ਕਿਸਾਨਾਂ ਵੱਲੋਂ ਭੱਠਾ ਮਾਲਕਾਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ
ਮਾਮਲਾ ਮਜਦੂਰਾਂ ਦੇ ਦੱਬੇ ਹੋਏ ਪੈਸੇ ਦਵਾਉਣ '
Publish Date: Tue, 24 Mar 2026 07:21 PM (IST)
Updated Date: Wed, 25 Mar 2026 04:08 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਤ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰਾਂ ਦੇ ਕੱਚੀ ਭਰਾਈ ਦੇ ਚਿਰਾਂ ਤੋਂ ਦੱਬੇ ਹੋਏ ਪੈਸੇ ’ਤੇ ਉਨ੍ਹਾਂ ਉੱਤੇ ਦਰਜ ਕੀਤਾ ਝੂਠਾ ਪਰਚਾ ਰੱਦ ਕਰਵਾਉਣ ਲਈ ਲਗਾਇਆ ਪੱਕਾ ਮੋਰਚਾ ਅੱਜ ਅੱਠਵੇਂ ਦਿਨ 'ਚ ਸ਼ਾਮਲ ਹੋ ਗਿਆ ਹੈ। ਕਿਸਾਨਾਂ ਨੇ ਅੱਜ ਇਕੱਠੇ ਹੋ ਕੇ ਫੈਸਲਾ ਕੀਤਾ ਕਿ 26 ਮਾਰਚ ਨੂੰ ਕਿਸਾਨਾਂ ਦਾ ਬਲਾਕ ਪੱਧਰ ਤੇ ਵੱਡਾ ਇਕੱਠ ਕਰਕੇ ਕੋਈ ਸਖਤ ਫੈਸਲਾ ਲਿਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਤ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਕੋਟਗੁਰੂ ਤੇ ਧਰਮਪਾਲ ਸਿੰਘ ਜੰਡੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨਰੇਸ਼ ਕੁਮਾਰ ਸਿੰਗਲਾ ਤੇ ਸਤੀਸ਼ ਕੁਮਾਰ ਜੋ ਪੱਕਾ ਕਲਾਂ ਨੇੜੇ ਫੱਲੜ੍ਹ ਲਿੰਕ ਰੋੜ 'ਤੇ ਸਥਿਤ ਭੱਠਾ ਮਾਲਕ ਪਿਛਲੇ ਤਿੰਨ ਸਾਲਾਂ ਤੋਂ ਭੱਠੇ 'ਤੇ ਕੱਚੀ ਭਰਾਈ ਦਾ ਕੰਮ ਕਰਦੇ ਮਜ਼ਦੂਰਾਂ ਮਿੱਠੂ ਸਿੰਘ ਪਿੰਡ ਭੂਤਗੜ੍ਹ (ਸੰਗਰੂਰ) ਤੇ ਲੀਲੂ ਰਾਮ ਵਗੈਰਾ ਦੇ ਤਕਰੀਬਨ ਸਾਢੇ ਨੌਂ ਲੱਖ ਰੁਪਏ ਦੇ ਕਰੀਬ ਮਿਹਨਤ ਦੇ ਬਣਦੇ ਪੈਸੇ ਨਹੀਂ ਦੇ ਰਹੇ। ਭਾਕਿਯੂ ਏਕਤਾ ਉਗਰਾਹਾਂ ਬਲਾਕ ਸੰਗਤ ਦੇ ਆਗੂਆਂ ਨੇ ਗੱਲਬਾਤ ਕਰਨ ਤੇ ਹਿਸਾਬ-ਕਿਤਾਬ ਕਰਨ ਲਈ ਵਾਰ-ਵਾਰ ਕਿਹਾ ਪਰ ਉਹ ਕਿਸੇ ਗੱਲ 'ਤੇ ਨਹੀਂ ਆਏ। ਪਹਿਲਾਂ ਵੀ ਇਕ ਦਿਨਾ ਧਰਨਾ ਪ੍ਰਦਰਸ਼ਨ ਕੀਤਾ ਸੀ ਪਰ ਇਹ ਹਿਸਾਬ ਕਿਤਾਬ ਕਰਨ ਲਈ ਸਹਿਮਤ ਨਹੀਂ ਹੋਏ। ਉਨ੍ਹਾਂ ਕਿਹਾ ਕਿ ਇਸ ਦੇ ਚੱਲਦੇ ਭਾਕਿਯੂ ਏਕਤਾ ਉਗਰਾਹਾਂ ਬਲਾਕ ਸੰਗਤ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਭੱਠੇ ਤੇ 16 ਮਾਰਚ ਤੋਂ ਦਿਨ ਰਾਤ ਦਾ ਪੱਕਾ ਮੋਰਚਾ ਲਗਾਇਆ ਹੋਇਆ ਹੈ। ਦਿਨ ਰਾਤ ਦੇ ਪੱਕੇ ਮੋਰਚੇ ਨੂੰ ਚੱਲਦੇ ਇੱਕ ਹਫਤਾ ਹੋ ਗਿਆ ਪ੍ਰੰਤੂ ਇਸ ਵਿੱਚ ਨਾ ਤਾਂ ਕੋਈ ਪ੍ਰਸ਼ਾਸਨ ਨੇ ਉਹਨਾਂ ਨਾਲ ਗੱਲ ਕੀਤੀ ਅਤੇ ਨਾ ਹੀ ਭੱਠਾ ਮਾਲਕ ਵੱਲੋਂ ਉਹਨਾਂ ਨਾਲ ਕੋਈ ਸੰਪਰਕ ਕੀਤਾ ਗਿਆ। ਇਸ ਦੇ ਰੋਸ ਵਜੋਂ ਕਿਸਾਨਾਂ ਵੱਲੋਂ 26 ਮਾਰਚ ਨੂੰ ਬਲਾਕ ਸੰਗਤ ਦਾ ਵੱਡਾ ਇਕੱਠ ਕਰਕੇ ਭੱਠਾ ਮਾਲਕਾਂ ਵਿਰੁੱਧ ਕੋਈ ਸਖਤ ਫੈਸਲਾ ਲੈਣ ਦਾ ਫੈਸਲਾ ਕੀਤਾ ਗਿਆ ਹੈ। ਜਿੰਨਾ ਸਮਾਂ ਭੱਠਾ ਮਾਲਕਾਂ ਵੱਲੋਂ ਮਜ਼ਦੂਰਾਂ ਦੇ ਬਣਦੇ ਪੈਸੇ ਨਹੀਂ ਦਿੱਤੇ ਜਾਂਦੇ ਉਨ੍ਹਾਂ ਸਮਾਂ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਜਸਕਰਨ ਸਿੰਘ ਗੋਰਾ ਕੋਟਗੁਰੂ, ਬਲਕਰਨ ਸਿੰਘ ਬਹਾਦਰਗੜ੍ਹ ਜੰਡੀਆ, ਬਲਵੀਰ ਸਿੰਘ ਸ਼ੇਰਗੜ੍ਹ, ਰੂਪ ਸਿੰਘ ਭਗਵਾਨਗੜ੍ਹ ਤੇ ਮਿੱਠੂ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਤੇ ਮਜ਼ਦੂਰ ਆਗੂ ਮੌਜੂਦ ਸਨ।