- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਗਜ਼ਾਂ 'ਚ ਹੱਲ, ਸੜਕ ‘ਤੇ ਮੌਤਾਂ—ਰਾਮਪੁਰਾ ਟੀ-ਪੁਆਇੰਟ ਦਾ ਸੱਚ

-ਅਧਿਕਾਰੀ ਮੰਤਰੀਆਂ ਨੂੰ ਵੀ ਕਰ ਰਹੇ ਨੇ ਗੁਮਰਾਹ, ਵਿਧਾਇਕ ਸਿੱਧੂ ਨੇ ਚੁੱਕਿਆ ਸੀ ਮੁੱਦਾ
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਸਥਿਤ ਰਾਮਪੁਰਾ ਫੂਲ ਦਾ ਮੌੜ ਚੌਂਕ ਅਤੇ ਟੀ-ਪੁਆਇੰਟ ਇਲਾਕਾ ਲਗਾਤਾਰ ਵੱਧ ਰਹੇ ਸੜਕ ਹਾਦਸਿਆਂ ਕਾਰਨ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਇਸ ਸੰਵੇਦਨਸ਼ੀਲ ਮਸਲੇ ਨੂੰ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਵਿਧਾਨ ਸਭਾ ਵਿਚ ਉਠਾਇਆ ਗਿਆ, ਪਰ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਦਿੱਤਾ ਗਿਆ ਜਵਾਬ ਕਈ ਪੱਖੋਂ ਅਧੂਰਾ ਤੇ ਗੈਰ-ਤਸੱਲੀਬਖਸ਼ ਮੰਨਿਆ ਜਾ ਰਿਹਾ ਹੈ। ਵਿਧਾਨ ਸਭਾ ਵਿਚ ਦਿੱਤੇ ਗਏ ਉਨ੍ਹਾਂ ਦੇ ਜਵਾਬ ਤੋਂ ਇਕ ਗੱਲ ਸਪਸ਼ਟ ਹੁੰਦੀ ਹੈ ਕਿ ਜਾਂ ਤਾਂ ਸਰਕਾਰੀ ਅਧਿਕਾਰੀ ਮੰਤਰੀਆਂ ਨੂੰ ਸਹੀ ਗੱਲ ਨਹੀਂ ਦੱਸ ਰਹੇ ਜਾਂ ਫਿਰ ਮੰਤਰੀ ਹੀ ਕਿਸੇ ਕਾਰਨ ਵਿਧਾਨ ਸਭਾ ਵਿਚ ਸੱਚ ਨਹੀਂ ਬੋਲ ਰਹੇ। ਹਾਲਾਂਕਿ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਇਸ ਮਸਲੇ ਨੂੰ ਬੜੀ ਨਿਡਰਤਾ ਨਾਲ ਉਠਾਇਆ ਹੀ ਨਹੀਂ, ਸਗੋਂ ਮੰਤਰੀ ਦੇ ਜਵਾਬ ਤੋਂ ਸੰਤੁਸ਼ਟ ਨਾ ਹੋ ਕੇ ਉਨ੍ਹਾਂ ਨੂੰ ਕਈ ਸਵਾਲ ਕੀਤੇ। ਉਨ੍ਹਾਂ ਦੱਸਿਆ ਕਿ ਉਕਤ ਟੀ-ਪੁਆਇੰਟ, ਬੱਸ ਅੱਡਾ ਤੇ ਮੌੜ ਚੌਂਕ ‘ਤੇ ਅਕਸਰ ਗੰਭੀਰ ਸੜਕ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਅਤੇ ਇਲਾਕੇ ਵਿਚ ਡਰ ਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।
