ਟੈਟ ਦੀ ਸ਼ਰਤ ਲਾਗੂ ਕਰਨ ਖ਼ਿਲਾਫ਼ ਅਧਿਆਪਕਾਂ ਵੱਲੋਂ ਰੋਸ ਪ੍ਰਗਟਾਵਾ
ਟੈਟ ਦੀ ਸ਼ਰਤ ਲਾਗੂ ਕਰਨ ਦੇ ਖ਼ਿਲਾਫ਼ ਅਧਿਆਪਕਾਂ ਨੇ ਪੱਤਰ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਪ੍ਰਗਟਾਵਾ
Publish Date: Wed, 11 Feb 2026 06:04 PM (IST)
Updated Date: Thu, 12 Feb 2026 04:03 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿੱਖਿਆ ਵਿਭਾਗ ਪੰਜਾਬ ਵੱਲੋਂ ਨੌਕਰੀ ਵਿਚ ਬਣੇ ਰਹਿਣ ਅਤੇ ਤਰੱਕੀਆਂ ਲਈ ਟੀਈਟੀ (ਟੈਟ) ਦੀ ਸ਼ਰਤ ਲਾਜ਼ਮੀ ਕਰਨ ਸਬੰਧੀ ਜਾਰੀ ਕੀਤੇ ਪੱਤਰ ਦੇ ਖ਼ਿਲਾਫ਼ ਅਧਿਆਪਕ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਡੀਸੀ ਦਫ਼ਤਰ ਅੱਗੇ ਇਕੱਠੇ ਹੋਏ ਅਧਿਆਪਕਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਜਾਰੀ ਪੱਤਰ ਦੀਆਂ ਕਾਪੀਆਂ ਫੂਕੀਆਂ। ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਬਲਜਿੰਦਰ ਸਿੰਘ, ਜਗਪਾਲ ਸਿੰਘ ਬੰਗੀ, ਰੇਸ਼ਮ ਸਿੰਘ, ਕਰਮਜੀਤ ਸਿੰਘ ਜਲਾਲ, ਗੁਰਬਖ਼ਸ਼ ਸਿੰਘ, ਬਲਦੇਵ ਸਿੰਘ, ਜਗਸੀਰ ਸਿੰਘ ਸਹੋਤਾ, ਅਮ੍ਰਿਤਪਾਲ ਸਿੰਘ ਮਾਨ, ਜਗਤਾਰ ਸਿੰਘ ਬਾਠ ਤੇ ਸਿਕੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੇ 25–30 ਸਾਲਾਂ ਤੋਂ ਸੇਵਾ ਨਿਭਾਅ ਰਹੇ ਅਧਿਆਪਕਾਂ ਉੱਪਰ ਟੀਈਟੀ ਦੀ ਸ਼ਰਤ ਲਾਗੂ ਕਰਨਾ ਉਨ੍ਹਾਂ ਦੇ ਰੁਜ਼ਗਾਰ ਉੱਪਰ “ਕੁਹਾੜਾ” ਚਲਾਉਣ ਦੇ ਬਰਾਬਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸੁਪਰੀਮ ਕੋਰਟ ਦੀਆਂ ਹਦਾਇਤਾਂ ਦਾ ਹਵਾਲਾ ਦੇ ਕੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਅਧਿਆਪਕਾਂ ਦੇ ਹੱਕਾਂ ’ਤੇ ਰੋਕ ਲਾਉਣਾ ਚਾਹੁੰਦੀ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਭਰਤੀ ਸਮੇਂ ਸਾਰੇ ਅਧਿਆਪਕਾਂ ਨੇ ਲਾਜ਼ਮੀ ਯੋਗਤਾਵਾਂ ਪੂਰੀਆਂ ਕੀਤੀਆਂ ਸਨ ਅਤੇ ਨੌਕਰੀ ਵਿਚ ਆਉਣ ਤੋਂ ਬਾਅਦ ਨਵੀਆਂ ਸ਼ਰਤਾਂ ਲਾਗੂ ਕਰਨਾ ਗ਼ੈਰਵਾਜਿਬ ਹੈ। ਉਨ੍ਹਾਂ ਇਸ ਫ਼ੈਸਲੇ ਦੀ ਤੁਲਨਾ ਮੈਚ ਸ਼ੁਰੂ ਹੋਣ ਤੋਂ ਬਾਅਦ ਖੇਡ ਦੇ ਨਿਯਮ ਬਦਲਣ ਨਾਲ ਕਰਦਿਆਂ ਕਿਹਾ ਕਿ ਇਹ ਅਧਿਆਪਕਾਂ ਨਾਲ ਸਰਾਸਰ ਬੇਇਨਸਾਫ਼ੀ ਹੈ। ਇਸ ਪ੍ਰਦਰਸ਼ਨ ਵਿਚ ਡੈਮੋਕ੍ਰੈਟਿਕ ਟੀਚਰ ਫਰੰਟ (ਦਿਗਵਿਜੇ ਪਾਲ ਸ਼ਰਮਾ ਅਤੇ ਵਿਕਰਮ ਦੇਵ ਦੋਵੇਂ ਗਰੁੱਪ), ਜੀਟੀਯੂ, ਬੀਐਡ ਅਧਿਆਪਕ ਫਰੰਟ, ਅਧਿਆਪਕ ਦਲ, ਕੰਪਿਊਟਰ ਅਧਿਆਪਕ ਯੂਨੀਅਨ, ਈਟੀਟੀ ਟੀਚਰ ਯੂਨੀਅਨ ਅਤੇ ਐਸਐਸਏ/ਰਮਸਾ ਯੂਨੀਅਨ ਸਮੇਤ ਕਈ ਜਥੇਬੰਦੀਆਂ ਨੇ ਸਾਂਝੇ ਤੌਰ ‘ਤੇ ਹਿੱਸਾ ਲਿਆ। ਅਧਿਆਪਕ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਫ਼ੈਸਲਾ ਵਾਪਸ ਨਾ ਲਿਆ ਤਾਂ ਪੰਜਾਬ ਭਰ ਵਿੱਚ ਤੇਜ਼ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ 6 ਫ਼ਰਵਰੀ ਨੂੰ ਕਿਸਾਨਾਂ ਉੱਪਰ ਹੋਏ ਲਾਠੀਚਾਰਜ ਦੀ ਵੀ ਨਿੰਦਾ ਕੀਤੀ ਗਈ ਅਤੇ ਕਿਸਾਨ ਆਗੂ ਸ਼ਗਨਦੀਪ ਸਿੰਘ ਅਤੇ ਬਲਦੇਵ ਸਿੰਘ ਚਾਉਕੇ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕਰਦਿਆਂ ਮਤਾ ਪਾਸ ਕੀਤਾ ਗਿਆ।