- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਗਲਵਾਰ ਨੂੰ ਧੁੱਪ ਨਿਕਲਣ ਨਾਲ ਤਾਪਮਾਨ 1 ਡਿਗਰੀ ਵਧਿਆ, ਪਰ ਸੀਤ ਲਹਿਰ ਦਾ ਪ੍ਰਕੋਪ ਪਹਿਲਾਂ ਵਾਂਗ ਜਾਰੀ ਰਿਹਾ

-ਵੱਧ ਤੋਂ ਵੱਧ ਤਾਪਮਾਨ 2.1 ਡਿਗਰੀ ਹੇਠਾਂ ਆਇਆ, ਠੰਢ ਕਾਰਨ ਇਕ ਵਿਅਕਤੀ ਦੀ ਹੋਈ ਮੌਤ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ :
ਮੰਗਲਵਾਰ ਨੂੰ ਸਵੇਰ ਸਮੇਂ ਇਲਾਕੇ ਵਿੱਚ ਸੰਘਣੀ ਧੁੰਦ ਪਈ ਰਹੀ, ਜਿਸ ਕਾਰਨ ਆਮ ਜੀਵਨ ਪ੍ਰਭਾਵਿਤ ਹੋਇਆ। ਸੜਕਾਂ ’ਤੇ ਦ੍ਰਿਸ਼ਟਤਾ ਘੱਟ ਰਹਿਣ ਕਾਰਨ ਵਾਹਨ ਚਾਲਕਾਂ ਨੂੰ ਖਾਸੀ ਸਾਵਧਾਨੀ ਵਰਤਣੀ ਪਈ। ਦਫ਼ਤਰਾਂ ਅਤੇ ਹੋਰ ਕੰਮ ਧੰਦੇ ਜਾਣ ਵਾਲੇ ਲੋਕਾਂ ਨੂੰ ਵੀ ਸਵੇਰੇ ਸਮੇਂ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਆਵਾਜਾਈ ਹੌਲੀ ਰਹੀ, ਜਦਕਿ ਰੇਲ ਅਤੇ ਸੜਕ ਟਰੈਫਿਕ ’ਤੇ ਵੀ ਧੁੰਦ ਦਾ ਅਸਰ ਵੇਖਣ ਨੂੰ ਮਿਲਿਆ। ਹਾਲਾਂਕਿ ਦਿਨ ਚੜ੍ਹਦੇ ਹੀ ਧੁੰਦ ਹੌਲੀ-ਹੌਲੀ ਛਟ ਗਈ ਅਤੇ ਧੁੱਪ ਨਿਕਲ ਆਈ। ਧੁੱਪ ਨਿਕਲਣ ਨਾਲ ਲੋਕਾਂ ਨੂੰ ਕੁਝ ਹੱਦ ਤਕ ਠੰਢ ਤੋਂ ਰਾਹਤ ਮਹਿਸੂਸ ਹੋਈ ਅਤੇ ਦੁਪਹਿਰ ਦੇ ਸਮੇਂ ਮੌਸਮ ਕੁਝ ਸੁਹਾਵਣਾ ਬਣ ਗਿਆ, ਪਰ ਸੀਤ ਲਹਿਰ ਚੱਲਦੀ ਰਹੀ। ਇਸ ਦੌਰਾਨ ਹੀ ਠੰਢ ਕਾਰਨ ਬਠਿੰਡਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।
ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਘੱਟ ਤੋਂ ਘੱਟ ਤਾਪਮਾਨ ਵਿੱਚ ਲਗਭਗ 1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਪਰ ਇਸ ਦੇ ਬਾਵਜੂਦ ਸੀਤ ਲਹਿਰ ਦਾ ਪ੍ਰਕੋਪ ਪਹਿਲਾਂ ਵਾਂਗ ਹੀ ਜਾਰੀ ਰਿਹਾ। ਠੰਢੀਆਂ ਹਵਾਵਾਂ ਚੱਲਣ ਕਾਰਨ ਸਵੇਰੇ ਅਤੇ ਸ਼ਾਮ ਦੇ ਸਮੇਂ ਜਿਆਦਾ ਠੰਢ ਮਹਿਸੂਸ ਕੀਤੀ ਗਈ। ਲੋਕਾਂ ਨੇ ਗਰਮ ਕੱਪੜੇ, ਸਵੈਟਰ, ਜੈਕਟਾਂ ਤੇ ਸ਼ਾਲਾਂ ਦਾ ਸਹਾਰਾ ਲਿਆ ਰੱਖਿਆ। ਮੰਗਲਵਾਰ ਨੂੰ ਘੱਟ ਤੋਂ ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 13.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਕਿ ਸੋਮਵਾਰ ਨਾਲੋਂ ਘੱਟ ਤੋਂ ਘੱਟ ਤਾਪਮਾਨ ’ਚ 1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਪਰ ਦੂਜੇ ਪਾਸੇ ਵੱਧ ਤੋਂ ਵੱਧ ਤਾਪਮਾਨ 2.1 ਡਿਗਰੀ ਸੈਲਸੀਅਸ ਹੇਠਾਂ ਆ ਗਿਆ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਠੰਢਾ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਦੌਰਾਨ ਘੱਟ ਤੋਂ ਘੱਟ ਤਾਪਮਾਨ 2 ਤੋਂ 5 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ, ਜਦਕਿ ਵੱਧ ਤੋਂ ਵੱਧ ਤਾਪਮਾਨ 14 ਤੋਂ 16 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿ ਸਕਦਾ ਹੈ। ਇਸ ਦੌਰਾਨ ਸਵੇਰੇ ਧੁੰਦ ਪੈਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਹਵਾ ਵਿਚ ਨਮੀ 65 ਤੋਂ 96 ਫੀਸਦੀ ਰਹਿਣ ਅਤੇ 5 ਤੋਂ 7 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਠੰਢੀਆਂ ਹਵਾਵਾਂ ਚੱਲ ਸਕਦੀਆਂ ਹਨ।
ਸਿਹਤ ਮਾਹਿਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਠੰਢ ਤੋਂ ਬਚਾਅ ਲਈ ਪੂਰੀ ਸਾਵਧਾਨੀ ਵਰਤੀ ਜਾਵੇ। ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਦੀ ਸੰਭਾਲ ’ਤੇ ਧਿਆਨ ਦੇਣ ਦੀ ਲੋੜ ਹੈ। ਕੁੱਲ ਮਿਲਾ ਕੇ ਭਾਵੇਂ ਮੰਗਲਵਾਰ ਨੂੰ ਧੁੱਪ ਨਿਕਲਣ ਨਾਲ ਤਾਪਮਾਨ ਵਿੱਚ ਹਲਕਾ ਵਾਧਾ ਦਰਜ ਕੀਤਾ ਗਿਆ, ਪਰ ਸੀਤ ਲਹਿਰ ਦਾ ਅਸਰ ਅਜੇ ਵੀ ਬਣਿਆ ਹੋਇਆ ਹੈ ਤੇ ਲੋਕਾਂ ਨੂੰ ਅਗਲੇ ਦਿਨਾਂ ਵਿੱਚ ਵੀ ਕੜੀ ਠੰਢ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ।