ਉਨ੍ਹਾਂ ਸਰਕਾਰ ਤੋਂ ਪੁੱਛਿਆ ਕਿ ਕੀ ਇੱਥੇ ਫਲਾਈਓਵਰ ਜਾਂ ਓਵਰਬ੍ਰਿਜ ਬਣਾਉਣ ਲਈ ਕੋਈ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਜੇਕਰ ਨਹੀਂ ਤਾਂ ਹਾਦਸਿਆਂ ਦੀ ਰੋਕਥਾਮ ਲਈ ਕੀ ਠੋਸ ਕਦਮ ਚੁੱਕੇ ਜਾਣਗੇ। ਮੰਤਰੀ ਹਰਭਜਨ ਸਿੰਘ ਈਟੀਓ ਨੇ ਆਪਣੇ ਜਵਾਬ ਵਿਚ ਕੇਵਲ ਇਹ ਕਿਹਾ ਕਿ ਸੜਕ ‘ਤੇ ਸਾਈਨ ਬੋਰਡ ਆਦਿ ਲਗਾਏ ਗਏ ਹਨ, ਜਿਸ ‘ਤੇ ਵਿਧਾਇਕ ਸਿੱਧੂ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ “ਸਾਰਾ ਕੰਮ ਕਾਗਜ਼ਾਂ ਵਿਚ ਹੀ ਦਿਖਾਇਆ ਜਾ ਰਿਹਾ ਹੈ, ਜ਼ਮੀਨੀ ਹਕੀਕਤ ਵਿਚ ਉੱਥੇ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ।” ਇਸ ਤੋਂ ਪਤਾ ਲੱਗਦਾ ਹੈ ਕਿ ਸਬੰਧਤ ਮੰਤਰੀ ਨੂੰ ਵਿਭਾਗ ਦੇ ਅਧਿਕਾਰੀਆਂ ਸਹੀ ਜਾਣਕਾਰੀ ਨਹੀਂ ਦਿੱਤੀ।
ਬਾਕਸ
-ਟੀ-ਪੁਆਇੰਟ ਬਣਿਆ ‘ਹਾਈ ਰਿਸਕ ਜੋਨ’
ਟ੍ਰੈਫਿਕ ਵਿਸ਼ਲੇਸ਼ਣ ਅਨੁਸਾਰ ਰਾਮਪੁਰਾ ਫੂਲ ਦਾ ਇਹ ਟੀ-ਪੁਆਇੰਟ ਹੁਣ ਇਕ ਉੱਚ-ਖਤਰੇ ਵਾਲਾ ਹਾਦਸਾ-ਪ੍ਰਭਾਵਿਤ ਖੇਤਰ ਬਣ ਚੁੱਕਾ ਹੈ। ਇਸ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਹਾਈਵੇ ਟ੍ਰੈਫਿਕ ਅਤੇ ਸਥਾਨਕ ਸ਼ਹਿਰੀ ਟ੍ਰੈਫਿਕ ਦਾ ਬਿਨਾਂ ਕਿਸੇ ਨਿਯਮ ਦੇ ਮਿਲਾਪ ਹੈ। ਇਹ ਇਲਾਕਾ ਸੰਘਣੀ ਅਬਾਦੀ ਵਿਚ ਹੋਣ ਕਰਕੇ ਦੂਰ-ਦਰਾਜ਼ ਦੇ ਵਾਹਨਾਂ ਅਤੇ ਸਥਾਨਕ ਆਵਾਜਾਈ ਵਿਚ ਸਿੱਧੀ ਟੱਕਰਾਂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਸਬੰਧਿਤ ਵਿਭਾਗ ਨੇ ਹਾਦਸਿਆਂ ਨੂੰ ਰੋਕਣ ਲਈ ਅਜੇ ਤੱਕ ਕੋਈ ਪ੍ਰਬੰਧ ਨਹੀਂ ਕੀਤੇ ਜਦੋਂ ਕਿ ਇਹ ਮਾਮਲਾ ਵਿਧਾਨ ਸਭਾ ਵਿੱਚ ਵੀ ਉੱਠ ਚੁੱਕਿਆ ਹੈ।
-ਬਾਕਸ
-ਖਾਮੀਆਂ ਵਧਾ ਰਹੀਆਂ ਖਤਰਾ
ਮਾਹਿਰਾਂ ਅਨੁਸਾਰ ਇਸ ਟੀ-ਪੁਆਇੰਟ ‘ਤੇ ਕਈ ਗੰਭੀਰ ਤਕਨੀਕੀ ਖਾਮੀਆਂ ਹਨ—
ਸਥਾਨਕ ਟ੍ਰੈਫਿਕ ਲਈ ਕੋਈ ਸਲਿਪ ਰੋਡ ਜਾਂ ਸਰਵਿਸ ਲੇਨ ਨਹੀਂ, ਜਿਸ ਕਾਰਨ ਵਾਹਨਾਂ ਨੂੰ ਸਿੱਧਾ ਤੇਜ਼ ਰਫ਼ਤਾਰ ਹਾਈਵੇ ’ਤੇ ਚੜ੍ਹਨਾ ਪੈਂਦਾ ਹੈ।
ਗ੍ਰੇਡ ਸੈਪਰੇਸ਼ਨ (ਫਲਾਈਓਵਰ ਜਾਂ ਅੰਡਰਪਾਸ) ਦੀ ਪੂਰੀ ਤਰ੍ਹਾਂ ਕਮੀ।
ਐਕਸੀਲੇਰੇਸ਼ਨ ਅਤੇ ਡੀਸੀਲੇਰੇਸ਼ਨ ਲੇਨਾਂ ਦੀ ਗੈਰਹਾਜ਼ਰੀ, ਜਿਸ ਨਾਲ ਪਿੱਛੋਂ ਟਕਰਾਅ ਜਾਣ ਦਾ ਖਤਰਾ ਵੱਧਦਾ ਹੈ।
ਟ੍ਰੈਫਿਕ ਨੂੰ ਦਿਸ਼ਾ ਦੇਣ ਲਈ ਕੋਈ ਫਿਜ਼ੀਕਲ ਆਇਲੈਂਡ ਜਾਂ ਬੁੱਲ-ਨੋਜ਼ਿੰਗ ਨਹੀਂ।
ਇਨ੍ਹਾਂ ਕਾਰਨਾਂ ਕਰਕੇ ਹਰ ਰੋਜ਼ ਛੋਟੇ-ਵੱਡੇ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ਵਿਚ ਕਈ ਲੋਕ ਆਪਣੀ ਜਾਨ ਗਵਾ ਰਹੇ ਹਨ। ਹਾਲਾਂਕਿ ਵਿਧਾਨ ਸਭਾ ਵਿਚ ਇਹ ਸਭ ਕੁਝ ਮੌਜੂਦ ਹੋਣ ਦਾ ਦਾਅਵਾ ਕੀਤਾ ਗਿਆ ਸੀ।
-ਬਾਕਸ-
-ਸਰਕਾਰ ਦੇ ਕਾਰਜਾਂ ‘ਤੇ ਉੱਠ ਰਹੇ ਨੇ ਕਈ ਸਵਾਲ
ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸਰਕਾਰ ਵੱਲੋਂ ਇਸ ਗੰਭੀਰ ਮਸਲੇ ਨੂੰ ਲੈ ਕੇ ਕੋਈ ਵੱਡਾ ਕਦਮ ਨਹੀਂ ਚੁੱਕਿਆ ਗਿਆ। ਸਿਰਫ਼ ਸਾਈਨ ਬੋਰਡ ਲਗਾਉਣ ਜਾਂ ਕਾਗਜ਼ੀ ਕਾਰਵਾਈ ਤੱਕ ਹੀ ਗੱਲ ਸੀਮਿਤ ਰਹਿ ਗਈ ਹੈ, ਜਦਕਿ ਹਕੀਕਤ ਵਿਚ ਹਾਦਸਿਆਂ ਦੀ ਗਿਣਤੀ ਘਟਣ ਦੀ ਬਜਾਏ ਵਧ ਰਹੀ ਹੈ। ਲੋਕ ਇਹ ਵੀ ਮੰਗ ਕਰ ਰਹੇ ਹਨ ਕਿ ਇਸ ਮਸਲੇ ਦੀ ਨਿਰਪੱਖ ਜਾਂਚ ਕਰਾਈ ਜਾਵੇ।
ਬਾਕਸ
ਕੀ ਹੋ ਸਕਦੇ ਹਨ ਹੱਲ?
ਮਾਹਿਰਾਂ ਅਤੇ ਸਥਾਨਕ ਲੋਕਾਂ ਵੱਲੋਂ ਕੁਝ ਤੁਰੰਤ ਅਤੇ ਲੰਬੇ ਸਮੇਂ ਦੇ ਕਦਮ ਸੁਝਾਏ ਗਏ ਹਨ—
ਟੀ-ਪੁਆਇੰਟ ਤੋਂ ਪਹਿਲਾਂ ਰੰਬਲ ਸਟ੍ਰਿਪਸ ਅਤੇ ਗਤੀ ਘਟਾਉਣ ਵਾਲੇ ਬੋਰਡ ਲਗਾਏ ਜਾਣ
ਟ੍ਰੈਫਿਕ ਕੰਟਰੋਲ ਲਈ ਫਿਜ਼ੀਕਲ ਆਇਲੈਂਡ ਅਤੇ ਚੈਨਲਾਈਜ਼ੇਸ਼ਨ ਕੀਤੀ ਜਾਵੇ
ਲੰਬੇ ਸਮੇਂ ਲਈ ਵਾਹਨ ਅੰਡਰਪਾਸ (ਵੀਯੂਪੀ) ਜਾਂ ਫਲਾਈਓਵਰ ਬਣਾਉਣ ਦੀ ਯੋਜਨਾ ਤਿਆਰ ਕੀਤੀ ਜਾਵੇ।
-ਸਾਈਟ ਇੰਸਪੈਕਸ਼ਨ ਦੀ ਮੰਗ
ਵੱਧ ਰਹੇ ਹਾਦਸਿਆਂ ਨੂੰ ਦੇਖਦੇ ਹੋਏ ਮਾਹਿਰਾਂ ਨੇ ਸਰਕਾਰ ਦੀ ਤਕਨੀਕੀ ਟੀਮ ਨਾਲ ਸਾਂਝੀ ਸਾਈਟ ਇੰਸਪੈਕਸ਼ਨ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਜਲਦੀ ਤੋਂ ਜਲਦੀ ਇਸ ਸੰਵੇਦਨਸ਼ੀਲ ਸਥਾਨ ਲਈ ਪੱਕਾ ਹੱਲ ਲੱਭਿਆ ਜਾ ਸਕੇ।
ਰਾਮਪੁਰਾ ਫੂਲ ਦਾ ਟੀ-ਪੁਆਇੰਟ ਅੱਜ ਲੋਕਾਂ ਲਈ ਖਤਰੇ ਦਾ ਪ੍ਰਤੀਕ ਬਣ ਚੁੱਕਾ ਹੈ। ਜੇਕਰ ਸਰਕਾਰ ਵੱਲੋਂ ਸਮੇਂ ਸਿਰ ਠੋਸ ਅਤੇ ਜ਼ਮੀਨੀ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ਵਿਚ ਹਾਦਸਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਲੋਕਾਂ ਦੀ ਮੰਗ ਹੈ ਕਿ ਸਿਰਫ਼ ਦਾਅਵੇ ਨਹੀਂ, ਸਗੋਂ ਜ਼ਮੀਨ ‘ਤੇ ਦਿਖਣ ਵਾਲੇ ਕੰਮ ਕੀਤੇ ਜਾਣ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।