- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਖਤ ਸਾਹਿਬ ਨੂੰ ਰੇਲ ਲਿੰਕ ਨਾਲ ਜੋੜਨ ਲਈ ਸਿਰਫ਼ ਚਿੱਠੀਆਂ ਲਿਖਣ ਤਕ ਹੀ ਸੀਮਤ ਰਹੇ ਅਕਾਲੀ: ਰਵਨੀਤ ਬਿੱਟੂ

-ਕਿਹਾ, ਪਠਾਨਕੋਟ ’ਚ ਨਾਜਾਇਜ਼ ਮਾਈਨਿੰਗ ਨਾਲ ਰੇਲਵੇ ਤੇ ਨੈਸ਼ਨਲ ਹਾਈਵੇ ਦੇ ਪੁਲ ਦਾ ਹੋ ਰਿਹੈ ਨੁਕਸਾਨ
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰੇਲ ਲਿੰਕ ਨਾਲ ਜੋੜਨ ਦੇ ਮਾਮਲੇ ’ਤੇ ਅਕਾਲੀ ਦਲ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਕੇਂਦਰ ’ਚ ਮੰਤਰੀ ਰਹੇ ਤੇ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਵੀ ਸੀ, ਪਰ ਉਸ ਸਮੇਂ ਵੀ ਇਹ ਮਹੱਤਵਪੂਰਨ ਪ੍ਰੋਜੈਕਟ ਨੂੰ ਸਿਰੇ ਚਾੜ੍ਹਨ ਲਈ ਕੁਝ ਨਹੀਂ ਕੀਤਾ ਗਿਆ। ਪ੍ਰੈਸ ਵਾਰਤਾ ਦੌਰਾਨ ਬਿੱਟੂ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਦੇ ਆਗੂ ਤਖਤ ਸਾਹਿਬ ਨੂੰ ਰੇਲ ਲਿੰਕ ਨਾਲ ਜੋੜਨ ਲਈ ਸਿਰਫ਼ ਚਿੱਠੀਆਂ ਲਿਖਣ ਤਕ ਹੀ ਸੀਮਤ ਰਹੇ, ਪਰ ਜ਼ਮੀਨੀ ਪੱਧਰ ‘ਤੇ ਕੋਈ ਢੁੱਕਵਾਂ ਉਪਰਾਲਾ ਨਹੀਂ ਕੀਤਾ ਗਿਆ। ਉਨ੍ਹਾਂ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਅਸਲ ’ਚ ਇਨ੍ਹਾਂ ਅਖੌਤੀ ਪੰਥਕ ਆਗੂਆਂ ਦੇ ਮਨ ’ਚ ਹੀ ਖੋਟ ਸੀ, ਜਿਸ ਕਰਕੇ ਇਹ ਪ੍ਰੋਜੈਕਟ ਲੰਬੇ ਸਮੇਂ ਤਕ ਲਟਕਿਆ ਰਿਹਾ। ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ’ਤੇ ਰਾਜਨੀਤੀ ਨਾਂ ਕਰਨ। ਉਨ੍ਹਾਂ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਨੂੰ ਤਕੜੀਆਂ ਦੱਸਦਿਆਂ ਇਸ ਪ੍ਰੋਜੈਕਟ ਨੂੰ ਸਿਰੇ ਚੜਾਉਣ ਲਈ ਸਹਿਯੋਗ ਦੀ ਮੰਗ ਕੀਤੀ।
ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰੇਲਵੇ ਨਾਲ ਜੋੜਨਾ ਸਿੱਖ ਸੰਗਤ ਦੀ ਲੰਬੇ ਸਮੇਂ ਤੋਂ ਮੰਗ ਸੀ, ਜਿਸਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਇਕ ਸਵਾਲ ਦੇ ਜਵਾਬ ਵਿੱਚ ਬਿੱਟੂ ਨੇ ਭਾਜਪਾ-ਅਕਾਲੀ ਦਲ ਸਬੰਧਾਂ ‘ਤੇ ਵੀ ਟਿੱਪਣੀ ਕੀਤੀ। ਜਦੋਂ ਭਾਜਪਾ ਅਤੇ ਅਕਾਲੀ ਦਲ ਇਕੱਠੇ ਹੁੰਦੇ ਹਨ ਤਾਂ ਅਕਾਲੀ ਦਲ ਨੂੰ ਸਭ ਕੁਝ ਠੀਕ ਲੱਗਦਾ ਹੈ, ਪਰ ਜਦੋਂ ਦੋਵਾਂ ਵਿਚ ਅੰਤਰ ਪੈ ਜਾਂਦਾ ਹੈ ਤਾਂ ਉਹ ਭਾਜਪਾ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਅਕਾਲੀ ਦਲ ਨੇ ਸਿੱਖ ਕੌਮ ਨੂੰ ਖੋਰਾ ਲਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਨੇ ਖੋਰਾ ਨਹੀਂ ਲਾਇਆ ਤਾਂ ਫ਼ਿਰ ਫਿਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਕਮੇਟੀ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਵੱਖ ਕਿਉਂ ਹੋਈਆਂ ਹਨ। ਬਿੱਟੂ ਨੇ ਕਿਹਾ ਕਿ ਸਿੱਖਾਂ ਦੀ ਪ੍ਰਮੁੱਖ ਧਾਰਮਿਕ ਸੰਸਥਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਮਹਾਰਾਸ਼ਟਰ ’ਚ ਉਥੋਂ ਦੇ ਮੁੱਖ ਮੰਤਰੀ ਤੇ ਦੇਸ਼ ਦੇ ਗ੍ਰਹਿ ਮੰਤਰੀ ਨਾਲ ਮਿਲ ਕੇ ਪ੍ਰੋਗਰਾਮਾਂ ਦੀ ਯੋਜਨਾ ਤਿਆਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਜਪਾ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਦਿਹਾੜੇ ਮੌਕੇ ਭਾਜਪਾ ਵੱਲੋਂ ਮਹਾਰਾਸ਼ਟਰ ਵਿੱਚ ਲਗਭਗ 10 ਹਜ਼ਾਰ ਮੈਡੀਕਲ ਕੈਂਪ ਲਗਾਏ ਗਏ ਸਨ। ਇਸ ਦੌਰਾਨ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਿਰਾਂ ‘ਤੇ ਦਸਤਾਰਾਂ ਸਜਾ ਕੇ ਸਿੱਖ ਪਰੰਪਰਾਵਾਂ ਦਾ ਸਤਿਕਾਰ ਕੀਤਾ। ਇਹ ਉਪਰਾਲੇ ਸਪੱਸ਼ਟ ਕਰਦੇ ਹਨ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਸਿੱਖ ਧਰਮ ਤੇ ਉਸ ਦੀਆਂ ਪਰੰਪਰਾਵਾਂ ਦਾ ਪੂਰਾ ਆਦਰ ਕੀਤਾ ਜਾ ਰਿਹਾ ਹੈ। ਉਨ੍ਹਾਂ ਅਕਾਲੀ ਦਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਸਿਰਫ਼ ਰਾਜਨੀਤਕ ਲਾਭ ਲਈ ਧਾਰਮਿਕ ਮਸਲਿਆਂ ਨੂੰ ਉਭਾਰਦੇ ਹਨ, ਜਦਕਿ ਹਕੀਕਤ ਵਿੱਚ ਉਨ੍ਹਾਂ ਨੇ ਗੁਰੂਆਂ ਤੇ ਸਾਹਿਬਜ਼ਾਦਿਆਂ ਦੇ ਦਿਨ ਮਨਾਉਣ ਲਈ ਵੀ ਕੋਈ ਵਿਸ਼ੇਸ਼ ਪਹਿਲ ਨਹੀਂ ਕੀਤੀ।
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪਠਾਨਕੋਟ ਵਿੱਚ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਦੇ ਮਾਮਲੇ ‘ਤੇ ਗੰਭੀਰ ਚਿੰਤਾ ਜਤਾਉਂਦਿਆਂ ਕਿਹਾ ਕਿ ਇਸ ਕਾਰਨ ਰੇਲਵੇ ਅਤੇ ਨੈਸ਼ਨਲ ਹਾਈਵੇ ਦੇ ਪੁੱਲਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਮੰਨਿਆ ਕਿ ਇਹ ਮਾਮਲਾ ਕਾਫ਼ੀ ਸੰਵੇਦਨਸ਼ੀਲ ਹੈ ਤੇ ਜਲਦੀ ਹੀ ਇਸ ਨੂੰ ਰੋਕਣ ਲਈ ਢੁਕਵੇਂ ਕਦਮ ਚੁੱਕੇ ਜਾਣਗੇ। ਰੇਲਵੇ ਦੀ ਜ਼ਮੀਨ ਨੂੰ ਕਵਰ ਕਰਕੇ ਸੁਰੱਖਿਅਤ ਬਣਾਇਆ ਜਾਵੇਗਾ, ਤਾਂ ਜੋ ਭਵਿੱਖ ਵਿੱਚ ਕਿਸੇ ਤਰ੍ਹਾਂ ਦਾ ਖ਼ਤਰਾ ਪੈਦਾ ਨਾ ਹੋਵੇ। ਕੇਂਦਰ ਵੱਲੋਂ ਪੰਜਾਬ ਸਰਕਾਰ ਦਾ 1600 ਕਰੋੜ ਰੁਪਏ ਦੇ ਫੰਡ ਰੋਕੇ ਜਾਣ ਦੇ ਸਵਾਲ ’ਤੇ ਕੇਂਦਰੀ ਮੰਤਰੀ ਲੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪ੍ਰੈਸ ਕਾਨਰਫੰਸ ਦੌਰਾਨ ਖੁਦ ਹੀ ਮੰਨ ਗਏ ਹਨ ਕਿ ਉਨ੍ਹਾਂ ਕੋਲ ਕੇਂਦਰ ਦੇ ਫੰਡ ਭੇਜੇ ਹਨ ਪਰ ਉਹ ਇਧਰ ਉੱਧਰ ਹੋ ਗਏ ਹਨ। ਬਿੱਟੂ ਨੇ ਕਿਹਾ ਕਿ ਪੰਜਾਬੀ ਸੂਬਾ ਬਣਨ ਤੋਂ ਬਾਅਦ ਹੁਣ ਤਕ ਮਾਲਵਾ ਦੇ ਇੱਕ ਦਰਜਨ ਜ਼ਿਲ੍ਹਿਆਂ ਨੂੰ ਰਾਜਧਾਨੀ ਚੰਡੀਗੜ੍ਹ ਨਾਲ ਜੋੜਨ ਲਈ ਰਾਜਪੁਰਾ-ਚੰਡੀਗੜ ਰੇਲ ਲਿੰਕ ਨੂੰ ਮੰਨਜ਼ੂਰ ਕਰਕੇ ਪੈਸੇ ਜਾਰੀ ਕੀਤੇ। ਇਸੇ ਤਰ੍ਹਾਂ ਫਿਰੋਜ਼ਪੁਰ-ਪੱਟੀ ਰੇਲਵੇ ਲਿੰਕ, ਜੋ ਕਿ ਨਾ ਸਿਰਫ ਵਪਾਰ ਦਾ ਵੱਡਾ ਕੋਰੀਡੋਰ ਬਣੇਗਾ, ਬਲਕਿ ਮਾਲਵਾ ਨੂੰ ਸਿੱਧੇ ਤੌਰ ‘ਤੇ ਧਾਰਮਿਕ ਰਾਜਧਾਨੀ ਅੰਮ੍ਰਿਤਸਰ ਨਾਲ ਵੀ ਜੋੜੇਗਾ। ਇਸੇ ਤਰ੍ਹਾਂ ਹੁਸ਼ਿਆਰਪੁਰ-ਚਲਵਾੜਾ ਤੇ ਬਿਆਸ ਕਾਦੀਆਂ ਰੇਲ ਲਿੰਕ ਵੀ ਮੰਨਜੂਰ ਕਰਕੇ ਸ਼ੁਰੂ ਕੀਤੇ ਜਾ ਚੁੱਕੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਰੂਪ ਚੰਦ ਸਿੰਗਲਾ, ਭਾਜਪਾ ਦੇ ਜਨਰਲ ਸਕੱਤਰ ਦਿਆਲ ਦਾਸ ਸੋਢੀ, ਸੀਨੀਅਰ ਆਗੂ ਇੰਜਨੀਅਰ ਰੁਪਿੰਦਰਜੀਤ ਸਿੰਘ, ਸੀਨੀਅਰ ਆਗੂ ਜਸਵੀਰ ਸਿੰਘ ਮਹਿਰਾਜ, ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ, ਬੂਟਾ ਭਾਈਰੂਪਾ ਪ੍ਰਧਾਨ ਕਿਸਾਨ ਮੋਰਚਾ, ਗੁਰਜੀਤ ਸਿੰਘ ਗੋਰਾ ਦਿਓਣ ਸਮੇਤ ਰੇਲਵੇ ਦੇ ਅਧਿਕਾਰੀ ਹਾਜ਼ਰ ਸਨ।