-ਬਾਕਸ-
-ਰੇਲਵੇ ਸਟੇਸ਼ਨ ’ਤੇ ਹੋਈ ਵਿਅਕਤੀ ਦੀ ਮੌਤ, ਮੌਰਚਰੀ ’ਚ ਪਹੁੰਚਾਈ ਲਾਸ਼
ਬਠਿੰਡਾ ਦੇ ਸਥਾਨਕ ਰੇਲਵੇ ਸਟੇਸ਼ਨ ’ਦੇ ਇਕ ਵਿਅਕਤੀ ਦੀ ਠੰਢ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਮਿਲਣ ’ਤੇ ਸਹਾਰਾ ਦਫ਼ਤਰ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਰਾਜਿੰਦਰ ਕੁਮਾਰ ਅਤੇ ਜੱਗਾ ਸਿੰਘ ਤੁਰੰਤ ਮੌਕੇ ’ਤੇ ਪਹੁੰਚੇ। ਮੌਕੇ ’ਤੇ ਰੋਪਵੇ ਹੇਠਾਂ ਇਕ ਵਿਅਕਤੀ ਦੀ ਲਾਸ਼ ਪਈ ਹੋਈ ਮਿਲੀ। ਸਹਾਰਾ ਟੀਮ ਵੱਲੋਂ ਤੁਰੰਤ ਥਾਣਾ ਜੀਆਰਪੀ. ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ’ਤੇ ਜੀਆਰਪੀ. ਦੇ ਅਧਿਕਾਰੀ ਘਟਨਾ ਵਾਲੀ ਥਾਂ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ। ਪੁਲਿਸ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਮ੍ਰਿਤਕ ਦੇ ਕੋਲੋਂ ਕੋਈ ਵੀ ਅਜਿਹਾ ਦਸਤਾਵੇਜ਼ ਨਹੀਂ ਮਿਲਿਆ, ਜਿਸ ਨਾਲ ਉਸ ਦੀ ਪਛਾਣ ਹੋ ਸਕੇ। ਪੁਲਿਸ ਕਾਰਵਾਈ ਪੂਰੀ ਹੋਣ ਉਪਰੰਤ ਸਹਾਰਾ ਟੀਮ ਨੇ ਮ੍ਰਿਤਕ ਨੂੰ ਸਿਵਲ ਹਸਪਤਾਲ ਦੀ ਮੌਰਚਰੀ ’ਚ ਭੇਜਿਆ। ਸਹਾਰਾ ਦੇ ਗੌਤਮ ਗੋਇਲ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਅਤੇ ਉਸ ਦੀ ਪਛਾਣ ਲਈ ਯਤਨ ਜਾਰੀ ਹਨ। ਮੱਢਲੀ ਜਾਂਚ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਮ੍ਰਿਤਕ ਇਕ ਬੇਸਹਾਰਾ ਵਿਅਕਤੀ ਸੀ, ਜੋ ਕੜੀ ਠੰਢ ਦਾ ਸ਼ਿਕਾਰ ਹੋ ਗਿਆ। ਇਸ ਘਟਨਾ ਨੇ ਇਕ ਵਾਰ ਫਿਰ ਅੱਤ ਦੀ ਠੰਢ ਦੌਰਾਨ ਬੇਸਹਾਰਾ ਲੋਕਾਂ ਦੀ ਸੁਰੱਖਿਆ ਪ੍ਰਤੀ ਪ੍ਰਸ਼ਾਸਨ ਅਤੇ ਸਮਾਜ ਦੀ ਜ਼ਿੰਮੇਵਾਰੀ ਵੱਲ ਧਿਆਨ ਖਿੱਚਿਆ ਹੈ।
-ਬਾਕਸ-
-ਸਹਾਰਾ ਟੀਮ ਦੇ ਮੈਂਬਰਾਂ ਨੇ ਠੰਢ ਦੌਰਾਨ ਪਏ 18 ਵਿਅਕਤੀਆਂ ਦੀ ਬਚਾਈ ਜਾਨ
ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਜਨ ਸੇਵਾ ਟੀਮ ਵੱਲੋਂ ਕੜੀ ਠੰਢ ਦੌਰਾਨ ਵੱਡਾ ਉਪਰਾਲਾ ਕਰਦੇ ਹੋਏ ਪਿਛਲੇ ਇਕ ਹਫ਼ਤੇ ਵਿੱਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ 18 ਬੇਸਹਾਰਾ ਵਿਅਕਤੀਆਂ ਦੀ ਜਾਨ ਬਚਾਈ ਗਈ। ਇਹ ਵਿਅਕਤੀ ਬਿਨਾਂ ਗਰਮ ਕੱਪੜਿਆਂ ਦੇ ਖੁੱਲ੍ਹੇ ਆਸਮਾਨ ਹੇਠਾਂ ਜਾਂ ਨਸ਼ੇ ਦੀ ਹਾਲਤ ’ਚ ਸੜਕਾਂ ਕੰਢੇ ਪਏ ਹੋਏ ਮਿਲੇ ਸਨ। ਸਹਾਰਾ ਜਨ ਸੇਵਾ ਟੀਮ ਦੇ ਮੈਂਬਰ ਵਿੱਕੀ ਕੁਮਾਰ, ਸੰਦੀਪ ਗੋਇਲ, ਰਾਜਿੰਦਰ ਕੁਮਾਰ ਅਤੇ ਗੌਤਮ ਗੋਇਲ ਵੱਲੋਂ ਇਨ੍ਹਾਂ ਬੇਸਹਾਰਾ ਲੋਕਾਂ ਨੂੰ ਤੁਰੰਤ ਗਰਮ ਕੰਬਲ ਪ੍ਰਦਾਨ ਕੀਤੇ ਗਏ ਤੇ ਉਨ੍ਹਾਂ ਨੂੰ ਸਹਾਰਾ ਦੇ ‘ਆਪਣਾ ਘਰ’ ਤੇ ਰੈਣ ਬਸੇਰਿਆਂ ਵਿਚ ਪਹੁੰਚਾ ਕੇ ਉਨ੍ਹਾਂ ਦਾ ਜੀਵਨ ਸੁਰੱਖਿਅਤ ਕੀਤਾ ਗਿਆ। ਟੀਮ ਵੱਲੋਂ ਰਾਤ ਦੇ ਸਮੇਂ ਖ਼ਾਸ ਤੌਰ ’ਤੇ ਪੈਟਰੋਲਿੰਗ ਕਰਕੇ ਅਜਿਹੇ ਲੋਕਾਂ ਦੀ ਪਛਾਣ ਕੀਤੀ ਗਈ, ਜੋ ਠੰਢ ਕਾਰਨ ਜਾਨੀ ਖ਼ਤਰੇ ਵਿਚ ਸਨ। ਸਹਾਰਾ ਜਨ ਸੇਵਾ ਦੇ ਸੰਸਥਾਪਕ ਵਿਜੇ ਗੋਇਲ ਨੇ ਦੱਸਿਆ ਕਿ ਸੰਸਥਾ ਵੱਲੋਂ ਕੜੀ ਸਰਦੀ ਦੌਰਾਨ ਬੇਸਹਾਰਾ ਲੋਕਾਂ ਨੂੰ ਠੰਢ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਬਿਨਾਂ ਛੱਤ ਦੇ ਖੁੱਲ੍ਹੇ ਆਸਮਾਨ ਹੇਠਾਂ ਰਹਿਣ ਲਈ ਮਜਬੂਰ ਹਨ, ਉਨ੍ਹਾਂ ਤਕ ਮਦਦ ਪਹੁੰਚਾਉਣਾ ਸਹਾਰਾ ਦੀ ਪ੍ਰਾਥਮਿਕਤਾ ਹੈ। ਵਿਜੇ ਗੋਇਲ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਤੇ ਵੀ ਕੋਈ ਵਿਅਕਤੀ ਬਿਨਾਂ ਗਰਮ ਕੱਪੜਿਆਂ ਦੇ ਜਾਂ ਬੇਸਹਾਰਾ ਹਾਲਤ ਵਿੱਚ ਮਿਲੇ, ਤਾਂ ਤੁਰੰਤ ਸਹਾਰਾ ਦੇ ਮੁੱਖ ਦਫ਼ਤਰ ਦੇ ਹੈਲਪਲਾਈਨ ਨੰਬਰ 98551-33333 ’ਤੇ ਸੂਚਨਾ ਦਿੱਤੀ ਜਾਵੇ, ਤਾਂ ਜੋ ਸਮੇਂ ਸਿਰ ਮਦਦ ਕਰਕੇ ਕਿਸੇ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ।