- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
15 ਘੰਟਿਆਂ ਵਿੱਚ ਤਿੰਨ ਲਾਸ਼ਾਂ ਮਿਲਣ ਨਾਲ ਸ਼ਹਿਰ ਵਿੱਚ ਸਨਸਨੀ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਵਿਚ ਪਿਛਲੇ 15 ਘੰਟਿਆਂ ਦੌਰਾਨ ਵੱਖ-ਵੱਖ ਥਾਵਾਂ ਤੋਂ ਤਿੰਨ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ ਹੈ। ਤਿੰਨਾਂ ਮਾਮਲਿਆਂ ਵਿਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵਿਅਕਤੀ ਦੀ ਲਾਸ਼ ਸ਼ਹਿਰ ਦੇ ਮਾਲ ਗੁਦਾਮ ਰੋਡ ਤੋਂ ਮਿਲੀ ਹੈ ਜਦਕਿ ਇਕ ਲਾਸ਼ ਰੇਲਵੇ ਲਾਈਨਾਂ ਤੋਂ ਬਰਾਮਦ ਕੀਤੀ ਗਈ ਹੈ। ਤੀਜੀ ਲਾਸ਼ ਬਲਰਾਜ ਨਗਰ ਦੀਆਂ ਝਾੜੀਆਂ ਵਿੱਚੋਂ ਮਿਲੀ ਹੈ। ਇਨ੍ਹਾਂ ਵਿੱਚੋਂ ਦੀ ਮ੍ਰਿਤਕਾਂ ਦੀ ਹੀ ਪਛਾਣ ਹੋਈ ਹੈ।
-ਬਾਕਸ-
-ਮਾਲ ਗੋਦਾਮ ਰੋਡ ‘ਤੇ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ
ਸਥਾਨਕ ਮਾਲ ਗੋਦਾਮ ਰੋਡ ਸਥਿਤ ਰੈਨ ਬਸੇਰੇ ਦੇ ਸਾਹਮਣੇ ਚਬੂਤਰੇ ’ਤੇ ਇਕ ਨੌਜਵਾਨ ਦੀ ਲਾਸ਼ ਪਈ ਹੋਣ ਦੀ ਸੂਚਨਾ ਸਹਾਰਾ ਮੁੱਖ ਦਫ਼ਤਰ ਨੂੰ ਮਿਲੀ। ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਵਿਕੀ ਕੁਮਾਰ ਅਤੇ ਟੇਕਚੰਦ ਮੌਕੇ ‘ਤੇ ਪਹੁੰਚੇ। ਉਥੇ ਲਗਭਗ 35 ਤੋਂ 40 ਸਾਲ ਦੇ ਉਮਰ ਦਾ ਨੌਜਵਾਨ ਮ੍ਰਿਤਕ ਅਵਸਥਾ ਵਿੱਚ ਮਿਲਿਆ। ਮੁੱਢਲੀ ਜਾਂਚ ਦੌਰਾਨ ਉਕਤ ਵਿਅਕਤੀ ਬਿਮਾਰ ਲੱਗ ਰਿਹਾ ਸੀ। ਮ੍ਰਿਤਕ ਕੋਲੋਂ ਕੋਈ ਪਛਾਣ ਪੱਤਰ ਜਾਂ ਦਸਤਾਵੇਜ਼ ਬਰਾਮਦ ਨਹੀਂ ਹੋਇਆ, ਜਿਸ ਕਾਰਨ ਉਸ ਦੀ ਸ਼ਨਾਖਤ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ ਮ੍ਰਿਤਕ ਮਜ਼ਦੂਰੀ ਕਰਦਾ ਸੀ ਤੇ ਨੇੜੇ ਹੀ ਸੌਂ ਜਾਂਦਾ ਸੀ। ਸੂਚਨਾ ਮਿਲਣ ’ਤੇ ਥਾਣਾ ਕੋਤਵਾਲੀ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਕਾਰਵਾਈ ਤੋਂ ਬਾਅਦ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤਾ ਗਿਆ। ਸਹਾਰਾ ਸੰਸਥਾ ਦੇ ਪ੍ਰਧਾਨ ਗੌਤਮ ਗੋਯਲ ਨੇ ਦੱਸਿਆ ਕਿ ਲਾਸ਼ ਨੂੰ ਸੁਰੱਖਿਅਤ ਰੱਖਵਾ ਦਿੱਤਾ ਗਿਆ ਹੈ ਅਤੇ ਪਛਾਣ ਲਈ ਕੋਸ਼ਿਸ਼ਾਂ ਜਾਰੀ ਹਨ।
-ਬਾਕਸ-
-ਬਲਰਾਜ ਨਗਰ ਵਿਚ ਝਾੜੀਆਂ ਵਿੱਚੋਂ ਲਾਸ਼ ਬਰਾਮਦ
ਸਥਾਨਕ ਹਾਜੀ ਰਤਨ ਰੋਡ ਸਥਿਤ ਬਲਰਾਜ ਨਗਰ ਵਿੱਚ ਰੇਲਵੇ ਫਾਟਕ ਨੇੜੇ ਝਾੜੀਆਂ ਵਿਚ ਇਕ ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ‘ਤੇ ਸਹਾਰਾ ਟੀਮ ਦੇ ਮੈਂਬਰ ਸੰਦੀਪ ਸਿੰਘ ਗਿੱਲ, ਹਰਬੰਸ ਸਿੰਘ, ਹਨੀ, ਰਾਜਿੰਦਰ ਕੁਮਾਰ ਅਤੇ ਵਿਕੀ ਕੁਮਾਰ ਮੌਕੇ ‘ਤੇ ਪਹੁੰਚੇ। ਮੌਕੇ ’ਤੇ ਇਕ ਵਿਅਕਤੀ ਮੂੰਧੇ ਮੂੰਹ ਪਿਆ ਮਿਲਿਆ। ਲਾਸ਼ ਕਰੀਬ ਦੋ ਦਿਨ ਪੁਰਾਣੀ ਅਤੇ ਸੜੀ-ਗਲੀ ਹਾਲਤ ਵਿੱਚ ਸੀ। ਇਲਾਕਾ ਜੀਆਰਪੀ. ਦੇ ਅਧੀਨ ਹੋਣ ਕਾਰਨ ਟੀਮ ਨੇ ਤੁਰੰਤ ਜੀਆਰਪੀ. ਨੂੰ ਸੂਚਿਤ ਕੀਤਾ। ਜੀਆਰਪੀ. ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਮ੍ਰਿਤਕ ਕੋਲੋਂ ਇਕ ਮੋਬਾਈਲ ਫੋਨ ਬਰਾਮਦ ਹੋਇਆ, ਜਿਸ ਦੇ ਆਧਾਰ ‘ਤੇ ਉਸ ਦੀ ਪਛਾਣ ਗਗਨ (30) ਪੁੱਤਰ ਰਾਮਜੀ, ਵਾਸੀ ਪਿੰਡ ਚੋਟੀਆ ਵਜੋਂ ਹੋਈ। ਦੱਸਿਆ ਜਾ ਰਿਹਾ ਹੈ ਕਿ ਉਹ ਮਜ਼ਦੂਰੀ ਕਰਦਾ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
-ਬਾਕਸ-
-ਰੇਲਵੇ ਟਰੈਕ ਤੋਂ ਮਿਲੀ ਲਾਸ਼
ਸ਼ਹਿਰ ਦੇ ਬਠਿੰਡਾ-ਪਟਿਆਲਾ ਰੇਲਵੇ ਲਾਈਨ ’ਤੇ ਮਾਡਲ ਟਾਊਨ ਨੇੜੇ ਰੇਲਵੇ ਟਰੈਕ ’ਤੇ ਇਕ ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਸਹਾਰਾ ਟੀਮ ਨੂੰ ਮਿਲੀ। ਸਹਾਰਾ ਦੇ ਪ੍ਰਧਾਨ ਗੌਤਮ ਗੋਯਲ ਅਤੇ ਸੰਦੀਪ ਗਿੱਲ ਮੌਕੇ ‘ਤੇ ਪਹੁੰਚੇ। ਰੇਲਵੇ ਟਰੈਕ ‘ਤੇ ਇਕ ਵਿਅਕਤੀ ਦੀ ਖੂਨ ਨਾਲ ਲਥਪਥ ਲਾਸ਼ ਪਈ ਸੀ। ਸੂਚਨਾ ਮਿਲਣ ‘ਤੇ ਜੀਆਰਪੀ ਥਾਣਾ ਤੇ ਆਰਪੀਐੱਫ ਦੇ ਜਵਾਨ ਮੌਕੇ ’ਤੇ ਪਹੁੰਚੇ। ਪੁਲਿਸ ਦੀ ਮੌਜੂਦਗੀ ਵਿੱਚ ਲਾਸ਼ ਦੀ ਤਲਾਸ਼ੀ ਦੌਰਾਨ ਮ੍ਰਿਤਕ ਕੋਲੋਂ ਆਧਾਰ ਕਾਰਡ ਬਰਾਮਦ ਹੋਇਆ, ਜਿਸ ਦੇ ਆਧਾਰ ’ਤੇ ਉਸ ਦੀ ਪਛਾਣ ਮੁਖਤਿਆਰ ਸਿੰਘ ਵਾਸੀ ਗੁਲਾਬ ਕੀ ਪੱਤੀ ਕੋਟਸ਼ਮੀਰ ਵਜੋਂ ਹੋਈ। ਮੁੱਢਲੀ ਜਾਂਚ ਵਿੱਚ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮ੍ਰਿਤਕ ਰੇਲਵੇ ਲਾਈਨ ਪਾਰ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਇਆ ਜਾਂ ਉਸ ਨੇ ਖੁਦਕੁਸ਼ੀ ਕੀਤੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਹੈ।