ਸਕੂਲ ’ਚੋਂ ਸਾਮਾਨ ਚੋਰੀ, ਮੋਬਾਈਲ ਚੋਰੀ ਕਰਨ ਵਾਲੇ ਦੋ ਕਾਬੂ
ਸਰਕਾਰੀ ਸਕੂਲ ਵਿੱਚੋਂ ਸਮਾਨ ਚੋਰੀ, ਮੋਬਾਇਲ ਚੋਰੀ ਕਰਨ ਵਾਲੇ ਦੋ ਕਾਬੂ
Publish Date: Tue, 07 Apr 2026 04:37 PM (IST)
Updated Date: Wed, 08 Apr 2026 04:00 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਰਕਾਰੀ ਐਲੀਮੈਂਟਰੀ ਸਕੂਲ ਮਾਤਾ ਜੀਵੀ ਨਗਰ ਵਿੱਚੋਂ ਅਣਪਛਾਤੇ ਚੋਰਾਂ ਨੇ ਦਿਨ-ਦਿਹਾੜੇ ਸਾਮਾਨ ਚੋਰੀ ਕਰ ਲਿਆ, ਉੱਥੇ ਹੀ ਥਾਣਾ ਕੋਤਵਾਲੀ ਪੁਲਿਸ ਨੇ ਰਾਹਗੀਰਾਂ ਤੋਂ ਮੋਬਾਈਲ ਖੋਹਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਥਰਮਲ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਹਰਪਾਲ ਸਿੰਘ ਹੈੱਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਮਾਤਾ ਜੀਵੀ ਨਗਰ ਨੇ ਦੱਸਿਆ ਕਿ 21 22 ਤੇ 23 ਮਾਰਚ ਨੂੰ ਸਕੂਲ ਵਿੱਚ ਛੁੱਟੀ ਹੋਣ ਕਾਰਨ ਕੰਪਿਊਟਰ ਦੀ ਸਕਰੀਨ ਅਤੇ ਸਾਊਂਡ ਸਿਸਟਮ ਗਾਇਬ ਹੋ ਗਿਆ ਸੀ। ਜਦੋਂ ਸਕੂਲ ਦੇ ਸੀਸੀਟੀਵੀ ਚੈੱਕ ਕੀਤੇ ਤਾਂ ਪਤਾ ਲੱਗਾ ਕਿ 23 ਮਾਰਚ ਨੂੰ ਦੁਪਹਿਰ ਡੇਢ ਵਜੇ ਦੇ ਕਰੀਬ ਕੋਈ ਅਣਪਛਾਤਾ ਵਿਅਕਤੀ ਸਕੂਲ ਵਿੱਚ ਦਾਖਲ ਹੋਇਆ ਤੇ ਉਕਤ ਸਾਮਾਨ ਚੋਰੀ ਕਰਕੇ ਲੈ ਗਿਆ। ਥਾਣਾ ਥਰਮਲ ਦੀ ਪੁਲਿਸ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਮੁਲਜ਼ਮ ਦੀ ਪਛਾਣ ਕਰਨ ਵਿੱਚ ਲੱਗੀ ਹੋਈ ਹੈ। ਇਸ ਤਰ੍ਹਾਂ ਹੀ ਥਾਣਾ ਕੋਤਵਾਲੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੰਜੂ ਕੁਮਾਰ ਵਾਸੀ ਮੌੜ ਮੰਡੀ ਇੰਦਰਜੀਤ ਸਿੰਘ ਬਾਸੀ ਪਿੰਡ ਮਾਨਵੀ ਬੀਬੜੀਆਂ ਜ਼ਿਲ੍ਹਾ ਮਾਨਸਾ ਨੇ 31 ਮਾਰਚ ਨੂੰ ਕਿਸੇ ਰਾਹਗੀਰ ਦਾ ਮੋਬਾਈਲ ਖੋਹਿਆ ਸੀ ਅਤੇ ਅੱਜ ਉਹ ਹੋਰ ਮੋਬਾਇਲ ਚੋਰੀ ਕਰਨ ਦੀ ਤਾਕ ਵਿੱਚ ਘੁੰਮ ਰਹੇ ਹਨ, ਜਿਸ ਤੋਂ ਬਾਅਦ ਥਾਣਾ ਕੋਤਵਾਲੀ ਦੇ ਇੰਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਨਾਕਾਬੰਦੀ ਕਰ ਦਿੱਤੀ ਇਸ ਦੌਰਾਨ ਪੁਲਿਸ ਨੇ ਦੋਵਾਂ ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।