰ ਫੈਕਟਰੀ ਖ਼ਿਲਾਫ਼ ਪਿੰਡ ਕਮਾਲੂ ਦਾ ਧਰਨਾ ਹੋਇਆ ਹੋਰ ਮਜ਼ਬੂਤ
Publish Date: Tue, 20 Jan 2026 04:38 PM (IST)
Updated Date: Wed, 21 Jan 2026 04:03 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ,
ਤਲਵੰਡੀ ਸਾਬੋ : ਹਲਕਾ ਤਲਵੰਡੀ ਸਾਬੋ ਦੇ ਪਿੰਡ ਕਮਾਲੂ ਵਿਖੇ ਟਾਇਰ ਫੈਕਟਰੀ ਨੂੰ ਬੰਦ ਕਰਵਾਉਣ ਲਈ ਪਿਛਲੇ 9 ਮਹੀਨਿਆਂ ਤੋਂ ਪਿੰਡ ਵਾਸੀਆਂ ਵੱਲੋਂ ਲਗਾਤਾਰ ਦਿੱਤਾ ਜਾ ਰਿਹਾ ਰੋਸ ਧਰਨਾ ਦਿਨੋਂ-ਦਿਨ ਤੇਜ਼ੀ ਫੜਦਾ ਜਾ ਰਿਹਾ ਹੈ। ਇਸ ਸੰਘਰਸ਼ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ ਜਦੋਂ ਵਿਧਾਇਕ ਭੁਲੱਥ ਸੁਖਪਾਲ ਸਿੰਘ ਖਹਿਰਾ ਤੇ ਖੁਸ਼ਬਾਜ਼ ਸਿੰਘ ਜਟਾਣਾ, ਮੁੱਖ ਸੇਵਾਦਾਰ ਹਲਕਾ ਤਲਵੰਡੀ ਸਾਬੋ ਧਰਨੇ ’ਚ ਪਹੁੰਚੇ ਤੇ ਪਿੰਡ ਵਾਸੀਆਂ ਨਾਲ ਇਕਜੁੱਟਤਾ ਜਤਾਈ। ਧਰਨੇ ਨੂੰ ਸੰਬੋਧਨ ਕਰਦਿਆਂ ਦੋਵਾਂ ਆਗੂਆਂ ਨੇ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ, ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਤੇ ਵਾਤਾਵਰਨ ਨੂੰ ਪੈਂਦੇ ਭਾਰੀ ਨੁਕਸਾਨ ’ਤੇ ਗੰਭੀਰ ਚਿੰਤਾ ਪ੍ਰਗਟਾਈ।
ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕਿਸੇ ਵੀ ਕੀਮਤ ’ਤੇ ਲੋਕਾਂ ਦੀ ਜ਼ਿੰਦਗੀ ਨਾਲ ਸਮਝੌਤਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਟਾਇਰ ਫੈਕਟਰੀ ਨੂੰ ਤੁਰੰਤ ਬੰਦ ਕਰਵਾਉਣ ਲਈ ਸਰਕਾਰ ’ਤੇ ਪੂਰਾ ਦਬਾਅ ਬਣਾਇਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਇਹ ਮੁੱਦਾ ਵਿਧਾਨ ਸਭਾ ’ਚ ਵੀ ਚੁੱਕਿਆ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਫੈਕਟਰੀ ਬੰਦ ਨਾ ਕੀਤੀ, ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਧਰਨੇ ’ਚ ਵੱਡੀ ਗਿਣਤੀ ’ਚ ਪਿੰਡ ਵਾਸੀਆਂ, ਨੌਜਵਾਨਾਂ ਤੇ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ ਤੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੀ ਆਵਾਜ਼ ਬੁਲੰਦ ਕੀਤੀ।
ਪਿੰਡ ਵਾਸੀਆਂ ਨੇ ਦ੍ਰਿੜ੍ਹ ਸੰਕਲਪ ਦੁਹਰਾਇਆ ਕਿ ਜਦ ਤੱਕ ਟਾਇਰ ਫੈਕਟਰੀ ਬੰਦ ਨਹੀਂ ਹੁੰਦੀ, ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਕਿਰਨਜੀਤ ਸਿੰਘ ਮਿੱਠਾ (ਪ੍ਰਧਾਨ ਕਿਸਾਨ ਸੈੱਲ ਪੰਜਾਬ), ਸਾਬਕਾ ਸਰਪੰਚ ਕੁਲਦੀਪ ਸਿੰਘ ਕਮਾਲੂ, ਰਣਜੀਤ ਸਿੰਘ ਸੰਧੂ (ਨਿੱਜੀ ਸਹਾਇਕ ਜਟਾਣਾ), ਲੱਖਵਿੰਦਰ ਸਿੰਘ ਲੱਕੀ (ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ), ਬਲਵਿੰਦਰ ਸਿੰਘ ਗੋਰਾ ਭਾਗੀਵਾਂਦਰ, ਜਗਤਾਰ ਸਿੰਘ ਮੈਨੂੰਆਣਾ, ਸੁਭਮ ਸੈਣੀ (ਕੋਆਰਡੀਨੇਟਰ ਹਲਕਾ ਤਲਵੰਡੀ ਸਾਬੋ), ਰੂਬੀ ਸ਼ਰਮਾ, ਖੁਸ਼ਦੀਪ ਸਿੰਘ ਬੱਬੀ ਚੱਠਾ ਅਤੇ ਭਰਪੂਰ ਸਿੰਘ (ਦੋਵੇਂ ਕੌਂਸਲਰ ਤਲਵੰਡੀ ਸਾਬੋ), ਜਗਦੇਵ ਸਿੰਘ ਜੋਗੇਵਾਲਾ, ਜਗਮੀਤ ਸਿੰਘ ਰਾਮਾ ਮੰਡੀ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸ ਦੇ ਵਰਕਰ ਵੀ ਮੌਜੂਦ ਸਨ।