- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਾਰ ਕਣੀਆਂ ਮੀਂਹ ਨੇ ਖੋਲ੍ਹੀ ਤਲਵੰਡੀ ਸਾਬੋ ਬੱਸ ਸਟੈਂਡ ਦੀ ਪੋਲ, ਸਵਾਰੀਆਂ ਹੋ ਰਹੀਆਂ ਖੱਜਲ-ਖੁਆਰ

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਪਵਿੱਤਰ ਅਤੇ ਇਤਿਹਾਸਕ ਸ਼ਹਿਰ ਤਲਵੰਡੀ ਸਾਬੋ ਦਾ ਬੱਸ ਸਟੈਂਡ ਅੱ ਜਕੱਲ੍ਹ ਆਪਣੀ ਬੇਹਾਲੀ ਕਾਰਨ ਲੋਕਾਂ ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਥੋੜ੍ਹੇ ਜਿਹੇ ਪਏ ਮੀਂਹ ਨੇ ਹੀ ਬੱਸ ਅੱਡੇ ਦੀ ਹਕੀਕਤ ਸਾਹਮਣੇ ਲਿਆ ਦਿੱਤੀ। ਚਾਰ ਕਣੀਆਂ ਮੀਂਹ ਨਾਲ ਹੀ ਅੱਡੇ ਦੇ ਅੰਦਰ ਪਾਣੀ, ਗਾਰਾ, ਮਿੱਟੀ ਤੇ ਗੰਦਗੀ ਦਾ ਅੰਬਾਰ ਲੱਗ ਗਿਆ, ਜਿਸ ਨਾਲ ਸਵਾਰੀਆਂ ਨੂੰ ਬੱਸਾਂ ਤਕ ਪਹੁੰਚਣਾ ਵੀ ਔਖਾ ਹੋ ਗਿਆ। ਤਲਵੰਡੀ ਸਾਬੋ ਨੂੰ ਪੰਜਾਬ ਸਰਕਾਰ ਵੱਲੋਂ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ ਅਤੇ ਇੱਥੇ ਸਥਿਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹਰ ਰੋਜ਼ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ। ਪਰ ਸ਼ਹਿਰ ਦੇ ਮੁੱਖ ਆਵਾਜਾਈ ਕੇਂਦਰ ਬੱਸ ਸਟੈਂਡ ਦੀ ਖਸਤਾਹਾਲੀ ਸਰਕਾਰੀ ਦਾਅਵਿਆਂ ‘ਤੇ ਸਵਾਲ ਖੜੇ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਇਹ ਬੱਸ ਸਟੈਂਡ ਸਾਲ 2000 ਵਿੱਚ ਬਣਿਆ ਸੀ ਅਤੇ ਪਿਛਲੇ 25-26 ਸਾਲਾਂ ਵਿੱਚ ਇਸ ਦੀ ਢੰਗ ਨਾਲ ਮੁਰੰਮਤ ਨਹੀਂ ਹੋਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਅੱਡਾ ਪੀਆਰਟੀਸੀ ਦੇ ਅਧੀਨ ਆਉਂਦਾ ਹੈ ਅਤੇ ਇੱਥੋਂ ਹਰ ਸਾਲ ਲੱਖਾਂ ਰੁਪਏ ਦੀ ਆਮਦਨ ਹੁੰਦੀ ਹੈ। ਪਾਰਕਿੰਗ ਅਤੇ ਦੁਕਾਨਾਂ ਦੇ ਠੇਕਿਆਂ ਤੋਂ ਲਗਭਗ 2.69 ਲੱਖ ਰੁਪਏ ਮਹੀਨਾਵਾਰ ਅਤੇ ਅੱਡਾ ਫੀਸ ਮਿਲਾ ਕੇ ਕਰੀਬ 4 ਲੱਖ ਰੁਪਏ ਪ੍ਰਤੀ ਮਹੀਨਾ ਵਸੂਲੇ ਜਾਂਦੇ ਹਨ। ਇਸ ਤਰ੍ਹਾਂ ਸਾਲਾਨਾ 50 ਤੋਂ 60 ਲੱਖ ਰੁਪਏ ਦੀ ਆਮਦਨ ਦੇ ਬਾਵਜੂਦ ਸੁਵਿਧਾਵਾਂ ਦੀ ਘਾਟ ਸਪਸ਼ਟ ਨਜ਼ਰ ਆਉਂਦੀ ਹੈ। ਮੀਂਹ ਤੋਂ ਬਾਅਦ ਬੱਸ ਸਟੈਂਡ ਦੀ ਹਾਲਤ ਹੋਰ ਵੀ ਮਾੜੀ ਹੋ ਗਈ। ਅੱਡੇ ਦੇ ਅੰਦਰ ਵੱਡੇ-ਵੱਡੇ ਖੱਡੇ ਪਾਣੀ ਨਾਲ ਭਰ ਗਏ ਅਤੇ ਕਈ ਥਾਵਾਂ ’ਤੇ ਗਾਰਾ ਅਤੇ ਗੰਦਗੀ ਫੈਲ ਗਈ। ਸਵਾਰੀਆਂ ਨੂੰ ਬੱਸਾਂ ਤਕ ਪਹੁੰਚਣ ਲਈ ਪਾਣੀ ਵਿੱਚੋਂ ਲੰਘਣਾ ਪਿਆ, ਜਿਸ ਨਾਲ ਖਾਸ ਕਰਕੇ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ‘ਤੇ ਬੱਸ ਕੰਡਕਟਰ ਰਾਜੂ ਸਿੰਘ ਨੇ ਦੱਸਿਆ ਕਿ ਅੱਡੇ ਦੀ ਮਾੜੀ ਹਾਲਤ ਕਾਰਨ ਬੱਸਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ।
ਉਨ੍ਹਾਂ ਕਿਹਾ ਕਿ ਖੱਡਿਆਂ ਵਿੱਚੋਂ ਲੰਘਣ ਕਾਰਨ ਕਈ ਵਾਰ ਬੱਸਾਂ ਦੇ ਪਟੇ ਤੱਕ ਟੁੱਟ ਜਾਂਦੇ ਹਨ, ਜਿਸ ਨਾਲ ਮੁਰੰਮਤ ਦਾ ਵਾਧੂ ਖਰਚਾ ਪੈਂਦਾ ਹੈ। ਉੱਧਰ ਸਵਾਰੀਆਂ ਨੇ ਵੀ ਆਪਣਾ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਬੱਸ ਸਟੈਂਡ ‘ਤੇ ਕਦੇ ਪਾਣੀ ਦੀ ਸਮੱਸਿਆ ਤੇ ਕਦੇ ਧੂੜ-ਮਿੱਟੀ ਦੀ ਤਕਲੀਫ਼ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਮੀਂਹ ਪੈਣ ‘ਤੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ ਅਤੇ ਸੁੱਕੇ ਮੌਸਮ ਵਿੱਚ ਉੱਡਦੀ ਧੂੜ ਨਾਲ ਪਰੇਸ਼ਾਨੀ ਹੁੰਦੀ ਹੈ। ਇਸ ਮਾਮਲੇ ‘ਤੇ ਸਾਬਕਾ ਟਰੱਕ ਯੂਨੀਅਨ ਪ੍ਰਧਾਨ ਅਵਤਾਰ ਸਿੰਘ ਮੈਨੂੰਆਣਾ ਨੇ ਸਰਕਾਰ ਅਤੇ ਵਿਭਾਗ ‘ਤੇ ਤਿੱਖੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਪਵਿੱਤਰ ਸ਼ਹਿਰ ਹੋਣ ਦੇ ਬਾਵਜੂਦ ਬੱਸ ਅੱਡੇ ਦੀ ਅਣਦੇਖੀ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਲੱਖਾਂ ਦੀ ਆਮਦਨ ਦੇ ਬਾਵਜੂਦ ਵਿਕਾਸ ਲਈ ਕੋਈ ਧਿਆਨ ਨਹੀਂ ਦਿੱਤਾ ਗਿਆ। ਤਲਵੰਡੀ ਸਾਬੋ ਬੱਸ ਅੱਡੇ ਦੀ ਮੌਜੂਦਾ ਹਾਲਤ ਨੇ ਪ੍ਰਸ਼ਾਸਨ ਅਤੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਕਰ ਦਿੱਤੇ ਹਨ। ਸਥਾਨਕ ਲੋਕਾਂ ਅਤੇ ਯਾਤਰੀਆਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਬੱਸ ਸਟੈਂਡ ਦੀ ਮੁਰੰਮਤ ਕਰਕੇ ਇਸਨੂੰ ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਤੋਂ ਰਾਹਤ ਮਿਲ ਸਕੇ।