- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਵਿੱਚ ਝਪਟਮਾਰੀ ਅਤੇ ਚੋਰੀਆਂ ਦੀਆਂ ਵਾਰਦਾਤਾਂ ਨਾਲ ਵਧੀ ਦਹਿਸ਼ਤ

-ਬਠਿੰਡਾ ਸ਼ਹਿਰ ’ਚ ਰਾਤ ਵੇਲੇ ਰੇਕੀ ਕਰਦੇ ਰਹੇ ਸ਼ੱਕੀ ਵਿਅਕਤੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਵਿੱਚ ਵਾਪਰੀਆਂ ਦੋ ਵੱਖ-ਵੱਖ ਘਟਨਾਵਾਂ ਨੇ ਕਾਨੂੰਨ-ਵਿਵਸਥਾ ਨੂੰ ਲੈ ਕੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਝਪਟਮਾਰੀ ਅਤੇ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਦੀਆਂ ਇਨ੍ਹਾਂ ਘਟਨਾਵਾਂ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪਹਿਲੀ ਘਟਨਾ ਸ਼ਾਮ ਕਰੀਬ 7:30 ਵਜੇ ਸਿਵਲ ਲਾਈਨ ਥਾਣਾ ਖੇਤਰ ਦੇ ਮਾਡਲ ਟਾਊਨ ਫੇਜ਼-1 ਵਿੱਚ ਵਾਪਰੀ। ਇੱਥੇ ਇੱਕ ਮਹਿਲਾ ਆਪਣੇ ਪਰਿਵਾਰ ਦੀਆਂ ਹੋਰ ਮਹਿਲਾਵਾਂ ਨਾਲ ਘਰ ਦੇ ਨੇੜੇ ਪੈਦਲ ਜਾ ਰਹੀ ਸੀ। ਇਸ ਦੌਰਾਨ ਐਕਟਿਵਾ ਸਵਾਰ ਦੋ ਬਦਮਾਸ਼ ਪਿੱਛੇ ਤੋਂ ਆਏ ਅਤੇ ਝਪਟ ਮਾਰ ਕੇ ਮਹਿਲਾ ਦਾ ਮੰਗਲਸੂਤਰ ਖੋਹ ਕੇ ਫਰਾਰ ਹੋ ਗਏ। ਮਹਿਲਾਵਾਂ ਨੇ ਸ਼ੋਰ ਮਚਾ ਕੇ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਕੁਝ ਸਕਿੰਟਾਂ ਵਿੱਚ ਹੀ ਮੌਕੇ ਤੋਂ ਭੱਜ ਨਿਕਲੇ। ਪੂਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਹਾਲਾਂਕਿ ਹਨੇਰੇ ਕਾਰਨ ਦੋਸ਼ੀਆਂ ਦੀ ਪਛਾਣ ਸਪੱਸ਼ਟ ਨਹੀਂ ਹੋ ਸਕੀ, ਪਰ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਦੂਜੀ ਘਟਨਾ ਦੇਰ ਰਾਤ ਕਰੀਬ 2:30 ਵਜੇ ਪਰਸਰਾਮ ਨਗਰ ਗਲੀ ਨੰਬਰ 12 (ਤੇਜਾਬ ਫੈਕਟਰੀ ਵਾਲੀ ਗਲੀ) ਵਿੱਚ ਸਾਹਮਣੇ ਆਈ। ਇੱਥੇ ਤਿੰਨ ਸ਼ੱਕੀ ਨੌਜਵਾਨ ਚੋਰੀ ਦੀ ਨੀਅਤ ਨਾਲ ਰੇਕੀ ਕਰਦੇ ਹੋਏ ਸੀਸੀਟੀਵੀ ਵਿੱਚ ਕੈਦ ਹੋਏ ਹਨ। ਫੁਟੇਜ ਵਿੱਚ ਤਿੰਨੇ ਨੌਜਵਾਨਾਂ ਦੇ ਮੂੰਹ ਢੱਕੇ ਹੋਏ ਦਿਖਾਈ ਦਿੱਤੇ ਅਤੇ ਕਰੀਬ ਅੱਧੇ ਘੰਟੇ ਤਕ ਗਲੀ ਵਿੱਚ ਘੁੰਮਦੇ ਹੋਏ ਘਰਾਂ ਦੀ ਟੋਹ ਲੈਂਦੇ ਨਜ਼ਰ ਆਏ। ਉਹ ਵਾਰ-ਵਾਰ ਘਰਾਂ ਦੇ ਆਲੇ-ਦੁਆਲੇ ਰੁਕਦੇ ਅਤੇ ਇੱਧਰ-ਉੱਧਰ ਵੇਖਦੇ ਰਹੇ, ਜਿਸ ਨਾਲ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਲਗਾਤਾਰ ਸਾਹਮਣੇ ਆ ਰਹੀਆਂ ਅਜਿਹੀਆਂ ਘਟਨਾਵਾਂ ਨਾਲ ਸ਼ਹਿਰ ਵਾਸੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਗਸ਼ਤ ਵਧਾਉਣ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਨਾਗਰਿਕਾਂ ਨੂੰ ਵੀ ਰਾਤ ਸਮੇਂ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਪੁਲਿਸ ਨੂੰ ਦੇਣ ਦੀ ਅਪੀਲ ਕੀਤੀ ਗਈ ਹੈ।
ਬਾਕਸ
ਚਿੜੀ ਲੈ ਉਡਦਾ ਸੀ ਬੰਦ ਘਰਾਂ ’ਚ ਪਏ ਗੈਸ ਸਿਲੰਡਰ
ਕੈਨਾਲ ਥਾਣਾ ਪੁਲਿਸ ਨੇ ਬੰਦ ਪਏ ਘਰਾਂ ਨੂੰ ਨਿਸ਼ਾਨਾ ਬਣਾ ਕੇ ਗੈਸ ਸਿਲੰਡਰ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ ਚੋਰੀ ਦੇ ਤਿੰਨ ਗੈਸ ਸਿਲੰਡਰ ਬਰਾਮਦ ਕੀਤੇ ਹਨ, ਜਦਕਿ ਉਸਦਾ ਸਾਥੀ ਅਜੇ ਵੀ ਫਰਾਰ ਹੈ। ਗ੍ਰਿਫਤਾਰ ਕੀਤੇ ਦੋਸ਼ੀ ਦੀ ਪਛਾਣ ਸੰਗੁਆਣਾ ਬਸਤੀ ਦੇ ਰਹਿਣ ਵਾਲੇ ਪ੍ਰਮੋਦ ਕੁਮਾਰ ਉਰਫ਼ ਚਿੜੀ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ, ਜਿਸ ਦੌਰਾਨ ਉਸਨੇ ਕਈ ਅਹਿਮ ਖੁਲਾਸੇ ਕੀਤੇ। ਰਿਮਾਂਡ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਉਸਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ•। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਵਿਸ਼ਨੂ ਦਾਸ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ‘ਚਿੜੀ’ ਨਾਮਕ ਨੌਜਵਾਨ ਬੰਦ ਘਰਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਕਰ ਰਿਹਾ ਹੈ। ਕਾਰਵਾਈ ਕਰਦਿਆਂ ਪੁਲਿਸ ਨੇ ਉਸਨੂੰ ਗ੍ਰਿਫਤਾਰ ਕੀਤਾ। ਪੁੱਛਗਿੱਛ ਦੌਰਾਨ ਦੋਸ਼ੀ ਦੀ ਨਿਸ਼ਾਨਦੇਹੀ ’ਤੇ ਤਿੰਨ ਗੈਸ ਸਿਲੈਂਡਰ ਬਰਾਮਦ ਕੀਤੇ ਗਏ। ਦੋਸ਼ੀ ਨੇ ਕਬੂਲਿਆ ਕਿ ਇਹ ਸਿਲੰਡਰ ਉਸਨੇ ਰੇਲਵੇ ਕਵਾਰਟਰਾਂ ਵਿੱਚੋਂ ਚੋਰੀ ਕੀਤੇ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਨ੍ਹਾਂ ਵਾਰਦਾਤਾਂ ਵਿੱਚ ਉਸਦਾ ਭਰਾ ਰਵੀ ਵੀ ਸ਼ਾਮਲ ਹੈ। ਪੁਲਿਸ ਨੇ ਫਰਾਰ ਦੋਸ਼ੀ ਰਵੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।