ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ
ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ
Publish Date: Wed, 18 Feb 2026 05:28 PM (IST)
Updated Date: Thu, 19 Feb 2026 04:04 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਗੁਰੂ ਦੀ ਕਾਸ਼ੀ ਦਾ ਵਰ ਪ੍ਰਾਪਤ ਇਤਿਹਾਸਕ ਸ਼ਹਿਰ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮੱਸਿਆ ਦਾ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਅੰਮ੍ਰਿਤ ਵੇਲੇ ਤੋਂ ਹੀ ਮਾਲਵੇ ਦੀਆਂ ਸਿੱਖ ਸੰਗਤ ਨੇ ਵੱਡੀ ਗਿਣਤੀ ’ਚ ਪਵਿੱਤਰ ਸਰੋਵਰਾਂ ’ਚ ਇਸ਼ਨਾਨ ਕੀਤਾ। ਇਸ ਮੌਕੇ ਸੰਗਤ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ, ਬੁੰਗਾ ਮਸਤੂਆਣਾ ਸਾਹਿਬ, ਸ੍ਰੋਮਣੀ ਪੰਥ ਬੁੱਢਾ ਦਲ 96 ਕਰੋੜੀ ਦੇ ਹੈਡਕੁਆਟਰ, ਯਾਦਗਾਰ ਸ਼ਹੀਦ ਬਾਬਾ ਦੀਪ ਸਿੰਘ, ਗੁਰਦੁਆਰਾ ਨਾਨਕਸਰ ਸਾਹਿਬ ਪਾਤਸ਼ਾਹੀ ਪਹਿਲੀ, ਗੁਰਦੁਆਰਾ ਬਾਬਾ ਬੀਰ ਸਿੰਘ ਧੀਰ ਸਿੰਘ, ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ ਆਦਿ ਇਤਿਹਾਸਿਕ ਅਸਥਾਨਾਂ ’ਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਕਰਵਾਈਆਂ ਤੇ ਮੱਥਾ ਟੇਕਿਆ। ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਵਿੰਗ ਵੱਲੋਂ ਢਾਡੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਆਈ ਹੋਈ ਸਿੱਖ ਸੰਗਤ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਗੁਰਦੁਆਰਾ ਬੂੰਗਾ ਮਸਤੂਆਣਾ ਸਾਹਿਬ ਵਿਖੇ ਸੰਤ ਬਾਬਾ ਕਾਕਾ ਸਿੰਘ ਦੀ ਅਗਵਾਈ ਹੇਠ ਆਈਆਂ ਹੋਈਆਂ, ਸਿੱਖ ਸੰਗਤ ਲਈ ਗੁਰੂ ਕੇ ਲੰਗਰ ਵਰਤਾਏ। ਬੁੱਢਾ ਦਲ ਦੇ ਹੈਡ ਕੁਆਰਟਰ ਗੁਰਦੁਆਰਾ ਬੇਰ ਸਾਹਿਬ ਦੇਗਸਰ ਪਾਤਸ਼ਾਹੀ ਦਸਵੀਂ ਯਾਦਗਾਰ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਵੀ ਕਥਾ ਗਿਆਨੀ ਇੰਦਰ ਸਿੰਘ ਬੁੱਢਾ ਦਲ ਤੇ ਕਵੀਸ਼ਰੀ ਜਥੇ ਵੱਲੋਂ ਨਿਰੰਤਰ ਪ੍ਰਵਾਹ ਚਲਾਏ ਗਏ। ਇਸ ਮੌਕੇ ਹਾਜ਼ਰ ਨਿਹੰਗ ਸਿੰਘਾਂ ਦੇ ਸ਼ਸਤਰਾਂ ਦੇ ਲਾਇਸੈਂਸ ਨਿਊ ਕੀਤੇ ਗਏ ਅਤੇ ਨਵੇਂ ਅੰਮ੍ਰਿਤ ਛਕਣ ਵਾਲੇ ਪ੍ਰਾਣੀਆਂ ਨੂੰ ਧਾਰਮਿਕ ਸ਼ਸਤਰ ਰੱਖਣ ਦੇ ਲਾਇਸੈਂਸ ਵੀ ਜਾਰੀ ਕੀਤੇ। ਸੇਵਾਦਾਰ ਬਾਬਾ ਦਲੇਰ ਸਿੰਘ ਨੇ ਦੱਸਿਆ ਕਿ ਬੁੱਢਾ ਦਲ ਵੱਲੋਂ ਹਰ ਮੱਸਿਆ ਨੂੰ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ। ਅੱਜ ਪੰਜ ਪਿਆਰਿਆਂ ਵੱਲੋਂ ਤਿਆਰ ਕੀਤੇ ਅੰਮ੍ਰਿਤ ਸੰਚਾਰ ਦੌਰਾਨ 55 ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਲੈ ਕੇ ਗੁਰੂ ਵਾਲੇ ਬਣੇ। ਨਿਹੰਗ ਸਿੰਘਾਂ ਵੱਲੋ ਆਈ ਹੋਈ ਸਿੱਖ ਸੰਗਤ ਲਈ ਸ਼ਰਦਾਈਆਂ ਦੇ ਲੰਗਰ ਵੀ ਅਤੁੱਟ ਵਰਤਾਏ ਗਏ।