- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਦਾ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਪੁਲਿਸ ਨੇ ਸਖ਼ਤੀ ਨਾਲ ਕੀਤਾ ਨਾਕਾਮ

-ਨਾਕੇਬੰਦੀ ਦੌਰਾਨ ਕਈ ਥਾਵਾਂ ’ਤੇ ਰੋਕੇ ਕਿਸਾਨ, ਦੋ ਆਗੂ ਹਿਰਾਸਤ ’ਚ ਲਏ, 12 ਘਰਾਂ ’ਚ ਛਾਪਾਮਾਰੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇਰਾਦਾ ਕਤਲ ਦੇ ਕੇਸ ਤਹਿਤ ਜੇਲ੍ਹ ਵਿੱਚ ਬੰਦ ਦੋ ਕਿਸਾਨ ਆਗੂਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਨੂੰ ਪੁਲਿਸ ਪ੍ਰਸ਼ਾਸਨ ਨੇ ਸਖ਼ਤੀ ਨਾਲ ਨਾਕਾਮ ਕਰ ਦਿੱਤਾ। ਇਸ ਮੌਕੇ ਪੂਰੇ ਜ਼ਿਲ੍ਹੇ ਵਿੱਚ ਸਵੇਰੇ ਤੋਂ ਹੀ ਭਾਰੀ ਪੁਲਿਸ ਫੋਰਸ ਤਾਇਨਾਤ ਕਰਕੇ ਥਾਂ-ਥਾਂ ਨਾਕਾਬੰਦੀ ਕੀਤੀ ਗਈ ਅਤੇ ਕਈ ਥਾਵਾਂ ’ਤੇ ਕਿਸਾਨਾਂ ਨੂੰ ਰੋਕ ਕੇ ਵਾਪਸ ਮੋੜ ਦਿੱਤਾ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪੁਲਿਸ ਵੱਲੋਂ ਸੰਭਾਵਿਤ ਧਰਨੇ ਤੇ ਘਿਰਾਓ ਨੂੰ ਦੇਖਦੇ ਹੋਏ ਜ਼ਿਲ੍ਹੇ ਦੇ ਮੁੱਖ ਰਸਤੇ, ਸ਼ਹਿਰ ਦੇ ਦਾਖ਼ਲੀ ਮਾਰਗਾਂ ਤੇ ਡੀਸੀ ਦਫ਼ਤਰ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਕਿਸਾਨਾਂ ਨੂੰ ਇਕੱਠਾ ਹੋਣ ਤੋਂ ਰੋਕਣ ਲਈ ਪੁਲਿਸ ਨੇ ਕਈ ਪਿੰਡਾਂ ਅਤੇ ਕਸਬਿਆਂ ਵਿੱਚ ਅੱਗੇ ਤੋਂ ਹੀ ਬੈਰੀਕੇਡ ਲਾ ਕੇ ਨਾਕੇ ਲਾਏ ਹੋਏ ਸਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਸਕ ਦੇ ਗੇਟ ਨੂੰ ਪੁਲਿਸ ਨੇ ਜਿੰਦਰਾ ਲਾ ਦਿੱਤਾ।
ਦੂਜੇ ਪਾਸੇ ਕਿਸਾਨਾਂ ਨੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਪਿੰਡ ਜੇਠੂਕੇ ਨੇੜੇ ਧਰਨਾ ਲਾ ਕੇ ਸੜਕ ਨੂੰ ਜਾਮ ਕਰ ਦਿੱਤਾ ਤੇ ਇਸ ਦੌਰਾਨ ਡੀਐੱਸਪੀ ਤੇ ਨਾਇਬ ਤਹਿਸੀਲਦਾਰ ਦਾ ਘਿਰਾਓ ਕਰ ਲਿਆ, ਪਰ ਡੇਢ ਘੰਟੇ ਬਾਅਦ ਦੋਵਾਂ ਦਾ ਘਿਰਾਓ ਖਤਮ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਦੋ ਸਾਥੀ ਕਿਸਾਨ ਆਗੂ ਇਕ ਝੂਠੇ ਇਰਾਦਾ ਕਤਲ ਦੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਹਨ ਅਤੇ ਉਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਲਈ ਇਹ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਸੀ।
ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਅਤੇ ਪ੍ਰਸ਼ਾਸਨ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਲੋਕਤੰਤਰਿਕ ਤਰੀਕੇ ਨਾਲ ਰੋਸ ਦਰਜ ਕਰਵਾਉਣ ਤੋਂ ਵੀ ਰੋਕ ਰਿਹਾ ਹੈ। ਕਿਸਾਨ ਜਥੇਬੰਦੀ ਦੇ ਆਗੂਆਂ ਅਨੁਸਾਰ ਸਵੇਰੇ ਤੜਕੇ ਹੀ ਪੁਲਿਸ ਵੱਲੋਂ ਕਈ ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪਾਮਾਰੀ ਕੀਤੀ ਗਈ ਅਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਦੋ ਕਿਸਾਨ ਆਗੂਆਂ ਕੁਲਵਿੰਦਰ ਸਿੰਘ ਗਿਆਨਾ ਅਤੇ ਫ਼ੌਜੀ ਮਹਿਮਾ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ, ਜਿਸ ਨਾਲ ਕਿਸਾਨਾਂ ’ਚ ਭਾਰੀ ਰੋਸ ਪੈਦਾ ਹੋ ਗਿਆ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਹ ਕਦਮ ਚੁੱਕੇ ਗਏ ਹਨ। ਅਧਿਕਾਰੀਆਂ ਅਨੁਸਾਰ ਬਿਨਾਂ ਮਨਜ਼ੂਰੀ ਦੇ ਘਿਰਾਓ ਜਾਂ ਧਰਨੇ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਤੇ ਕਿਸੇ ਵੀ ਤਰ੍ਹਾਂ ਦੀ ਅਮਨ-ਅਮਾਨ ’ਚ ਖਲਲ ਪੈਦਾ ਕਰਨ ਵਾਲੀ ਸਰਗਰਮੀ ਨੂੰ ਰੋਕਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਇਸ ਸਾਰੀ ਘਟਨਾ ਤੋਂ ਬਾਅਦ ਕਿਸਾਨ ਜਥੇਬੰਦੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜੇਲ੍ਹ ’ਚ ਬੰਦ ਕਿਸਾਨ ਆਗੂਆਂ ਨੂੰ ਜਲਦ ਰਿਹਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਕਿਸਾਨਾਂ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਦੀ ਰਿਹਾਈ ਅਤੇ ਨਿਆਂ ਲਈ ਪਿੱਛੇ ਨਹੀਂ ਹਟਣਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਜ਼ਿਲ੍ਹਾ ਪ੍ਰਸ਼ਾਸਨ ’ਤੇ ਵਾਅਦਾਖ਼ਿਲਾਫ਼ੀ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਪ੍ਰਸ਼ਾਸਨ ਵੱਲੋਂ ਪਹਿਲਾਂ ਉਨ੍ਹਾਂ ਨੂੰ ਪਿੰਡ ਭੁੱਚੋ ਖੁਰਦ ਵਿੱਚ ਕਿਸਾਨਾਂ ਦਾ ਇਕੱਠ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ, ਪਰ ਬਾਅਦ ਵਿੱਚ ਅਚਾਨਕ ਆਪਣਾ ਫ਼ੈਸਲਾ ਬਦਲਦਿਆਂ ਕਿਹਾ ਕਿ ਪਿੰਡ ਪੱਧਰ ਦੀ ਥਾਂ ਜ਼ਿਲ੍ਹਾ ਪੱਧਰ ਦਾ ਇਕੱਠ ਕੀਤਾ ਜਾਵੇ।
-ਬਾਕਸ-
ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਨੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਪਿੰਡ ਅੰਦਰ ਕੀਤਾ ਰੋਸ ਮਾਰਚ ਕੀਤਾ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਆਗੂ ਬਲਦੇਵ ਤੇ ਸ਼ਗਨਦੀਪ ਨੂੰ ਜੇਲ੍ਹ ਤੋਂ ਤੁਰੰਤ ਰਿਹਾਅ ਕੀਤਾ ਜਾਵੇ। ਡੀਪੀ ਅਧਿਆਪਕ ਬਲਜੀਤ ਨੂੰ ਬਹਾਲ ਕੀਤਾ ਜਾਵੇ, ਤਨਖਾਹਾਂ ਜਾਰੀ ਕੀਤੀਆਂ ਜਾਣ। ਭ੍ਰਿਸ਼ਟ ਮੈਨਜਮੈਂਟ ਅਤੇ ਧਰਨੇ ਦੌਰਾਨ ਕੁੜੀਆਂ ਨੂੰ ਗ਼ਲਤ ਸ਼ਬਦਾਵਲੀ ਬੋਲਣ ਵਾਲਿਆਂ ’ਤੇ ਪਰਚੇ ਦਰਜ ਕੀਤੇ ਜਾਣ। ਇਸ ਮੌਕੇ ਅਧਿਆਪਕ ਆਗੂ ਪਵਨਦੀਪ ਕੌਰ, ਕਰਮਜੀਤ ਕੌਰ, ਕਮਲਜੀਤ ਕੌਰ , ਵੀਰਪਾਲ ਕੌਰ, ਗੁਰਤੇਜ ਸਿੰਘ, ਬਲਜੀਤ ਸਿੰਘ, ਸੰਦੀਪ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ। ਦੂਜੇ ਪਾਸੇ ਬੀਕੇਯੂ ਡਕੌਂਦਾ ਧਰਨੇ ਨੇ ਕਿਸਾਨਾਂ ’ਤੇ ਕੀਤੇ ਜਾ ਰਹੇ ਸਰਕਾਰੀ ਜਬ਼ਰ ਦੀ ਸਖ਼ਤ ਨਿਖੇਧੀ ਕੀਤੀ ਹੈ।