- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਖਾਲਸਾਈ ਜਾਹੋ-ਜਲਾਲ ਨਾਲ ‘ਮਹੱਲਾ’ ਸਜਾਇਆ

-ਸੰਗਤ ਨੂੰ ਸ਼ਸਤਰਧਾਰੀ ਹੋਣ ਦਾ ਹੋਕਾ, ਮਹੱਲਾ ’ਚ ਨਿਹੰਗ ਸਿੰਘਾਂ ਨੇ ਦਿਖਾਏ ਜੰਗਜੂ ਕਲਾ ਦੇ ਜੌਹਰ
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ
ਤਲਵੰਡੀ ਸਾਬੋ
ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਚੱਲ ਰਹੇ ਜੋੜ ਮੇਲੇ ਦਾ ਆਖਰੀ ਦਿਨ ਬੇਹੱਦ ਧੂਮਧਾਮ ਅਤੇ ਪੰਥਕ ਰਵਾਇਤਾਂ ਅਨੁਸਾਰ ਮਨਾਇਆ ਗਿਆ। ਇਸ ਮੌਕੇ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਪੁਰਾਤਨ ਮਰਯਾਦਾ ਅਨੁਸਾਰ ਵਿਸ਼ਾਲ ਮਹੱਲਾ ਕੱਢਿਆ ਗਿਆ। ਨਿਹੰਗ ਜਥੇਬੰਦੀ ਵੱਲੋਂ ਮਹੱਲਾ ਕੱਢੇ ਜਾਣ ਬਾਅਦ ਵਿਸਾਖੀ ਦਾ ਮੇਲਾ ਸਪੰਨ ਹੋ ਗਿਆ ਹੈ। ਮਹੱਲੇ ਦੀ ਅਗਵਾਈ ਸ੍ਰੋਮਣੀ ਸੇਵਾ ਰਤਨ, ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ (96 ਕਰੋੜੀ), 14ਵੇਂ ਮੁਖੀ ਅਕਾਲੀ ਬੁੱਢਾ ਦਲ ਵੱਲੋਂ ਕੀਤੀ ਗਈ। ਇਹ ਮਹੱਲਾ ਗੁਰੂ ਸਾਹਿਬਾਨ ਵੱਲੋਂ ਬਖ਼ਸ਼ਿਸ਼ ਪੁਰਾਤਨ ਇਤਿਹਾਸਕ ਨਿਸ਼ਾਨਾਂ-ਨਗਾਰਿਆਂ ਦੀ ਛਤਰ-ਛਾਇਆ ਹੇਠ ਕੱਢਿਆ ਗਿਆ, ਜਿਸ ਵਿਚ ਨਿਹੰਗ ਸਿੰਘਾਂ ਦੀਆਂ ਅਕਾਲੀ ਫੌਜਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਮਹੱਲੇ ਦੀ ਸ਼ੁਰੂਆਤ ਬੁੱਢਾ ਦਲ ਦੇ ਮੁੱਖ ਅਸਥਾਨ ਗੁਰਦੁਆਰਾ ਬੇਰ ਸਾਹਿਬ ਦੇਗਸਰ ਸਾਹਿਬ ਪਾਤਸ਼ਾਹੀ 10ਵੀਂ ਛਾਉਣੀ ਤੋਂ ਸ੍ਰੀ ਦਸਮ ਗ੍ਰੰਥ ਜੀ ਅਤੇ ਸ੍ਰੀ ਸਰਬਲੋਹ ਗ੍ਰੰਥ ਜੀ ਦੇ ਪਾਠਾਂ ਦੇ ਭੋਗਾਂ ਉਪਰੰਤ ਹੋਈ। ਇਸ ਤੋਂ ਬਾਅਦ ਮਹੱਲਾ ਤਖ਼ਤ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਜੰਡਸਰ ਅਤੇ ਗੁਰਦੁਆਰਾ ਮਹੱਲਸਰ ਸਾਹਿਬ ਵਿਖੇ ਮੱਥਾ ਟੇਕਦਾ ਹੋਇਆ ਅੱਗੇ ਵਧਿਆ ਅਤੇ ਆਖਰ ਵਿਚ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਦੇ ਨੇੜਲੇ ਖੁੱਲ੍ਹੇ ਮੈਦਾਨ ਵਿਚ ਪੁੱਜਿਆ। ਇਸ ਦੌਰਾਨ ਨਿਹੰਗ ਸਿੰਘ ਰਵਾਇਤੀ ਬਾਣਿਆਂ ਅਤੇ ਸ਼ਸਤਰਾਂ ਨਾਲ ਸਜ ਕੇ ਘੋੜਿਆਂ, ਹਾਥੀਆਂ ਅਤੇ ਊਠਾਂ ‘ਤੇ ਸਵਾਰ ਹੋ ਕੇ ਸ਼ਾਨਦਾਰ ਦ੍ਰਿਸ਼ ਪੇਸ਼ ਕਰਦੇ ਨਜ਼ਰ ਆਏ। ਖੁੱਲ੍ਹੇ ਮੈਦਾਨ ਵਿਚ ਨਿਹੰਗ ਸਿੰਘਾਂ ਵੱਲੋਂ ਘੋੜ ਦੌੜਾਂ ਅਤੇ ਜੰਗਜੂ ਗੱਤਕੇ ਦੇ ਰੋਮਾਂਚਕ ਜੌਹਰ ਦਿਖਾਏ ਗਏ।
ਇਸ ਤੋਂ ਇਲਾਵਾ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਗੁਰਮਤਿ ਸਮਾਗਮ ਵੀ ਕਰਵਾਇਆ ਗਿਆ। ਮਹੱਲੇ ਦੌਰਾਨ ਨਿਹੰਗ ਸਿੰਘ ਫ਼ੌਜਾਂ ਵੱਲੋਂ ਕੀਤੇ ਗਏ ਘੋੜ-ਸਵਾਰੀ ਅਤੇ ਗਤਕੇ ਦੇ ਜੌਹਰਾਂ ਨੇ ਸੰਗਤ ਨੂੰ ਗੁਰੂ ਕਾਲ ਦੇ ਮਾਰਸ਼ਲ ਦ੍ਰਿਸ਼ਾਂ ਦੀ ਯਾਦ ਕਰਵਾ ਦਿੱਤੀ। ਇਸ ਮੌਕੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਵਿਸਾਖੀ ਸਮਾਗਮਾਂ ਦੌਰਾਨ ਨਿਰੰਤਰ ਸੇਵਾਵਾਂ ਨਿਭਾਉਣ ਵਾਲੀਆਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਨਿਰਮਲੇ, ਉਦਾਸੀ ਸੰਪਰਦਾਵਾਂ, ਦਮਦਮੀ ਟਕਸਾਲ, ਵੱਖ-ਵੱਖ ਧਾਰਮਿਕ ਸਭਾ-ਸੁਸਾਇਟੀਆਂ ਅਤੇ ਦੇਸ਼-ਵਿਦੇਸ਼ ਤੋਂ ਆਈ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਥਕ ਇਕਜੁੱਟਤਾ ਸਦਕਾ ਹੀ ਅਜਿਹੇ ਮਹਾਨ ਕਾਰਜ ਨੇਪਰੇ ਚੜ੍ਹਦੇ ਹਨ। ਸੰਗਤ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਜੀ ਨੇ ਮੌਜੂਦਾ ਪੰਥਕ ਚੁਣੌਤੀਆਂ 'ਤੇ ਗੰਭੀਰ ਚਰਚਾ ਕੀਤੀ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਦੇ ਮਸਲਿਆਂ 'ਤੇ ਡੂੰਘੇ ਫ਼ਿਕਰ ਦਾ ਪ੍ਰਗਟਾਵਾ ਕਰਦਿਆਂ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਹਰ ਸਿੱਖ ਆਪਣੇ ਪਿੰਡ ਅਤੇ ਇਲਾਕੇ ਦੇ ਗੁਰੂ-ਘਰਾਂ ਦੀ ਪਹਿਰੇਦਾਰੀ ਲਈ ਖ਼ੁਦ ਜ਼ਿੰਮੇਵਾਰ ਬਣੇ। ਇਸ ਮਹਾਨ ਸਮਾਗਮ ਵਿਚ ਜਥੇਦਾਰ ਬਾਬਾ ਅਵਤਾਰ ਸਿੰਘ (ਤਰਨਾ ਦਲ ਸੁਰ ਸਿੰਘ), ਜਥੇਦਾਰ ਬਾਬਾ ਜੋਗਾ ਸਿੰਘ (ਮਿਸਲ ਸ਼ਹੀਦ ਤਰਨਾ ਦਲ, ਬਾਬਾ ਬਕਾਲਾ) ਅਤੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਮੇਤ ਵੱਖ-ਵੱਖ ਤਰਨਾ ਦਲਾਂ ਦੇ ਮੁਖੀ ਅਤੇ ਅਕਾਲੀ ਫੌਜਾਂ ਨੇ ਵੀ ਸ਼ਮੂਲੀਅਤ ਕੀਤੀ।