- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸਐਸਪੀ ਦਫਤਰ ਅਤੇ ਰਿਹਾਇਸ਼ ਦੇ ਬਿਲਕੁਲ ਵਿਚਕਾਰ ਇੱਕੋ ਰਾਤ ਦੋ ਚੋਰੀਆਂ

-ਚਾਹ ਤੇ ਜੂਸ ਵਾਲੀ ਰੇਹੜੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਪੁਲਿਸ ਦੀ ਕਾਰਗੁਜ਼ਾਰੀ ’ਤੇ ਉੱਠ ਰਹੇ ਸਵਾਲ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਐੱਸਐੱਸਪੀ ਦਫਤਰ ਤੇ ਰਿਹਾਇਸ਼ ਦੇ ਵਿਚਕਾਰ ਬਣੇ ਮਹਿਲਾ ਥਾਣਾ ਤੇ ਡੀਐੱਸਪੀ ਦੇ ਦਫਤਰ ਬਾਹਰ ਇੱਕੋ ਰਾਤ ਚੋਰੀ ਦੀਆਂ ਵਾਪਰੀਆਂ ਦੋ ਘਟਨਾਵਾਂ ਤੋਂ ਬਾਅਦ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲੱਗ ਗਏ ਹਨ। ਅਣਪਛਾਤੇ ਚੋਰਾਂ ਨੇ ਮਹਿਲਾ ਥਾਣੇ ਦੇ ਸੱਜੇ ਅਤੇ ਖੱਬੇ ਪਾਸੇ ਜੂਸ ਦੀ ਦੁਕਾਨ ਤੇ ਚਾਹ ਵਾਲੀ ਰੇਹੜੀ ਨੂੰ ਆਪਣਾ ਨਿਸ਼ਾਨਾ ਬਣਾਇਆ। ਚੋਰ ਮੰਗਲਵਾਰ ਰਾਤ ਨੂੰ ਅਤੀ ਸੁਰੱਖਿਆ ਵਾਲੇ ਖੇਤਰ ਪ੍ਰਬੰਧਕੀ ਕੰਪਲੈਕਸ ਨੇੜੇ ਬਣੇ ਮਹਿਲਾ ਥਾਣੇ ਦੇ ਬਾਹਰ ਪੁੱਜੇ।
ਇਸ ਦੌਰਾਨ ਚੋਰਾਂ ਨੇ ਬੜੀ ਦਲੇਰੀ ਨਾਲ ਪਹਿਲਾਂ ਜੂਸ ਵਾਲੀ ਦੁਕਾਨ ਦੀ ਤੋੜ-ਭੰਨ ਕੀਤੀ ਅਤੇ ਉਸ ਵਿੱਚੋਂ ਜੂਸ ਕੱਢਣ ਵਾਲੀ ਮਸ਼ੀਨ, ਲੋਹੇ ਦੇ ਭਾਂਡੇ, ਬਾਲਟੀ ਸਮੇਤ ਹੋਰ ਸਾਮਾਨ ਚੋਰੀ ਕਰਕੇ ਲਏ ਗਏ। ਜੂਸ ਦਾ ਕੰਮ ਕਰਨ ਵਾਲੇ ਨੌਜਵਾਨ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਮੰਗਲਵਾਰ ਨੂੰ ਆਪਣਾ ਸਾਮਾਨ ਸੰਭਾਲ ਕੇ ਲੱਕੜ ਦੀ ਬਣੀ ਦੁਕਾਨ ਨੂੰ ਬੰਦ ਕਰਕੇ ਗਿਆ ਸੀ ਪਰ ਬੁੱਧਵਾਰ ਸਵੇਰੇ ਜਦੋਂ ਉਹ ਆਇਆ ਤਾਂ ਉਸਦੇ ਫਲ ਖਿੱਲਰੇ ਹੋਏ ਸਨ ਅਤੇ ਜੂਸ ਦੀ ਮਸ਼ੀਨ ਅਤੇ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਹੋ ਚੁੱਕਾ ਸੀ। ਇਸ ਤਰ੍ਹਾਂ ਹੀ ਮਹਿਲਾ ਥਾਣਾ ਤੇ ਡੀਐੱਸਪੀ ਦਫ਼ਤਰ ਦੀ ਕੰਧ ਦੇ ਬਾਹਰ ਇਕ ਔਰਤ ਕਰਮਜੀਤ ਸਿੰਘ ਵੱਲੋਂ ਚਾਹ ਦੀ ਲਾਈ ਗਈ ਦੁਕਾਨ ਦਾ ਸਾਰਾ ਸਮਾਨ ਹੀ ਚੋਰ ਚੁੱਕ ਕੇ ਲੈ ਗਏ। ਪੀੜਤਾ ਔਰਤ ਦਾ ਕਹਿਣਾ ਸੀ ਕਿ ਉਹ ਇੱਥੇ ਚਾਹ ਬਣਾ ਕੇ ਆਪਣਾ ਤੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੀ ਸੀ, ਪਰ ਮੰਗਲਵਾਰ ਰਾਤ ਨੂੰ ਉਸ ਦੀ ਸਾਰੀ ਦੁਕਾਨ ਨੂੰ ਚੋਰ ਚੁੱਕ ਕੇ ਲੈ ਗਏ।
ਇਸ ਤੋਂ ਪਹਿਲਾਂ ਵੀ ਮਹਿਲਾ ਥਾਣਾ ਤੇ ਡੀਐੱਸਪੀ ਦਫਤਰ ਦੇ ਬਾਹਰੋਂ ਇਕ ਰੇਹੜੀ ਤੋਂ ਅਣਪਛਾਤੇ ਚੋਰਾਂ ਨੇ ਸਾਮਾਨ ਚੋਰੀ ਕਰ ਲਿਆ ਸੀ, ਪਰ ਅਜੇ ਤਕ ਉਸ ਦਾ ਕੋਈ ਸਰਾਗ ਨਹੀਂ ਲੱਗ ਸਕਾ। ਅਤੀ ਸੁਰੱਖਿਆ ਵਾਲੇ ਖੇਤਰ ਵਿੱਚੋਂ ਸ਼ਰੇਆਮ ਚੋਰੀਆਂ ਹੋ ਜਾਣ ਤੋਂ ਬਾਅਦ ਪੁਰਾਣੀ ਤਹਿਸੀਲ ਵਿੱਚ ਕੰਮ ਕਰਨ ਵਾਲੇ ਟਾਈਪਿਸਟਾਂ ਤੇ ਹੋਰਨਾਂ ਲੋਕਾਂ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੇ ਕਿਹਾ ਕਿ ਜੇਕਰ ਥਾਣੇ ਦੇ ਬਾਹਰੋਂ ਅਤੇ ਐਸਐਸਪੀ ਦਫਤਰ ਅਤੇ ਰਿਹਾਇਸ਼ ਦੇ ਨੇੜੇ ਸ਼ਰੇਆਮ ਚੋਰੀਆਂ ਹੋ ਸਕਦੀਆਂ ਹਨ ਤਾਂ ਆਮ ਲੋਕਾਂ ਦਾ ਕੀ ਬਣੇਗਾ। ਲੋਕਾਂ ਨੇ ਕਿਹਾ ਸੀ ਕਿ ਸ਼ਹਿਰ ਅੰਦਰ ਹਰ ਰੋਜ਼ ਚੋਰੀਆਂ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ, ਜਿਸ ਕਾਰਨ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ, ਜਿਸ ਥਾਂ ’ਤੇ ਚੋਰੀ ਹੋਈ ਹੈ ਇਹ ਖੇਤਰ ਥਾਣਾ ਸਿਵਲ ਲਾਈਨ ਦੇ ਅਧੀਨ ਪੈਂਦਾ ਹੈ। ਲੋਕਾਂ ਦਾ ਕਹਿਣਾ ਸੀ ਕਿ ਰਾਤ ਸਮੇਂ ਥਾਣਾ ਸਿਵਲ ਲਾਈਨ ਖੇਤਰ ਵਿਚ ਕਦੇ ਵੀ ਪੁਲਿਸ ਦੀ ਗਸ਼ਤ ਨਜ਼ਰ ਨਹੀਂ ਆਈ। ਲੋਕਾਂ ਨੇ ਮੰਗ ਕੀਤੀ ਕਿ ਰਾਤ ਸਮੇਂ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਾਅ ਹੋ ਸਕੇ।