- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਨਿਗਮ ਸਰਗਰਮ, ਬਠਿੰਡਾ ਵਿੱਚ ਬਨਣਗੇ ਤੈਅਸ਼ੁਦਾ ‘ਡਾਗ ਫੀਡਿੰਗ ਪੁਆਇੰਟ’

-ਵਾਰਡ-ਵਾਰ ਹੋਵੇਗੀ ਥਾਵਾਂ ਦੀ ਪਛਾਣ, ਜਲਦ ਸ਼ੁਰੂ ਹੋਵੇਗੀ ਟੋਲ-ਫ੍ਰੀ ਹੈਲਪਲਾਈਨ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਸ਼ਹਿਰ ਵਿਚ ਆਵਾਰਾ ਕੁੱਤਿਆਂ ਦੇ ਵਧਦੇ ਖੌਫ਼ ਅਤੇ ਕੁੱਤਿਆਂ ਦੇ ਕੱਟੇ ਜਾਣ ਦੀਆਂ ਘਟਨਾਵਾਂ ਨੂੰ ਕਾਬੂ ਕਰਨ ਲਈ ਨਗਰ ਨਿਗਮ ਨੇ ਠੋਸ ਕਦਮ ਚੁੱਕਣ ਸ਼ੁਰੂ ਕਰ ਦਿੱਤੇ ਹਨ। ਸੁਪਰੀਮ ਕੋਰਟ ਆਫ ਇੰਡੀਆ ਦੇ ਨਿਰਦੇਸ਼ਾਂ ਅਨੁਸਾਰ ਹੁਣ ਬਠਿੰਡਾ ਵਿਚ ਆਵਾਰਾ ਕੁੱਤਿਆਂ ਲਈ ਨਿਯਤ ‘ਡਾਗ ਫੀਡਿੰਗ ਪੁਆਇੰਟ’ ਬਣਾਏ ਜਾਣਗੇ। ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਵੱਲੋਂ ਸੈਨੀਟੇਸ਼ਨ ਬ੍ਰਾਂਚ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਹਰ ਵਾਰਡ ਵਿੱਚ ਉਚਿਤ ਥਾਵਾਂ ਦੀ ਪਛਾਣ ਕਰਕੇ ਵਿਸਥਾਰ ਨਾਲ ਰਿਪੋਰਟ ਪੇਸ਼ ਕੀਤੀ ਜਾਵੇ। ਨਿਗਮ ਮੁਲਾਜ਼ਮਾਂ ਦਾ ਮੰਨਣਾ ਹੈ ਕਿ ਨਿਯਤ ‘ਡਾਗ ਫੀਡਿੰਗ ਪੁਆਇੰਟ’ ਬਣਨ ਨਾਲ ਸੜਕਾਂ ’ਤੇ ਕੁੱਤਿਆਂ ਦੇ ਝੁੰਡਾਂ ਦੀ ਭੀੜ ਘਟੇਗੀ। ਇਸ ਨਾਲ ਲੋਕਾਂ ਵਿਚ ਡਰ ਦੀ ਭਾਵਨਾ ਘਟੇਗੀ ਤੇ ਡਾਗ ਬਾਈਟ ਦੀਆਂ ਘਟਨਾਵਾਂ ਵਿੱਚ ਵੀ ਕਮੀ ਆਵੇਗੀ। ਇਸ ਦੇ ਨਾਲ ਹੀ ਆਵਾਰਾ ਕੁੱਤਿਆਂ ਨੂੰ ਇੱਧਰ-ਉੱਧਰ ਖਾਣ ਦੀ ਭਾਲ ਵਿਚ ਭਟਕਣ ਦੀ ਲੋੜ ਨਹੀਂ ਰਹੇਗੀ। ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਸ਼ਹਿਰੀ ਨਿਕਾਇਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਆਪਣੇ-ਆਪਣੇ ਇਲਾਕਿਆਂ ’ਚ ਆਵਾਰਾ ਕੁੱਤਿਆਂ ਲਈ ਤੈਅਸ਼ੁਦਾ ਫੀਡਿੰਗ ਜੋਨ ਬਣਾਉਣ ਤਾਂ ਜੋ ਜਨਤਕ ਸੁਰੱਖਿਆ ਅਤੇ ਪਸ਼ੂ ਕਲਿਆਣ ਵਿਚਕਾਰ ਸੰਤੁਲਨ ਬਣਾਇਆ ਜਾ ਸਕੇ। ਹਦਾਇਤਾਂ ਅਨੁਸਾਰ ਇਹ ਪੁਆਇੰਟ ਅਜਿਹੀਆਂ ਥਾਵਾਂ ’ਤੇ ਬਣਾਏ ਜਾਣ ਜੋ ਭੀੜ-ਭਾੜ ਤੋਂ ਦੂਰ ਹੋਣ ਅਤੇ ਜਿੱਥੇ ਸਫ਼ਾਈ ਬਣਾਈ ਰੱਖਣਾ ਆਸਾਨ ਹੋਵੇ। ਖ਼ਾਸ ਕਰਕੇ ਸਕੂਲਾਂ, ਹਸਪਤਾਲਾਂ, ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਤੋਂ ਦੂਰੀ ਬਣਾਈ ਰੱਖਣਾ ਲਾਜ਼ਮੀ ਹੋਵੇਗਾ।
-ਬਾਕਸ-
-ਹਰ ਵਾਰਡ ’ਚ ਹੋਵੇਗਾ ਨਿਰੀਖਣ
ਨਿਗਮ ਦੇ ਚੀਫ਼ ਸੈਨੀਟਰੀ ਇੰਸਪੈਕਟਰ ਸੰਦੀਪ ਕਟਾਰੀਆ ਨੇ ਫ਼ੀਲਡ ਅਧਿਕਾਰੀਆਂ ਨੂੰ ਆਪਣੇ-ਆਪਣੇ ਵਾਰਡਾਂ ਵਿੱਚ ਵਿਸਥਾਰ ਪੂਰਵਕ ਨਿਰੀਖਣ ਕਰਨ ਲਈ ਕਿਹਾ ਹੈ। ਉਨ੍ਹਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਚੁਣੀਆਂ ਜਾਣ ਵਾਲੀਆਂ ਥਾਵਾਂ ਸੁਰੱਖਿਅਤ ਹੋਣ ਅਤੇ ਉਥੇ ਸਥਾਨਕ ਨਿਵਾਸੀਆਂ ਨੂੰ ਕੋਈ ਅਸੁਵਿਧਾ ਨਾ ਹੋਵੇ। ਵਾਰਡ-ਵਾਰ ਪਹਿਚਾਣ ਕੀਤੀਆਂ ਥਾਵਾਂ ਦੀ ਸੂਚੀ ਜਲਦੀ ਤਿਆਰ ਕਰਕੇ ਇਕੱਠੀ ਰਿਪੋਰਟ ਨਿਗਮ ਪ੍ਰਸ਼ਾਸਨ ਨੂੰ ਸੌਂਪੀ ਜਾਵੇਗੀ। ਇਸ ਦੇ ਆਧਾਰ ’ਤੇ ਅਗਲੀ ਕਾਰਵਾਈ ਦੀ ਯੋਜਨਾ ਤਿਆਰ ਕੀਤੀ ਜਾਵੇਗੀ। ਕੁੱਤਿਆਂ ਦੇ ਕਾਬੂ ਪਾਉਣ ਲਈ ਸਖਤ ਕਦਮ ਚੁੱਕੇ ਜਾਣਗੇ।
-ਬਾਕਸ-
-ਟੋਲ-ਫ੍ਰੀ ਹੈਲਪਲਾਈਨ ਵੀ ਜਲਦ ਹੋਵੇਗਾ ਸ਼ੁਰੂ
ਆਵਾਰਾ ਕੁੱਤਿਆਂ ਨਾਲ ਸਬੰਧਤ ਸ਼ਿਕਾਇਤਾਂ ਅਤੇ ਜਾਣਕਾਰੀ ਪ੍ਰਾਪਤ ਕਰਨ ਲਈ ਨਗਰ ਨਿਗਮ ਵੱਲੋਂ ਇੱਕ ਟੋਲ-ਫ੍ਰੀ ਹੈਲਪਲਾਈਨ ਨੰਬਰ ਸ਼ੁਰੂ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਹੈ। ਇਹ ਨੰਬਰ ਜਲਦ ਜਾਰੀ ਕੀਤਾ ਜਾਵੇਗਾ ਅਤੇ ਇਸਦਾ ਪ੍ਰਚਾਰ ਸ਼ਹਿਰ ਭਰ ਵਿੱਚ ਪੋਸਟਰਾਂ, ਬੈਨਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਲੋਕ ਆਪਣੀਆਂ ਸ਼ਿਕਾਇਤਾਂ ਆਸਾਨੀ ਨਾਲ ਦਰਜ ਕਰਵਾ ਸਕਣਗੇ ਅਤੇ ਨਿਗਮ ਤਕ ਸਹੀ ਜਾਣਕਾਰੀ ਸਮੇਂ ਸਿਰ ਪਹੁੰਚੇਗੀ। ਇਸ ਨਾਲ ਆਵਾਰਾ ਕੁੱਤਿਆਂ ’ਤੇ ਰੋਕ ਲੱਗਣ ’ਚ ਸਹਾਇਤਾ ਮਿਲੇਗੀ।
-ਬਾਕਸ-
-ਕੀ ਹੁੰਦੇ ਹਨ ਡਾਗ ਫੀਡਿੰਗ ਪੁਆਇੰਟ?
‘ਡਾਗ ਫੀਡਿੰਗ ਪੁਆਇੰਟ’ ਉਹ ਨਿਯਤ ਥਾਵਾਂ ਹੁੰਦੀਆਂ ਹਨ ਜਿੱਥੇ ਆਵਾਰਾ ਕੁੱਤਿਆਂ ਨੂੰ ਖੁਰਾਕ ਦੇਣ ਦੀ ਆਗਿਆ ਹੁੰਦੀ ਹੈ। ਇਨ੍ਹਾਂ ਦਾ ਮਕਸਦ ਲੋਕਾਂ ਤੇ ਪਸ਼ੂਆਂ ਦੋਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਨਿਗਮ ਦਾ ਮੰਨਣਾ ਹੈ ਕਿ ਜਦੋਂ ਕੁੱਤਿਆਂ ਨੂੰ ਇਕ ਨਿਯਤ ਥਾਂ ’ਤੇ ਨਿਯਮਿਤ ਖੁਰਾਕ ਮਿਲੇਗੀ ਤਾਂ ਉਹ ਸੜਕਾਂ ’ਤੇ ਝੁੰਡ ਬਣਾ ਕੇ ਨਹੀਂ ਫਿਰਨਗੇ, ਜਿਸ ਨਾਲ ਟ੍ਰੈਫਿਕ ਵਿਚ ਰੁਕਾਵਟ ਅਤੇ ਬੱਚਿਆਂ ਜਾਂ ਬਜ਼ੁਰਗਾਂ ’ਤੇ ਹਮਲਿਆਂ ਦੀਆਂ ਘਟਨਾਵਾਂ ਘਟਣ ਦੀ ਸੰਭਾਵਨਾ ਹੈ। ਸ਼ਹਿਰ ਵਾਸੀਆਂ ਨੇ ਨਗਰ ਨਿਗਮ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ। ਲੰਮੇ ਸਮੇਂ ਤੋਂ ਲੋਕ ਆਵਾਰਾ ਕੁੱਤਿਆਂ ਦੇ ਖੌਫ਼ ਕਾਰਨ ਪਰੇਸ਼ਾਨ ਸਨ। ਹੁਣ ਨਿਗਰਾਨੀ ਤੇ ਨਿਯਤ ਫੀਡਿੰਗ ਜ਼ੋਨ ਬਣਨ ਨਾਲ ਹਾਲਾਤ ਵਿੱਚ ਸੁਧਾਰ ਦੀ ਉਮੀਦ ਜਤਾਈ ਜਾ ਰਹੀ ਹੈ।