ਸੜਕਾਂ ਦੀ ਮੁਰੰਮਤ ਨਾ ਹੋਣ ’ਤੇ ਮਲੂਕਾ ਵੱਲੋਂ ਧਰਨੇ ਦੀ ਚਿਤਾਵਨੀ
ਮਲੂਕਾ ਨੇ ਸੜਕਾਂ ਦੀ ਮੁਰੰਮਤ ਨਾ ਹੋਣ ’ਤੇ
Publish Date: Mon, 09 Feb 2026 05:03 PM (IST)
Updated Date: Tue, 10 Feb 2026 04:03 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਹਲਕਾ ਰਾਮਪੁਰਾ ਫੂਲ ਨਾਲ ਸਬੰਧਤ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਅਤੇ ਕੌਮੀ ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਤੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਲਿੰਕ ਸੜਕਾਂ ਦੀ ਮੁਰੰਮਤ ਕਰਨ ਦੀ ਮੰਗ ਕੀਤੀ ਹੈ। ਮਲੂਕਾ ਨੇ ਤਿੰਨ ਮਹੀਨਿਆਂ ਵਿਚ ਰਿਪੇਅਰ ਨਾ ਹੋਣ ਦੀ ਸੂਰਤ ਵਿਚ ਸਬੰਧਤ ਅਧਿਕਾਰੀਆਂ ਅਤੇ ਮੰਤਰੀ ਦੇ ਵਿਰੁੱਧ ਧਰਨੇ ਲਾਉਣ ਦੀ ਚਿਤਾਵਨੀ ਦਿੱਤੀ। ਪਿੰਡ ਜਲਾਲ ਤੋਂ ਆਕਲੀਆ ਜਲਾਲ, ਸਮਾਧ ਭਾਈ ਲਿੰਕ ਰੋਡ ਦਾ ਜ਼ਿਕਰ ਕਰਦਿਆਂ ਮਲੂਕਾ ਨੇ ਕਿਹਾ ਕਿ ਇਹ ਸੜਕ ਵੱਡੇ ਪਿੰਡਾਂ ਰਾਹੀਂ ਮੋਗਾ ਨਾਲ ਜੁੜਦੀ ਹੋਣ ਕਾਰਨ ਸੜਕ ਦੇ ਬਹੁਤ ਆਵਾਜਾਈ ਰਹਿੰਦੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਉਨ੍ਹਾਂ ਵੱਲੋਂ ਇਸ ਲਿੰਕ ਸੜਕ ਨੂੰ ਚੌੜਾ ਕਰਵਾਇਆ ਸੀ ਤੇ ਸਾਰੀ ਸੜਕ ਨਵੇਂ ਸਿਰੇ ਤੋਂ ਤਿਆਰ ਕਰਵਾਈ ਸੀ। ਇਸ ਤੋਂ ਬਾਅਦ ਇਸ ਸੜਕ ਤੇ ਹਲਕਾ ਰਾਮਪੁਰਾ ਫੂਲ ਵਿਚ ਕਿਸੇ ਵੀ ਲਿੰਕ ਰੋਡ ਦੀ ਕੋਈ ਰਿਪੇਅਰ ਨਹੀਂ ਕੀਤੀ ਗਈ। ਹਲਕੇ ਦੀਆਂ ਸਾਰੀਆਂ ਲਿੰਕ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ। ਜਲਾਲ, ਆਕਲੀਆ, ਸਮਾਧ ਭਾਈ ਸੜਕ ਦੀ ਹਾਲਤ ਇੰਨੀ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ ਕਿ ਇੱਥੇ ਨਿੱਤ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਕਈ ਜਗ੍ਹਾ ਪਿੰਡਾਂ ਵਾਲੀਆਂ ਨੇ ਆਪ ਮਿੱਟੀ ਪਾ ਕੇ ਟੋਏ ਭਰੇ ਹਨ। ਵਿਕਾਸ ਦੇ ਨਾਂ ’ਤੇ ਸਰਕਾਰ ਵੱਲੋਂ ਕਰੋੜਾਂ ਦੇ ਇਸ਼ਤਿਹਾਰ ਦਿੱਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ’ਤੇ ਕੋਈ ਕੰਮ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਅਤੇ ਅਧਿਕਾਰੀਆਂ ਨੂੰ ਤਿੰਨ ਮਹੀਨੇ ਵਿਚ ਹਲਕਾ ਫੂਲ ਦੀਆਂ ਸੜਕਾਂ ਦੀ ਰਿਪੇਅਰ ਕਰਨ ਦਾ ਸਮਾਂ ਦਿੱਤਾ ਹੈ ਜੇਕਰ ਸੜਕਾਂ ਦੀ ਮੁਰੰਮਤ ਨਾਂ ਹੋਈ ਤਾਂ ਲੋਕ ਨਿਰਮਾਣ ਵਿਭਾਗ ਬਠਿੰਡਾ ਦੇ ਦਫਤਰ ਦਾ ਘਿਰਾਓ ਕਰਕੇ ਧਰਨਾ ਦਿੱਤਾ ਜਾਵੇਗਾ। ਮਲੂਕਾ ਨੇ ਐਲਾਨ ਕੀਤਾ ਕਿ ਉਹ ਸਿਰਫ ਗੱਲੀ ਬਾਤੀ ਲੋਕਾਂ ਨੂੰ ਸਹੂਲਤਾਂ ਦੇਣ ਅਤੇ ਵਿਕਾਸ ਦਾ ਝੂਠਾ ਢਡੋਰਾ ਪਿੱਟਣ ਵਾਲੀ ਸਰਕਾਰ ਖਿਲਾਫ ਤਿੱਖੇ ਸੰਘਰਸ ਤੋਂ ਗੁਰੇਜ਼ ਨਹੀ ਕਰਨਗੇ।