- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਵਿਚ ਟੌਫੀਆਂ ਵਾਂਗ ਵਿਕ ਰਿਹਾ ਨਸ਼ਾ, ਨੌਜਵਾਨਾਂ ਨਾਲ ਬੱਚੇ ਵੀ ਹੋ ਰਹੇ ਪ੍ਰਭਾਵਿਤ

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ’ਚ ਨਸ਼ੇ ਦੀ ਸਮੱਸਿਆ ਪਹਿਲਾਂ ਹੀ ਚਿੰਤਾ ਦਾ ਵਿਸ਼ਾ ਰਹੀ ਹੈ, ਪਰ ਹੁਣ ਹਾਲਾਤ ਇੰਨੇ ਗੰਭੀਰ ਹੋ ਚੁੱਕੇ ਹਨ ਕਿ ਕਈ ਇਲਾਕਿਆਂ ’ਚ ਨਸ਼ਾ ਟੌਫੀਆਂ ਵਾਂਗ ਆਸਾਨੀ ਨਾਲ ਮਿਲ ਰਿਹਾ ਹੈ। ਖ਼ਾਸ ਕਰਕੇ ਬਠਿੰਡਾ ਸ਼ਹਿਰ ਦੀ ਧੋਬੀਆਣਾ ਬਸਤੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਨਸ਼ੇ ਦੀ ਖੁੱਲ੍ਹੀ ਵਿਕਰੀ ਨੇ ਲੋਕਾਂ ਵਿਚ ਭਾਰੀ ਚਿੰਤਾ ਪੈਦਾ ਕਰ ਦਿੱਤੀ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਇੱਥੇ ਨਸ਼ਾ ਇੰਨਾ ਆਸਾਨੀ ਨਾਲ ਮਿਲਦਾ ਹੈ ਕਿ ਮੁੰਡੇ-ਕੁੜੀਆਂ ਹੀ ਨਹੀਂ, ਸਗੋਂ ਛੋਟੇ ਬੱਚੇ ਵੀ ਇਸ ਦੀ ਲਤ ਵਿਚ ਫਸਦੇ ਜਾ ਰਹੇ ਹਨ। ਸਥਾਨਕ ਵਸਨੀਕਾਂ ਦੇ ਮੁਤਾਬਕ ਇਲਾਕੇ ਵਿਚ ਕੁਝ ਥਾਵਾਂ 'ਤੇ ਸ਼ਰੇਆਮ ਨਸ਼ਾ ਵੇਚਿਆ ਜਾ ਰਿਹਾ ਹੈ ਤੇ ਇਸ ਨੂੰ ਰੋਕਣ ਲਈ ਕੋਈ ਢੰਗ ਦੀ ਕਾਰਵਾਈ ਨਜ਼ਰ ਨਹੀਂ ਆ ਰਹੀ। ਲੋਕਾਂ ਨੇ ਕਿਹਾ ਕਿ ਕਈ ਵਾਰ ਪੁਲਿਸ ਨੂੰ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਹਨ, ਪਰ ਇਸ ਦੇ ਬਾਵਜੂਦ ਹਾਲਾਤ ’ਚ ਵੱਡਾ ਬਦਲਾਅ ਨਹੀਂ ਆਇਆ। ਇਲਾਕੇ ਦੇ ਬਜ਼ੁਰਗਾਂ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਤਕ ਇੱਥੇ ਨੌਜਵਾਨਾਂ ਵਿਚ ਨਸ਼ੇ ਦੀ ਸਮੱਸਿਆ ਸੀ, ਪਰ ਹੁਣ ਛੋਟੀ ਉਮਰ ਦੇ ਬੱਚਿਆਂ ਤਕ ਇਹ ਬਿਮਾਰੀ ਪਹੁੰਚ ਰਹੀ ਹੈ ਜੋ ਸਮਾਜ ਲਈ ਵੱਡਾ ਖਤਰਾ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਕਈ ਵਾਰ ਸਵੇਰੇ ਜਾਂ ਸ਼ਾਮ ਦੇ ਸਮੇਂ ਕੁਝ ਨੌਜਵਾਨ ਸ਼ੱਕੀ ਹਾਲਤ ਵਿਚ ਘੁੰਮਦੇ ਦਿਖਾਈ ਦਿੰਦੇ ਹਨ ਤੇ ਉਨ੍ਹਾਂ ਕੋਲੋਂ ਨਸ਼ੀਲੇ ਪਦਾਰਥ ਆਸਾਨੀ ਨਾਲ ਮਿਲ ਜਾਂਦੇ ਹਨ। ਲੋਕਾਂ ਦਾ ਦਾਅਵਾ ਹੈ ਕਿ ਨਸ਼ੇ ਦੀ ਇਹ ਸਪਲਾਈ ਲਗਾਤਾਰ ਚੱਲ ਰਹੀ ਹੈ ਤੇ ਇਸ ਨੂੰ ਰੋਕਣ ਲਈ ਮਜ਼ਬੂਤ ਕਾਰਵਾਈ ਦੀ ਲੋੜ ਹੈ।
ਹਾਲਾਂਕਿ ਪੁਲਿਸ ਵੱਲੋਂ ਸਮੇਂ-ਸਮੇਂ ’ਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਜਾਂਦੀ ਹੈ ਅਤੇ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਜਾਂਦੇ ਹਨ, ਪਰ ਇਸ ਦੇ ਬਾਵਜੂਦ ਸਪਲਾਈ ਦਾ ਸਿਲਸਿਲਾ ਰੁਕਦਾ ਹੋਇਆ ਨਜ਼ਰ ਨਹੀਂ ਆ ਰਿਹਾ। ਪੁਲਿਸ ਵੱਲੋਂ ਕਈ ਵਾਰ ਦਾਅਵਾ ਕੀਤਾ ਜਾਂਦਾ ਹੈ ਕਿ ਨਸ਼ੇ ਦੀ ਸਪਲਾਈ ਲਾਈਨ ਨੂੰ ਤੋੜ ਦਿੱਤਾ ਗਿਆ ਹੈ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਪਲਾਈ ਲਾਈਨ ਸੱਚਮੁੱਚ ਤੋੜ ਦਿੱਤੀ ਗਈ ਹੁੰਦੀ ਤਾਂ ਇਲਾਕਿਆਂ ਵਿਚ ਇਸ ਤਰ੍ਹਾਂ ਖੁੱਲ੍ਹੇਆਮ ਨਸ਼ਾ ਨਹੀਂ ਮਿਲਦਾ। ਨੌਜਵਾਨ ਵੈੱਲਫੇਅਰ ਸੁਸਾਇਟੀ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਮੰਨਣਾ ਹੈ ਕਿ ਨਸ਼ੇ ਦੀ ਸਮੱਸਿਆ ਸਿਰਫ ਪੁਲਿਸ ਦੀ ਕਾਰਵਾਈ ਨਾਲ ਖਤਮ ਨਹੀਂ ਹੋ ਸਕਦੀ, ਇਸ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣਾ ਪਵੇਗਾ। ਮਾਪਿਆਂ ਨੂੰ ਆਪਣੇ ਬੱਚਿਆਂ ਉੱਤੇ ਨਜ਼ਰ ਰੱਖਣੀ ਪਵੇਗੀ ਤੇ ਸਕੂਲਾਂ ’ਚ ਵੀ ਨਸ਼ਿਆਂ ਦੇ ਨੁਕਸਾਨ ਬਾਰੇ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਰਹਿੰਦਿਆਂ ਇਸ ਸਮੱਸਿਆ ਨੂੰ ਨਾ ਰੋਕਿਆ ਗਿਆ ਤਾਂ ਇਹ ਪੂਰੀ ਨਵੀਂ ਪੀੜ੍ਹੀ ਨੂੰ ਬਰਬਾਦ ਕਰ ਸਕਦੀ ਹੈ। ਸਥਾਨਕ ਲੋਕਾਂ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਠਿੰਡਾ ਦੇ ਧੋਬੀਆਣਾ ਇਲਾਕੇ ਸਮੇਤ ਸ਼ਹਿਰ ਦੇ ਹੋਰ ਸੰਵੇਦਨਸ਼ੀਲ ਖੇਤਰਾਂ ਵਿਚ ਵਿਸ਼ੇਸ਼ ਮੁਹਿੰਮ ਚਲਾ ਕੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਲੋਕਾਂ ਨੇ ਕਿਹਾ ਕਿ ਜੇ ਸਮੇਂ ਸਿਰ ਕੜੇ ਕਦਮ ਨਾ ਚੁੱਕੇ ਗਏ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ।
ਇਸ ਸਾਰੇ ਮਾਮਲੇ ਨੇ ਇਕ ਵਾਰ ਫਿਰ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਜਦੋਂ ਹਰ ਰੋਜ਼ ਨਸ਼ੇ ਦੀ ਵੱਡੀ ਮਾਤਰਾ ਫੜੀ ਜਾ ਰਹੀ ਹੈ ਤਾਂ ਫਿਰ ਸ਼ਹਿਰ ਦੇ ਕਈ ਇਲਾਕਿਆਂ ’ਚ ਇਹ ਆਸਾਨੀ ਨਾਲ ਕਿਵੇਂ ਮਿਲ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਸਿਰਫ਼ ਦਾਅਵੇ ਕਰਨ ਦੀ ਬਜਾਏ ਜ਼ਮੀਨੀ ਪੱਧਰ ‘ਤੇ ਅਜਿਹੀ ਕਾਰਵਾਈ ਹੋਵੇ ਜੋ ਨਸ਼ੇ ਦੀ ਜੜ੍ਹ ਨੂੰ ਖਤਮ ਕਰ ਸਕੇ। ਇਸ ਮਾਮਲੇ ਸਬੰਧੀ ਐੱਸਐੱਸਪੀ ਡਾ. ਜਯੋਤੀ ਬੈਂਸ ਨੂੰ ਫੋਨ ਕੀਤਾ, ਪਰ ਉਨ੍ਹਾਂ ਹਰ ਵਾਰ ਦੀ ਤਰ੍ਹਾਂ ਫੋਨ ਨਹੀਂ ਚੁੱਕਿਆ।