ਕਿਸਾਨ ਦੇ ਮੁਕਾਬਲੇ ਦੁੱਧ ਵੇਚਣ ਵਾਲਾ ਕਰ ਰਿਹੈ ਵੱਧ ਕਮਾਈ : ਡਾ. ਸ਼ਰਮਾ
ਮਹਿੰਗਾਈ ਕਾਰਨ ਘਾਟੇ ਦਾ ਧੰਦਾ ਸਾਬਤ ਹੋ ਰਿਹਾ ਹੈ ਡੇਅਰੀ ਫਾਰਮਿੰਗ
Publish Date: Sat, 21 Feb 2026 05:38 PM (IST)
Updated Date: Sun, 22 Feb 2026 04:07 AM (IST)

-ਮਹਿੰਗਾਈ ਕਾਰਨ ਘਾਟੇ ਦਾ ਧੰਦਾ ਸਾਬਤ ਹੋ ਰਿਹਾ ਹੈ ਡੇਅਰੀ ਫਾਰਮਿੰਗ ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਅੱਜ ਕੱਲ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਕਾਰਨ ਪਸ਼ੂ ਪਾਲਣ ਦਾ ਧੰਦਾ ਜਿਆਦਾ ਮੁਨਾਫੇ ਵਾਲਾ ਨਹੀਂ ਰਿਹਾ। ਭਾਵੇਂ ਕਿ ਸਰਕਾਰਾਂ ਵੱਲੋਂ ਇਸ ਧੰਦੇ ਨੂੰ ਸਹਾਇਕ ਧੰਦੇ ਵਜੋਂ ਪ੍ਰਫੁੱਲਤ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਪ੍ਰੰਤੂ ਫਿਰ ਵੀ ਗਾਵਾਂ ਅਤੇ ਮੱਝਾਂ ਦੀਆਂ ਵਧ ਰਹੀਆਂ ਕੀਮਤਾਂ ਅਤੇ ਦੁੱਧ ਦੀਆਂ ਕੀਮਤਾਂ ਘਟਣ ਕਰਕੇ ਜਾਇਦਾਤਰ ਪਸ਼ੂ ਪਾਲਕ ਆਰਥਿਕ ਤੰਗੀ ਨਾਲ ਜੂਝ ਰਹੇ ਹਨ। ਘਰੇਲੂ ਪੱਧਰ ’ਤੇ ਵੀ ਪਸ਼ੂ ਪਾਲਣ ਦਾ ਧੰਦਾ ਖਤਮ ਹੋਣ ਕਿਨਾਰੇ ਖੜਾ ਹੈ, ਕਿਉਂਕਿ ਇਕ ਦੋ ਦੁਧਾਰੂ ਪਸ਼ੂ ਰੱਖਣ ਵਾਲੇ ਪਰਿਵਾਰ ਵੀ ਹਰੇ ਚਾਰੇ ਦੀ ਘਾਟ ਅਤੇ ਵਧ ਰਹੇ ਭਾਅ ਕਾਰਨ ਪਸ਼ੂ ਰੱਖਣ ਤੋਂ ਗਰੇਜ ਕਰ ਰਹੇ ਹਨ। ਇਸ ਕਰਕੇ ਪਿੰਡਾਂ ਵਿੱਚੋਂ ਦੁੱਧ ਗਾਇਬ ਹੁੰਦਾ ਜਾ ਰਿਹਾ ਹੈ। ਮਹਿੰਗਾਈ ਦੀ ਮਾਰ ਝੱਲ ਰਹੇ ਪਸ਼ੂ ਪਾਲਣ ਦੇ ਧੰਦੇ ਸਬੰਧੀ ਪ੍ਰਿੰਸੀਪਲ ਡਾ. ਬਿਮਲ ਸ਼ਰਮਾ ਸੰਯੁਕਤ ਨਿਰਦੇਸ਼ਕ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਪਿੰਡਾਂ ਵਿੱਚ ਆਰਥਿਕ ਪੱਖ ਤੋਂ ਕਮਜ਼ੋਰ ਦੋ ਤਿੰਨ ਪਸ਼ੂ ਰੱਖਣ ਵਾਲੇ ਲੋਕ ਖੇਤਾਂ ਦੀਆਂ ਵੱਟਾਂ, ਬੰਨਿਆਂ, ਫਸਲਾਂ, ਸੜਕਾਂ ਅਤੇ ਹੋਰ ਕਈ ਕੁਦਰਤੀ ਸਾਧਨਾਂ ਤੋਂ ਮਿਲਦਾ ਹਰਾ ਚਾਰਾ ਪਸ਼ੂਆਂ ਨੂੰ ਪਾਉਂਦੇ ਸਨ, ਪ੍ਰੰਤੂ ਹੁਣ ਇਹ ਚਾਰਾ ਨਦੀਨ ਨਾਸ਼ਕ ਦਵਾਈਆਂ ਦੀ ਮਾਰ ਹੇਠ ਆਉਣ ਕਾਰਨ ਆਰਥਿਕ ਪੱਖੋਂ ਕਮਜ਼ੋਰ ਪਸ਼ੂ ਪਾਲਕਾਂ ਨੂੰ ਮੁੱਲ ਲੈ ਕੇ ਪੱਠੇ ਪਾਉਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਰਹੀ, ਜਿਸ ਕਾਰਨ ਇਸ ਧੰਦੇ ਨੂੰ ਗਹਿਰੀ ਸੱਟ ਵੱਜੀ ਹੈ। ਇਸ ਕਰਕੇ ਪਸ਼ੂ ਪਾਲਣਾ ਆਮ ਲੋਕਾਂ ਦੇ ਘਰਾਂ ਵਿੱਚੋਂ ਗਾਇਬ ਹੋ ਕੇ ਵੱਡੇ ਵੱਡੇ ਫਾਰਮਾਂ ਦਾ ਰੂਪ ਧਰਨ ਕਰਨ ਲੱਗ ਪਿਆ ਹੈ। ਜੇਕਰ ਸੁੱਕੇ ਚਾਰੇ ਦੀ ਗੱਲ ਕਰੀਏ ਉਹ ਵੀ ਆਮ ਪਸ਼ੂ ਪਾਲਕਾਂ ਦੇ ਵਸੋਂ ਬਾਹਰ ਹੁੰਦਾ ਜਾ ਰਿਹਾ ਹੈ। ਡਾ. ਸ਼ਰਮਾ ਨੇ ਦੱਸਿਆ ਕਿ ਇਕ ਛੋਟਾ ਜਿਹਾ ਡੇਅਰੀ ਫਾਰਮ ਦਾ ਧੰਦਾ ਚਲਾਉਣ ਲਈ ਘੱਟੋ ਘੱਟ ਅੱਠ ਤੋਂ 10 ਲੱਖ ਰੁਪਏ ਦੀ ਜਰੂਰਤ ਪੈਂਦੀ ਹੈ, ਜਿਸ ਕਰਕੇ ਛੋਟਾ ਅਤੇ ਦਰਮਿਆਨਾ ਪਸ਼ੂ ਪਾਲਕ ਮਹਿੰਗਾਈ ਹੋਣ ਕਰਕੇ ਖਤਮ ਹੋਣ ਕੰਢੇ ਖੜ੍ਹਾ ਹੈ। ਪਸ਼ੂ ਸਾਂਭਣ ਲਈ ਮਜ਼ਦੂਰ ਵੀ ਨਹੀਂ ਮਿਲ ਰਹੇ ਅਤੇ ਪੱਠੇ ਵੱਢਣ ਵਾਲੀਆਂ ਮਸ਼ੀਨਾਂ ਵੀ ਮਹਿੰਗੀਆਂ ਹੋ ਗਈਆਂ ਹਨ ਜਿਸ ਨੂੰ ਛੋਟਾ ਪਸ਼ੂ ਪਾਲਕ ਖਰੀਦਣ ਦੇ ਅਸਮਰਥ ਹੈ। ਪੱਠੇ ਵੱਢ ਕੇ ਕੁਤਰਨ ਕਰਨ ਵਾਲੀ ਮਸ਼ੀਨ ਵੀ ਕਾਫੀ ਮਹਿੰਗੀ ਹੈ। ਪਸ਼ੂਆਂ ਦੀ ਖੁਰਾਕ ਦੇ ਨਾਲ ਨਾਲ ਪਸ਼ੂਆਂ ਦੇ ਇਲਾਜ ਦਾ ਖਰਚਾ ਵੀ ਕਾਫੀ ਮਹਿੰਗਾ ਹੋ ਗਿਆ ਹੈ। ਦੁੱਧ ਦੀ ਪੈਦਾਵਾਰ ਕਰਨ ਵਾਲੇ ਪਸ਼ੂ ਪਾਲਕਾਂ ਨਾਲੋਂ ਬਿਨਾਂ ਕੋਈ ਖਰਚ ਕੀਤੇ ਘਰਾਂ ਵਿੱਚ ਦੁੱਧ ਪਾਉਣ ਵਾਲਾ ਜਿਆਦਾ ਪੈਸੇ ਕਮਾ ਰਿਹਾ ਹੈ। ਪਸ਼ੂ ਪਾਲਕ ਨੂੰ ਖਰਚਾ ਕੱਢ ਕੇ ਮੁਸ਼ਕਿਲ ਨਾਲ ਇਕ ਕੁਇੰਟਲ ਦੁੱਧ ਬਦਲੇ 300 ਤੋਂ 400 ਰੁਪਏ ਬਣਦੇ ਹਨ, ਪ੍ਰੰਤੂ ਇਸ ਦੇ ਉਲਟ ਪਿੰਡਾਂ ਵਿੱਚੋਂ ਦੁੱਧ ਖਰੀਦ ਕੇ ਸਿੱਧਾ ਹੀ ਖਪਤਕਾਰਾਂ ਤਕ ਦੁੱਧ ਪੁੱਜਦਾ ਕਰਨ ਵਾਲਾ 800 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਪੈਸੇ ਕਮਾ ਰਿਹਾ ਹੈ ਤੇ ਇਸੇ ਹੀ ਕੁਇੰਟਲ ਦੁੱਧ ਦੀ ਬਰਫੀ ਤਿਆਰ ਕਰਨ ਵਾਲਾ ਹਲਵਾਈ 6000 ਰੁਪਏ ਤੋਂ ਵੀ ਵੱਧ ਕਮਾਈ ਕਰ ਰਿਹਾ ਹੈ। ਪਸ਼ੂ ਪਾਲਣ ਦੇ ਧੰਦੇ ਨੂੰ ਬਚਾਉਣ ਲਈ ਸਰਕਾਰ ਨੂੰ ਪਸ਼ੂ ਪਾਲਣ ਦੇ ਧੰਦੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਪਸ਼ੂ ਪਾਲਣ ਦਾ ਧੰਦਾ ਸ਼ੁਰੂ ਕਰਨ ਵਾਲੇ ਕਿਸਾਨਾਂ ਨੂੰ ਬਿਨਾਂ ਵਿਆਜ ਦੇ ਕਰਜ਼ਾ ਦੇਣਾ ਚਾਹੀਦਾ ਹੈ। ਪਸ਼ੂ ਪਾਲਕਾਂ ਲਈ ਘੱਟ ਕੀਮਤ ਤੇ ਫੀਡ ਮਹਈਆ ਕਰਵਾਉਣ ਲਈ ਫੀਡ ਫੈਕਟਰੀਆਂ ਲਾਉਣੀਆਂ ਚਾਹੀਦੀਆਂ ਹਨ। ਹਰੇ ਚਾਰੇ ਦਾ ਅਚਾਰ ਤਿਆਰ ਕਰ ਕੇ ਪਸ਼ੂ ਪਾਲਕਾਂ ਨੂੰ ਸਸਤੇ ਰੇਟ ਤੇ ਦੇਣਾ ਚਾਹੀਦਾ ਹੈ ਕਿਉਂਕਿ ਜਮੀਨਾਂ ਦਾ ਠੇਕਾ ਮਹਿੰਗਾ ਹੋਣ ਕਰਕੇ ਛੋਟਾ ਜਾਂ ਦਰਮਿਆਨਾ ਪਸ਼ੂ ਪਾਲਕ ਹਰਾ ਚਾਰਾ ਨਹੀਂ ਬੀਜ ਸਕਦਾ। ਆਮ ਵੇਖਣ ’ਚ ਆਇਆ ਹੈ ਕਿ ਪਸ਼ੂ ਪਾਲਕ ਖੁਰਾਕ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਪਸ਼ੂਆਂ ਨੂੰ ਖੁਰਾਕ ਨਹੀਂ ਪਾਉਂਦੇ ਅਤੇ ਨਾ ਹੀ ਧਾਤਾਂ ਦਾ ਚੂਰਾ ਪਾਉਂਦੇ ਹਨ ਜਿਸ ਕਰਕੇ ਪਸ਼ੂ ਨਵੇਂ ਦੁੱਧ ਨਹੀਂ ਹੁੰਦੇ ਤੇ ਉਹਨਾਂ ਨੂੰ ਆਵਾਰਾ ਸੜਕਾਂ ’ਤੇ ਛੱਡ ਦਿੱਤਾ ਜਾਂਦਾ ਹੈ, ਜਿਸ ਵਿਚ ਬਹੁ ਗਿਣਤੀ ਵਿੱਚ ਗਾਵਾਂ ਸ਼ਾਮਲ ਹੁੰਦੀਆਂ ਹਨ। ਜੇਕਰ ਸਰਕਾਰ ਪਸ਼ੂਆਂ ਦੀ ਖੁਰਾਕ ਘੱਟ ਭਾਅ ਤੇ ਪਸ਼ੂ ਪਾਲਕਾਂ ਨੂੰ ਮੁਹੱਈਆ ਕਰਵਾਉਣ ਦਾ ਪ੍ਰਬੰਧ ਕਰੇ ਤਾਂ ਦੁੱਧ ਦੀ ਘਟ ਰਹੀ ਪੈਦਾਵਾਰ ਅਤੇ ਵਧ ਰਹੀ ਮੰਗ ਵਿਚਕਾਰਲਾ ਵੱਡਾ ਫਰਕ ਦੂਰ ਕੀਤਾ ਜਾ ਸਕਦਾ ਹੈ ਅਤੇ ਸੜਕ ਕੰਢੇ ਹਾਦਸਿਆਂ ਦਾ ਕਾਰਨ ਬਣਨ ਰਹੇ ਪਸ਼ੂਆਂ ਨੂੰ ਵੀ ਘਟਾਇਆ ਜਾ ਸਕਦਾ ਹੈ।