ਭਾਕਿਯੂ ਸਿੱਧੂਪੁਰ ਦੇ ਆਗੂਆਂ ਨੇ ਕੋਆਪ੍ਰੇਟਿਵ ਬੈਂਕ ਅੱਗੇ ਦਿੱਤਾ ਧਰਨਾ
ਕਿਸਾਨਾਂ ਨੇ ਕੋਆਪਰੇਟਿਵ ਬੈਂਕ ਅੱਗੇ ਦਿੱਤਾ ਧਰਨਾ
Publish Date: Mon, 30 Mar 2026 05:28 PM (IST)
Updated Date: Tue, 31 Mar 2026 04:11 AM (IST)

-ਕੀਤੀ ਨਾਅਰੇਬਾਜ਼ੀ, ਕਿਸਾਨ ਅੱਜ ਵੀ ਸਰਕਾਰੀ ਬੇਰੁਖ਼ੀ ਤੇ ਕਰਜ਼ੇ ਦੇ ਬੋਝ ਹੇਠ ਦੱਬਿਆ ਜਾ ਰਿਹੈ ਕਿਸਾਨ, ਸੀਐੱਮ ਦੇਵੇ ਧਿਆਨ ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਪਿੰਡ ਹਰੀ ਨੌਂ ਦੇ ਦੋ ਕਿਸਾਨ ਭਰਾਵਾਂ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ਨੂੰ ਲੈ ਕੇ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਦਿੱਤੀ ਗਈ ਸੂਬਾ ਪੱਧਰੀ ਕਾਲ ਤਹਿਤ ਤਲਵੰਡੀ ਸਾਬੋ ਵਿਖੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਕੋਆਪ੍ਰੇਟਿਵ ਬੈਂਕ ਅੱਗੇ ਲਗਾਏ ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਕੀਤੀ, ਜਿਸ ਵਿਚ ਹਲਕਾ ਤਲਵੰਡੀ ਸਾਬੋ ਦੇ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਅੱਜ ਵੀ ਕਰਜ਼ੇ, ਘਾਟੇ ਅਤੇ ਸਰਕਾਰੀ ਬੇਰੁਖ਼ੀ ਦੇ ਬੋਝ ਹੇਠ ਕੁਚਲਿਆ ਜਾ ਰਿਹਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਕਿਸਾਨਾਂ ਦੀ ਪੀੜਾ ਨਾਲ ਕੋਈ ਲੈਣਾ-ਦੇਣਾ ਨਹੀਂ। ਆਗੂਆਂ ਨੇ ਦੋਸ਼ ਲਗਾਇਆ ਕਿ ਜਿਹੜੀ ਸਰਕਾਰ ਲੋਕਾਂ ਦੇ ਹੱਕਾਂ ਦੀ ਗੱਲ ਕਰਕੇ ਸੱਤਾ ਵਿਚ ਆਈ ਸੀ, ਉਹੀ ਸਰਕਾਰ ਅੱਜ ਕਿਸਾਨਾਂ ਦੇ ਅਸਲੀ ਮਸਲਿਆਂ ਤੋਂ ਮੂੰਹ ਮੋੜ ਕੇ ਸਿਰਫ਼ ਇਸ਼ਤਿਹਾਰਬਾਜ਼ੀ ਅਤੇ ਜੁਮਲਿਆਂ ਤਕ ਸੀਮਿਤ ਹੋ ਗਈ ਹੈ। ਬਲਾਕ ਤਲਵੰਡੀ ਸਾਬੋ ਪ੍ਰਧਾਨ ਮਹਿਮਾ ਸਿੰਘ ਨੇ ਕਿਹਾ ਕਿ ਫਸਲਾਂ ਦੇ ਪੂਰੇ ਭਾਅ ਨਾ ਮਿਲਣਾ, ਸਾਰੀਆਂ ਫਸਲਾਂ ਦੀ ਯਕੀਨੀ ਖਰੀਦ ਨਾ ਹੋਣਾ ਅਤੇ ਕਿਸਾਨਾਂ ਦੇ ਸਿਰ ਚੜ੍ਹਦਾ ਕਰਜ਼ਾ ਪੰਜਾਬ ਦੇ ਪਿੰਡਾਂ ਨੂੰ ਬਰਬਾਦੀ ਵੱਲ ਧੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰੀ ਨੌਂ ਦੇ ਕਿਸਾਨ ਭਰਾਵਾਂ ਦੀ ਮੌਤ ਸਿਰਫ਼ ਇਕ ਪਰਿਵਾਰ ਦੀ ਤਰਾਸਦੀ ਨਹੀਂ, ਸਗੋਂ ਇਹ ਪੰਜਾਬ ਦੀ ਕਿਸਾਨੀ ’ਤੇ ਆਈ ਵੱਡੀ ਚੋਟ ਹੈ, ਜਿਸ ਲਈ ਸਰਕਾਰ ਦੀ ਨਾਕਾਮ ਨੀਤੀਆਂ ਜ਼ਿੰਮੇਵਾਰ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਤੁਰੰਤ ਇਨਸਾਫ ਦਿੱਤਾ ਜਾਵੇ, ਕਰਜ਼ਾ ਮਾਫ਼ ਕੀਤਾ ਜਾਵੇ ਅਤੇ ਪਰਿਵਾਰ ਨੂੰ ਯੋਗ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ, ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਬਲਾਕ ਜਨਰਲ ਸਕੱਤਰ ਰਾਜਵੀਰ ਸਿੰਘ,ਪਰਗਟ ਸਿੰਘ ਰੰਧਾਵਾ (ਸੰਗਤ ਖੁਰਦ), ਗਿਆਨ ਸਿੰਘ ਸੰਗਤ, ਦਰਸ਼ਨ ਸਿੰਘ, ਅੰਗਰੇਜ਼ ਸਿੰਘ ਸੰਦੋਹਾ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਸਨ।