ਗੈਂਗਸਟਰਾਂ ਦੀ ਦਹਿਸ਼ਤ ਕਾਰਨ ਫੋਨ ਚੁੱਕਣ ਤੋਂ ਡਰ ਰਹੇ ਵਪਾਰੀ : ਮੋਹਿਤ ਗੁਪਤਾ
ਪੰਜਾਬ ਦੇ ਹਾਲਾਤ ਮਾੜੇ, ਗੈਂਗਸਟਰਾਂ ਦੀ ਦਹਿਸ਼ਤ ਕਾਰਨ ਵਪਾਰੀ ਵੀ ਫੋਨ ਚੱਕਣ ਤੋਂ ਡਰਦੇ: ਮੋਹਿਤ ਗੁਪਤਾ
Publish Date: Sun, 01 Mar 2026 05:24 PM (IST)
Updated Date: Mon, 02 Mar 2026 04:05 AM (IST)

ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈ ਰੂਪਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਵਪਾਰੀ ਆਗੂ ਮੋਹਿਤ ਗੁਪਤਾ ਨੇ ਭਾਈ ਰੂਪਾ ਵਿਖੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ “ਪੰਜਾਬ ਬਚਾਓ, ਸੁਖਬੀਰ ਬਾਦਲ ਲਿਆਓ, ਮੁੜ ਵਿਕਾਸ ਕਰਵਾਓ” ਬੈਨਰ ਹੇਠ ਜਨ ਸੰਪਰਕ ਰੈਲੀ ਨੂੰ ਸੰਬੋਧਨ ਕੀਤਾ। ਮੋਹਿਤ ਗੁਪਤਾ ਨੇ ਕਿਹਾ ਕਿ ਅੱਜ ਪੰਜਾਬ ਵਿਚ ਕੋਈ ਵੀ ਸੁਰੱਖਿਆ ਨਹੀਂ ਹੈ। ਨਸ਼ਿਆਂ ਨਾਲ ਨੌਜਵਾਨ ਮਰ ਰਹੇ ਹਨ, ਨਸ਼ਿਆਂ ਦੀ ਸਮਗਲਿੰਗ ਲਈ ਗੈਂਗਵਾਰਾਂ ਵੱਲੋਂ ਆਪਣੀ ਜ਼ਮੀਨ ’ਤੇ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ। ਗੈਂਗਸਟਰ ਸ਼ਰੇਆਮ ਕਤਲ ਕਰ ਰਹੇ ਹਨ, ਵਪਾਰੀਆਂ ਤੋਂ ਫਿਰੌਤੀ ਮੰਗੀ ਜਾ ਰਹੀ ਹੈ, ਜਿਸ ਕਾਰਨ ਪੰਜਾਬ ਦੇ ਵਪਾਰੀ ਆਪਣੇ ਫੋਨ ਚੱਕਣ ਤੋਂ ਵੀ ਡਰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ‘ਆਪ’ ਦੀ ਸਰਕਾਰ ਹਾਲਾਤ ਸੰਭਾਲਣ ਵਿਚ ਨਾਕਾਮ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ਼ਤਿਹਾਰਾਂ ’ਚ ਹੀ ਰੁੱਝੇ ਹੋਏ ਹਨ ਤੇ ਸੂਬੇ ਦੇ ਹੱਕਾਂ ਲਈ ਕੋਈ ਧਿਆਨ ਨਹੀਂ ਦੇ ਰਹੇ। ਸਰਕਾਰ ਦੀ ਨੀਤੀ ਕਾਰਨ ਵਪਾਰੀਆਂ, ਕਿਸਾਨਾਂ ਤੇ ਆਮ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ।ਮੋਹਿਤ ਗੁਪਤਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਸਮੇਂ ਦੀ ਲੋੜ ਹੈ। ਉਨ੍ਹਾਂ ਯਾਦ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਨਸ਼ਿਆਂ ਨਾਲ ਨੌਜਵਾਨਾਂ ਦੀ ਮੌਤਾਂ ਨਹੀਂ ਹੋਈਆਂ, ਗੈਂਗਵਾਰ ਨਹੀਂ ਬਣੇ ਅਤੇ ਵਪਾਰ ਖੁੱਲ ਕੇ ਹੁੰਦਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਹਮੇਸ਼ਾਂ ਭਾਈਚਾਰਕ ਸਾਂਝ ਤੇ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ।