ਮੰਦਰ ਦੇ ਰਸਤੇ ’ਚ ਮਲਬੇ ਦੇ ਢੇਰ ਤੋਂ ਪਰੇਸ਼ਾਨ ਹੋ ਕੇ ਕੀਤੀ ਨਾਅਰੇਬਾਜ਼ੀ
ਬਾਲਾ ਜੀ ਮੰਦਰ ਦੇ ਰਸਤੇ ’ਚ ਮਲਬੇ ਦੇ ਢੇਰ, ਨਤਮਸਤਕ ਹੋਣ ਵਾਲੇ ਸ਼ਰਧਾਲੂ ਪਰੇਸ਼ਾਨ
Publish Date: Wed, 08 Apr 2026 06:25 PM (IST)
Updated Date: Thu, 09 Apr 2026 04:06 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸੀਵਰੇਜ ਵਿਭਾਗ ਦੀ ਲਾਪਰਵਾਹੀ ਕਾਰਨ ਰਾਮਪੁਰਾ ਫੂਲ ਵਿਖੇ ਸਥਿਤ ਸ੍ਰੀ ਰਾਮ ਦੂਤ ਬਾਲਾ ਜੀ ਮੰਦਰ ਰਾਮਪੁਰਾ ਫੂਲ ਤਕ ਪਹੁੰਚਣ ਵਾਲਾ ਰਸਤਾ ਭਾਰੀ ਪਰੇਸ਼ਾਨੀਆਂ ਦਾ ਕੇਂਦਰ ਬਣ ਗਿਆ ਹੈ। ਸੜਕ ਪੱਟ ਕੇ ਛੱਡੀ ਮਿੱਟੀ ਅਤੇ ਮਲਬੇ ਦੇ ਵੱਡੇ ਢੇਰਾਂ ਨੇ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ, ਜਿਸ ਕਾਰਨ ਹਰ ਰੋਜ਼ ਸੈਂਕੜੇ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਗਿੱਲ ਕਲਾਂ ਫਾਟਕ ਤੋਂ ਨੈਸ਼ਨਲ ਹਾਈਵੇ ਤਕ ਸੀਵਰੇਜ ਪਾਈਪਾਂ ਪਾਉਣ ਲਈ ਸੜਕ ਪੱਟੀ ਗਈ ਸੀ, ਪਰ ਪੱਟੀ ਗਈ ਮਿੱਟੀ ਅਤੇ ਮਲਬਾ ਸੜਕ ਉੱਤੇ ਹੀ ਛੱਡ ਦਿੱਤਾ ਗਿਆ। ਖਾਸ ਕਰਕੇ ਮੰਦਰ ਵਾਲੇ ਰਸਤੇ ‘ਤੇ ਹਾਲਾਤ ਕਾਫੀ ਗੰਭੀਰ ਬਣੇ ਹੋਏ ਹਨ। ਮੰਦਰ ਦੇ ਸਰਪ੍ਰਸਤ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਲਾਪਰਵਾਹੀ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਇਕ ਵਿਅਕਤੀ ਦੀ ਬਾਂਹ ਟੁੱਟਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਗਾਂਧੀ ਨਗਰ ਵਾਸੀਆਂ ਨੇ ਕਿਹਾ ਕਿ ਉਹ ਸੀਵਰੇਜ ਵਿਭਾਗ ਦੇ ਐਸਡੀਓ ਅਭਿਨਵ ਕੁਮਾਰ ਨੂੰ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ, ਪਰ ਕੋਈ ਕਾਰਵਾਈ ਨਹੀਂ ਹੋਈ। ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਐਸਡੀਓ ਨੂੰ ਦੋ ਦਿਨ੍ਹਾਂ ਅੰਦਰ ਮਲਬਾ ਹਟਾਉਣ ਦੇ ਹੁਕਮ ਦਿੱਤੇ ਸਨ, ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ।
ਵਿਧਾਇਕ ਵੱਲੋਂ ਦੁਬਾਰਾ ਦਿੱਤੇ ਨਿਰਦੇਸ਼ਾਂ ਨੂੰ ਵੀ ਵਿਭਾਗ ਵੱਲੋਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਇਸ ਸਬੰਧੀ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਅਧਿਕਾਰੀ ਇਕ ਵਿਧਾਇਕ ਦੀ ਗੱਲ ਨਹੀਂ ਮੰਨਦੇ ਤਾਂ ਆਮ ਲੋਕਾਂ ਦੀ ਸੁਣਵਾਈ ਕਿਵੇਂ ਹੋਵੇਗੀ। ਇਲਾਕਾ ਵਾਸੀਆਂ ਅਤੇ ਸ਼ਰਧਾਲੂਆਂ ਨੇ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਤੁਰੰਤ ਮਿੱਟੀ-ਮਲਬਾ ਹਟਾ ਕੇ ਰਸਤਾ ਸਾਫ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਪ੍ਰਸ਼ਾਸਨ ਵੱਲੋਂ ਜਲਦ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਵਧਦਾ ਰੋਸ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਜਨਮ ਦੇ ਸਕਦਾ ਹੈ। ਇਸ ਸਬੰਧੀ ਸੀਵਰੇਜ ਵਿਭਾਗ ਦੇ ਐੱਸਡੀਓ ਅਭਿਨਵ ਕੁਮਾਰ ਨੇ ਕਿਹਾ ਕਿ ਉਨਾਂ ਇਸ ਸੜਕ ਵਿਚਕਾਰ ਸੀਵਰੇਜ ਦੀ ਪਾਈਪ ਲਾਈਨ ਪਵਾਈ ਹੈ। ਉਨ੍ਹਾਂ ਮੰਨਿਆ ਕਿ ਜਿਹੜੀ ਮਿੱਟੀ ਤੇ ਮਲਬਾ ਰਹਿ ਗਈ ਉਨ੍ਹਾਂ ਤਾਂ ਕਰਕੇ ਨਹੀਂ ਚੁਕਵਾਈ ਕਿਉਂਕਿ ਨਵੀਂ ਸੜਕ ਬਣਾਉਣ ਦੇ ਲੋਕ ਨਿਰਮਾਣ ਵਿਭਾਗ ਪੰਜਾਬ ਵੱਲੋਂ ਟੈਂਡਰ ਹੋ ਚੁੱਕੇ ਹਨ ਜਲਦੀ ਸੜਕ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਜੀਵਨ ਲੱਕੀ ਕੁਮਾਰ, ਜੀਵਨ ਲੱਕੀ, ਯੁਗੇਸ਼ ਸ਼ਰਮਾ, ਕੁਲਦੀਪ, ਤੇਜ ਰਾਮ, ਇਸਾਨ ਗਰਗ ਆਦਿ ਹਾਜ਼ਰ ਸਨ।