- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਰਾਬ ਮੌਸਮ ਨੇ ਕਿਸਾਨਾਂ ਦੇ ਸਾਹ ਸੂਤੇ, ਜ਼ਿਲ੍ਹੇ ਦੇ ਕੁੱਝ ਖੇਤਰਾਂ ’ਚ ਗੜੇਮਾਰੀ, ਕਣਕ ਦੀ ਫ਼ਸਲ ਦੇ ਨੁਕਸਾਨ ਦਾ ਖਦਸ਼ਾ

-ਕਣਕ ਦੀ ਫ਼ਸਲ ਦੇ ਨੁਕਸਾਨ ਦਾ ਖ਼ਦਸ਼ਾ, ਅਗਲੇ 5 ਦਿਨ ਮੀਂਹ ਤੇ ਝੱਖੜ ਦੀ ਸੰਭਾਵਨਾ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਮਾਰਚ ਦੇ ਅਖੀਰਲੇ ਦਿਨਾਂ ਵਿੱਚ ਅਚਾਨਕ ਬਦਲੇ ਮੌਸਮ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਖ਼ਾਸ ਕਰਕੇ ਉਹ ਕਿਸਾਨ ਜਿਨ੍ਹਾਂ ਦੀ ਕਣਕ ਦੀ ਫਸਲ ਇਸ ਸਮੇਂ ਪੂਰੀ ਤਰ੍ਹਾਂ ਪੱਕਣ ਦੇ ਨੇੜੇ ਹੈ, ਸਭ ਤੋਂ ਵੱਧ ਚਿੰਤਤ ਨਜ਼ਰ ਆ ਰਹੇ ਹਨ। ਐਤਵਾਰ ਰਾਤ ਸਮੇਂ ਬਾਲਿਆਂਵਾਲੀ ਖੇਤਰ ਵਿਚ ਗੜੇਮਾਰੀ ਹੋਈ, ਜਿਸ ਕਾਰਨ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਸੋਮਵਾਰ ਨੂੰ ਜਿੱਥੇ ਆਸਮਾਨ ’ਤੇ ਬੱਦਲ ਛਾਏ ਰਹੇ, ਉਥੇ ਹੀ ਜ਼ਿਲ੍ਹੇ ਦੇ ਕੁੱਝ ਥਾਵਾਂ ’ਤੇ ਬੂੰਦਾਂਬਾਦੀ ਹੋਈ। ਮੌਸਮ ਵਿਭਾਗ ਵੱਲੋਂ ਅਗਲੇ ਪੰਜ ਦਿਨ ਮੀਂਹ ਦੇ ਨਾਲ ਤੇਜ ਝੱਖੜ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਨਾਲ ਖੇਤਾਂ ਵਿੱਚ ਖੜੀ ਫਸਲ ਨੂੰ ਨੁਕਸਾਨ ਹੋਣ ਦਾ ਖਤਰਾ ਬਣ ਗਿਆ ਹੈ। ਇਸ ਸਮੇਂ ਕਿਸਾਨ ਕਣਕ ਦੀ ਵਾਢੀ ਲਈ ਤਿਆਰੀ ਕਰ ਰਹੇ ਹਨ, ਪਰ ਅਚਾਨਕ ਮੌਸਮ ਵਿਚ ਆਈ ਤਬਦੀਲੀ ਕਾਰਨ ਚਿੰਤਾ ਵਿਚ ਹਨ। ਆਸਮਾਨ ‘ਤੇ ਛਾਈ ਬੱਦਲਬਾਈ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਦਿਲਾਂ ਦੀਆਂ ਧੜਕਣਾਂ ਨੂੰ ਤੇਜ਼ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਸਮੇਂ ਮੀਂਹ ਪੈ ਗਿਆ ਜਾਂ ਝੱਖੜ ਆ ਗਿਆ ਤਾਂ ਕਣਕ ਦੀ ਫਸਲ ਡਿੱਗ ਸਕਦੀ ਹੈ, ਜਿਸ ਨਾਲ ਪੈਦਾਵਾਰ ‘ਤੇ ਭਾਰੀ ਅਸਰ ਪਵੇਗਾ। ਪਿਛਲੇ ਦਿਨਾਂ ਵਿਚ ਤਾਪਮਾਨ 33 ਡਿਗਰੀ ਸੈਲਸੀਅਸ ਤਕ ਚਲਾ ਗਿਆ ਸੀ, ਜਿਸ ਕਾਰਨ ਖੇਤੀ ਮਾਹਿਰਾਂ ਨੇ ਕਣਕ ਦੀ ਫਸਲ ਨੂੰ ਹਲਕਾ ਪਾਣੀ ਦੇਣ ਦੀ ਸਿਫ਼ਾਰਸ ਕੀਤੀ ਸੀ, ਤਾਂ ਜੋ ਕਣਕ ਦੇ ਝਾੜ ’ਤੇ ਮਾੜਾ ਅਸਰ ਨਾਂ ਪਵੇ। ਇਸ ਕਾਰਨ ਹੀ ਬਹੁਤੇ ਕਿਸਾਨਾਂ ਨੇ ਕਣਕ ਦੀ ਸਿੰਚਾਈ ਕੀਤੀ ਹੋਈ ਹੈ ਪਰ ਜੇਕਰ ਮੀਂਹ ਨਾਲ ਤੇਜ ਹਵਾਵਾਂ ਚੱਲਦੀਆਂ ਹਨ ਤਾਂ ਕਣਕ ਦੀ ਫਸਲ ਧਰਤੀ ’ਤੇ ਡਿੱਗ ਸਕਦੀ ਹੈ। ਇਸ ਸਥਿਤੀ ’ਚ ਨਾ ਸਿਰਫ਼ ਫਸਲ ਦੀ ਕਟਾਈ ਮੁਸ਼ਕਲ ਹੋ ਜਾਂਦੀ ਹੈ, ਸਗੋਂ ਦਾਣੇ ਦੀ ਗੁਣਵੱਤਾ ਵੀ ਪ੍ਰਭਾਵਿਤ ਹੁੰਦੀ ਹੈ। ਕਿਸਾਨਾਂ ਨੇ ਦੱਸਿਆ ਕਿ ਉਹ ਪਹਿਲਾਂ ਹੀ ਖਾਦ, ਬੀਜ ਅਤੇ ਸਿੰਚਾਈ ‘ਤੇ ਵੱਡਾ ਖਰਚ ਕਰ ਚੁੱਕੇ ਹਨ ਅਤੇ ਹੁਣ ਫਸਲ ਤਿਆਰ ਹੋਣ ਦੇ ਮੋੜ ‘ਤੇ ਮੌਸਮ ਦੀ ਮਾਰ ਉਨ੍ਹਾਂ ਲਈ ਵੱਡੀ ਚੁਣੌਤੀ ਬਣ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੌਸਮ ਨੇ ਸਾਥ ਨਾ ਦਿੱਤਾ ਤਾਂ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਸ ਸਮੇਂ ਫਸਲ ਨੂੰ ਪਾਣੀ ਨਾ ਲਗਾਉਣ। ਮਾਹਿਰਾਂ ਦੇ ਮੁਤਾਬਕ ਜੇਕਰ ਖੇਤਾਂ ਵਿੱਚ ਪਹਿਲਾਂ ਹੀ ਨਮੀ ਹੋਵੇਗੀ ਅਤੇ ਉੱਪਰੋਂ ਮੀਂਹ ਪੈ ਗਿਆ ਤਾਂ ਫਸਲ ਡਿੱਗਣ ਦਾ ਖਤਰਾ ਹੋਰ ਵੱਧ ਜਾਵੇਗਾ। ਇਸ ਲਈ ਕਿਸਾਨ ਸਿੰਚਾਈ ਤੋਂ ਪਰਹੇਜ਼ ਕਰਨ। ਇਸ ਤੋਂ ਇਲਾਵਾ ਖੇਤੀ ਮਾਹਿਰਾਂ ਨੇ ਇਹ ਵੀ ਕਿਹਾ ਹੈ ਕਿ ਕਿਸਾਨ ਆਪਣੇ ਖੇਤਾਂ ਦਾ ਨਿਯਮਿਤ ਜਾਇਜ਼ਾ ਲੈਂਦੇ ਰਹਿਣ ਅਤੇ ਜੇਕਰ ਕਿਸੇ ਹਿੱਸੇ ਵਿੱਚ ਫਸਲ ਡਿੱਗਣ ਲੱਗੇ ਤਾਂ ਉਥੇ ਤੁਰੰਤ ਕਟਾਈ ਦੀ ਯੋਜਨਾ ਬਣਾਈ ਜਾਵੇ। ਕੁਝ ਥਾਵਾਂ ‘ਤੇ ਕਿਸਾਨਾਂ ਨੇ ਮੌਸਮ ਨੂੰ ਦੇਖਦੇ ਹੋਏ ਜਲਦੀ ਵਾਢੀ ਕਰਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ।
-ਬਾਕਸ-
ਮੌਸਮ ਵਿਭਾਗ ਦੇ ਅਨੁਸਾਰ ਪੱਛਮੀ ਵਿਘਨ ਦੇ ਪ੍ਰਭਾਵ ਕਾਰਨ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਮੌਸਮ ਬਦਲਿਆ ਹੋਇਆ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਹਲਕਾ ਤੋਂ ਦਰਮਿਆਨਾ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਹਾਲਾਂਕਿ ਇਹ ਹਾਲਾਤ ਲੰਬੇ ਸਮੇਂ ਲਈ ਨਹੀਂ ਰਹਿਣਗੇ, ਪਰ ਇਸ ਦਾ ਤੁਰੰਤ ਅਸਰ ਖੜੀ ਫਸਲ ‘ਤੇ ਪੈ ਸਕਦਾ ਹੈ। ਇਸ ਸਥਿਤੀ ਵਿੱਚ ਕਿਸਾਨਾਂ ਦੀ ਨਜ਼ਰ ਹੁਣ ਆਸਮਾਨ ‘ਤੇ ਟਿਕੀ ਹੋਈ ਹੈ। ਉਹ ਉਮੀਦ ਕਰ ਰਹੇ ਹਨ ਕਿ ਮੌਸਮ ਸਾਫ਼ ਰਹੇ ਤਾਂ ਜੋ ਉਹ ਆਪਣੀ ਮਿਹਨਤ ਦੀ ਫਸਲ ਨੂੰ ਸੁਰੱਖਿਅਤ ਤਰੀਕੇ ਨਾਲ ਘਰ ਲਿਆ ਸਕਣ। ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨ ਗਰਜ, ਚਮਕ ਨਾਲ ਹਲਕੇ ਤੋਂ ਦਰਮਿਆਨਾਂ ਮੀਂਹ ਅਤੇ ਤੇਜ ਝੱਖੜ ਚੱਲ ਸਕਦਾ ਹੈ। ਵਿਭਾਗ ਅਨੁਸਾਰ 31 ਮਾਰਚ ਨੂੰ ਜ਼ਿਲ੍ਹੇ ਅੰਦਰ 8 ਮਿਲੀਮੀਟਰ ਮੀਂਹ ਪੈ ਸਕਦਾ ਹੈ ਜਦੋਂਕਿ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵੀ ਮੀਂਹ ਤੇ ਝੱਖੜ ਨਾਲ ਹੋ ਸਕਦੀ ਹੈ। 1 ਅਪ੍ਰੈਲ ਨੂੰ ਮੌਸਮ ਵਿਭਾਗ ਨੇ 2 ਮਿਲੀਮੀਟਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ, ਜਦੋਂ ਕਿ 2 ਅਪ੍ਰੈਲ ਨੂੰ 8 ਮਿਲੀਮੀਟਰ, ਅਤੇ 4 ਅਪ੍ਰੈਲ ਨੂੰ 2 ਮਿਲੀਮੀਟਰ ਮੀਂਹ ਪੈ ਸਕਦਾ ਹੈ। ਹਵਾ ਦੀ ਗਤੀ 5 ਤੋਂ 10 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਰਹਿ ਸਕਦੀ ਹੈ। ਵੱਧ ਤੋਂ ਵੱਧ ਤਾਪਮਾਨ 30 ਤੋਂ 32 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 18 ਤੋਂ 19 ਡਿਗਰੀ ਸੈਲਸੀਅਸ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਵਿਭਾਗ ਅਨੁਸਾਰ ਪਿਛਲੇ ਕੁੱਝ ਦਿਨ੍ਹਾਂ ਤੋਂ ਤਾਪਮਾਨ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਸੀ। 27 ਮਾਰਚ ਨੂੰ ਵੱਧ ਤੋਂ ਵੱਧ ਤਪਾਮਾਨ 32.6 ਡਿਗਰੀ ਸੈਲਸੀਅਸ, 28 ਮਾਰਚ ਨੂੰ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਅਤੇ 29 ਮਾਰਚ ਨੂੰ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।