- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਟਰਸਾਈਕਲ ਚੋਰ ਗਿਰੋਹ ਦਾ ਇਕ ਮੈਂਬਰ ਚੋਰੀ ਦੇ 20 ਮੋਟਰਸਾਈਕਲਾਂ ਸਮੇਤ ਕਾਬੂ

-ਡੱਡੂਮਾਜਰਾ ਦੇ ਇਕ ਵਿਅਕਤੀ ਨਾਲ ਮਿਲ ਕੇ ਕੀਤੀ ਸੀ ਵੱਖ-ਵੱਖ ਸ਼ਹਿਰਾਂ ’ਚ ਚੋਰੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਤਲਵੰਡੀ ਸਾਬੋ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ 20 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਧਰਮਵੀਰ ਸਿੰਘ ਉਰਫ਼ ਧਰਮੂ ਵਾਸੀ ਪਿੰਡ ਨੰਗਲਾ ਵਜੋਂ ਹੋਈ ਹੈ। ਪੁਲਿਸ ਵੱਲੋਂ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਥਾਣਾ ਤਲਵੰਡੀ ਸਾਬੋ ਦੇ ਅਧਿਕਾਰੀਆਂ ਮੁਤਾਬਕ ਪੁਲਿਸ ਨੂੰ ਕਾਫੀ ਸਮੇਂ ਤੋਂ ਇਲਾਕੇ ਅਤੇ ਨੇੜਲੇ ਸ਼ਹਿਰਾਂ ਵਿੱਚ ਵਧ ਰਹੀਆਂ ਮੋਟਰਸਾਈਕਲ ਚੋਰੀਆਂ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਸਬੰਧੀ ਵਿਸ਼ੇਸ਼ ਟੀਮ ਗਠਿਤ ਕਰਕੇ ਜਾਂਚ ਸ਼ੁਰੂ ਕੀਤੀ ਗਈ। ਗੁਪਤ ਸੂਚਨਾ ਮਿਲਣ ’ਤੇ ਪੁਲਿਸ ਨੇ ਕਾਰਵਾਈ ਕਰਦਿਆਂ ਧਰਮਵੀਰ ਸਿੰਘ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸਦੇ ਕਬਜ਼ੇ ਵਿਚੋਂ ਵੱਖ-ਵੱਖ ਕੰਪਨੀਆਂ ਦੇ 20 ਮੋਟਰਸਾਈਕਲ ਬਰਾਮਦ ਕੀਤੇ, ਜੋ ਮੁੱਢਲੀ ਜਾਂਚ ਅਨੁਸਾਰ ਵੱਖ-ਵੱਖ ਸ਼ਹਿਰਾਂ ਵਿਚੋਂ ਚੋਰੀ ਕੀਤੇ ਗਏ ਸਨ। ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਨੇ ਚੰਡੀਗੜ੍ਹ ਨੇੜੇ ਡੱਡੂਮਾਜਰਾ ਇਲਾਕੇ ਦੇ ਇਕ ਵਿਅਕਤੀ ਨਾਲ ਮਿਲ ਕੇ ਇਹ ਮੋਟਰਸਾਈਕਲ ਚੋਰੀ ਕੀਤੇ ਸਨ। ਦੋਵੇਂ ਮਿਲ ਕੇ ਵੱਖ-ਵੱਖ ਸ਼ਹਿਰਾਂ ਵਿੱਚ ਰੇਕੀ ਕਰਦੇ ਅਤੇ ਸੁੰਨੇ ਸਥਾਨਾਂ ’ਤੇ ਖੜ੍ਹੇ ਮੋਟਰਸਾਈਕਲਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਚੋਰੀ ਕੀਤੇ ਵਾਹਨਾਂ ਨੂੰ ਅੱਗੇ ਸਸਤੇ ਭਾਅ ’ਤੇ ਵੇਚਣ ਜਾਂ ਉਨ੍ਹਾਂ ਦੇ ਪੁਰਜ਼ੇ ਵੱਖ ਕਰਕੇ ਤਸਕਰੀ ਕਰਨ ਦੀ ਯੋਜਨਾ ਬਣਾਈ ਜਾਂਦੀ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਤੋਂ ਪੁੱਛਗਿੱਛ ਦੌਰਾਨ ਕਈ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ ਹਨ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਹੈ। ਡੱਡੂਮਾਜ਼ਰਾ ਵਾਲੇ ਸਾਥੀ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਵੀ ਕਈ ਚੋਰੀਆਂ ਦੇ ਮਾਮਲੇ ਸੁਲਝਣ ਦੀ ਸੰਭਾਵਨਾ ਹੈ। ਇਸ ਕਾਰਵਾਈ ਨਾਲ ਇਲਾਕੇ ਵਿੱਚ ਵਧ ਰਹੀਆਂ ਮੋਟਰਸਾਈਕਲ ਚੋਰੀਆਂ ’ਤੇ ਰੋਕ ਲੱਗਣ ਦੀ ਉਮੀਦ ਜਤਾਈ ਜਾ ਰਹੀ ਹੈ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਵਾਹਨ ਸੁਰੱਖਿਅਤ ਥਾਵਾਂ ’ਤੇ ਖੜ੍ਹੇ ਕਰਨ ਤੇ ਸ਼ੱਕੀ ਵਿਅਕਤੀਆਂ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ।
ਇਸ ਤੋਂ ਇਲਾਵਾ ਵਾਹਨਾਂ ਵਿੱਚ ਸੁਰੱਖਿਆ ਉਪਕਰਣ ਜਿਵੇਂ ਕਿ ਡਬਲ ਲਾਕ ਅਤੇ ਅਲਾਰਮ ਸਿਸਟਮ ਵਰਤਣ ਦੀ ਸਲਾਹ ਵੀ ਦਿੱਤੀ ਗਈ ਹੈ। ਥਾਣਾ ਤਲਵੰਡੀ ਸਾਬੋ ਦੇ ਇੰਚਾਰਜ ਹਰਬੰਸ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਰਿਮਾਂਡ ਦੌਰਾਨ ਹੋਰ ਪੁੱਛਗਿੱਛ ਕਰਕੇ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਵੀ ਜਲਦ ਕਾਬੂ ਕੀਤਾ ਜਾਵੇਗਾ। ਪੁਲਿਸ ਵੱਲੋਂ ਬਰਾਮਦ ਕੀਤੇ ਮੋਟਰਸਾਈਕਲਾਂ ਦੀ ਪਛਾਣ ਅਤੇ ਮਾਲਕਾਂ ਦੀ ਤਸਦੀਕ ਦੀ ਕਾਰਵਾਈ ਜਾਰੀ ਹੈ।