ਵਿਦਿਆਰਥੀਆਂ ਨੇ ਲਾਇਆ ਇਕ ਦਿਨਾ ਧਾਰਮਿਕ ਟੂਰ
ਵਿਦਿਆਰਥੀਆਂ ਨੇ ਇਕ ਰੋਜ਼ਾ ਧਾਰਮਿਕ ਟੂਰ ਲਾਇਆ
Publish Date: Tue, 03 Mar 2026 04:58 PM (IST)
Updated Date: Wed, 04 Mar 2026 04:00 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮਾਲਵਾ ਕਾਲਜ ਦੇ ਕੰਪਿਊਟਰ ਸਾਇੰਸ ਤੇ ਐਪਲੀਕੇਸ਼ਨ ਵਿਭਾਗ ਵੱਲੋਂ ਦਰਬਾਰ ਸਾਹਿਬ, ਲੱਖੀ ਜੰਗਲ ਸਾਹਿਬ ਅਤੇ ਸ੍ਰੀ ਮੁਕਤਸਰ ਸਾਹਿਬ ਦਾ ਇਕ ਦਿਨਾ ਧਾਰਮਿਕ ਦੌਰਾ ਕਰਵਾਇਆ ਗਿਆ। ਇਸ ਮੌਕੇ ਬੀਸੀਏ., ਐੱਮਸੀਏ, ਐੱਮਐੱਸਸੀ. (ਆਈ.ਟੀ.) ਤੇ ਪੀਜੀਡੀਸੀਏ ਦੇ ਵਿਦਿਆਰਥੀਆਂ ਨੇ ਇਸ ਆਧਿਆਤਮਿਕ ਯਾਤਰਾ ਦੌਰਾਨ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੇ ਗੁਰਦੁਆਰਾ ਸ੍ਰੀ ਲੱਖੀ ਜੰਗਲ ਸਾਹਿਬ ਵਿਚ ਮੱਥਾ ਟੇਕ ਕੇ ਅਸੀਸਾਂ ਪ੍ਰਾਪਤ ਕੀਤੀਆਂ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਆਧਿਆਤਮਿਕ ਮੁੱਲਾਂ, ਸੱਭਿਆਚਾਰਕ ਜਾਣਕਾਰੀ ਅਤੇ ਨੈਤਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ। ਦੌਰੇ ਦੌਰਾਨ ਵਿਦਿਆਰਥੀਆਂ ਨੇ ਅਰਦਾਸ ਕੀਤੀ, ਗੁਰਬਾਣੀ ਕੀਰਤਨ ਸੁਣਿਆ ਤੇ ਇਨ੍ਹਾਂ ਪਵਿੱਤਰ ਧਾਰਮਿਕ ਅਸਥਾਨਾਂ ਦੀ ਇਤਿਹਾਸਕ ਤੇ ਧਾਰਮਿਕ ਮਹੱਤਤਾ ਬਾਰੇ ਜਾਣਕਾਰੀ ਲਈ। ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਬੇਅੰਤ ਇਤਿਹਾਸਿਕ ਮਹੱਤਤਾ ਰੱਖਦੀ ਹੈ ਕਿਉਂਕਿ ਇਹ ਚਾਲੀ ਮੁਕਤਿਆਂ ਦੀ ਸ਼ਹਾਦਤ ਦੀ ਯਾਦ ’ਚ ਸਮਰਪਿਤ ਹੈ। ਵਿਦਿਆਰਥੀਆਂ ਨੇ ਇਸ ਮੌਕੇ ‘ਤੇ ਗੁਰਦੁਆਰਾ ਸ੍ਰੀ ਟੁੱਟੀ ਗੰਡੀ ਸਾਹਿਬ, ਗੁਰਦੁਆਰਾ ਸ੍ਰੀ ਤੰਬੂ ਸਾਹਿਬ ਅਤੇ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਦੇ ਵੀ ਦਰਸ਼ਨ ਕੀਤੇ। ਲੱਖੀ ਜੰਗਲ ਸਾਹਿਬ ਉਹ ਪਵਿੱਤਰ ਸਥਾਨ ਹੈ ਜਿੱਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸ਼ਰਾਮ ਕੀਤਾ ਅਤੇ ਉਪਦੇਸ਼ ਦਿੱਤੇ। ਵਿਦਿਆਰਥੀਆਂ ਨੇ ਲੰਗਰ ਸੇਵਾ ’ਚ ਹਿੱਸਾ ਲਿਆ । ਇਹ ਦੌਰਾ ਵਿਦਿਆਰਥੀਆਂ ਲਈ ਆਧਿਆਤਮਿਕ ਤੇ ਸਿੱਖਿਆਤਮਕ ਰੂਪ ਵਿੱਚ ਬਹੁਤ ਲਾਭਦਾਇਕ ਸਾਬਤ ਹੋਇਆ। ਪ੍ਰਿੰਸੀਪਲ ਡਾ. ਮਨਜੀਤ ਸਿੰਘ ਨੇ ਡਾ. ਸਰਬਜੀਤ ਕੌਰ ਢਿੱਲੋਂ (ਡਿਪਟੀ ਡਾਇਰੈਕਟਰ) ਨੂੰ ਇਸ ਧਾਰਮਿਕ ਅਤੇ ਇਤਿਹਾਸਕ ਦੌਰੇ ਦੀ ਪਹਿਲ ਕਰਨ ਲਈ ਵਧਾਈ ਦਿੱਤੀ। ਡਾ. ਸਰਬਜੀਤ ਕੌਰ ਢਿੱਲੋਂ ਨੇ ਕਿਹਾ ਕਿ ਵਿਦਿਆਰਥੀਆਂ ਨੇ ਦੌਰੇ ਦਾ ਪੂਰਾ ਆਨੰਦ ਲਿਆ ਤੇ ਵਿਦਿਆਰਥੀਆਂ ਦੀ ਰੁਚੀ ਨੂੰ ਧਿਆਨ ਵਿੱਚ ਰੱਖਦਿਆਂ ਭਵਿੱਖ ਵਿੱਚ ਵੀ ਅਜੇਹੇ ਇਤਿਹਾਸਕ ਅਤੇ ਸ਼ਿਖਿਆਤਮਕ ਦੌਰੇ ਕਰਵਾਏ ਜਾਣਗੇ। ਇਸ ਮੌਕੇ ਸਹਾਇਕ ਪ੍ਰੋ. ਰਮਨਪ੍ਰੀਤ ਕੌਰ, ਸਹਾਇਕ ਪ੍ਰੋ. ਗਗਨਦੀਪ ਕੌਰ, ਸਹਾਇਕ ਪ੍ਰੋ. ਅਮਨਦੀਪ ਕੌਰ ਤੇ ਸਹਾਇਕ ਪ੍ਰੋਫੈਸਰ ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨਾਲ ਦੌਰੇ ਵਿਚ ਸ਼ਿਰਕਤ ਕੀਤੀ।