- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧੁੰਦ ਕਾਰਨ ਕਈ ਕਈ ਘੰਟੇ ਲੇਟ ਚੱਲ ਰਹੀਆਂ ਨੇ ਰੇਲ ਗੱਡੀਆਂ, ਸਫਰ ਕਰਨ ਵਾਲੇ ਯਾਤਰੀ ਹੋ ਰਹੇ ਨੇ ਪ੍ਰੇਸ਼ਾਨ

-ਜ਼ਿਲ੍ਹੇ ’ਚ ਸੀਤ ਲਹਿਰ ਦਾ ਕਹਿਰ, ਸੂਰਜ ਦੇਵਤਾ ਦੇ ਨਹੀਂ ਹੋਏ ਦਰਸ਼ਨ, ਤਾਪਮਾਨ ਹੋਰ ਘਟਿਆ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ
ਜ਼ਿਲ੍ਹੇ ਅੰਦਰ ਇਸ ਸਮੇਂ ਸੀਤ ਲਹਿਰ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੱਧ ਰਹੀ ਠੰਢ ਨੇ ਲੋਕਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਨੂੰ ਗੰਭੀਰ ਤੌਰ ’ਤੇ ਪ੍ਰਭਾਵਿਤ ਕੀਤਾ ਹੈ। ਸੂਰਜ ਦੇਵਤਾ ਦੇ ਦਰਸ਼ਨ ਨਾ ਹੋਣ ਕਾਰਨ ਤਾਪਮਾਨ ਨਿਰੰਤਰ ਘਟਦਾ ਜਾ ਰਿਹਾ ਹੈ ਅਤੇ ਸਵੇਰ-ਸ਼ਾਮ ਠੰਢੀ ਹਵਾ ਦੇ ਝੋਂਕੇ ਲੋਕਾਂ ਨੂੰ ਕੰਬਣ ਲਈ ਮਜਬੂਰ ਕਰ ਰਹੇ ਹਨ। ਘੱਟ ਤਾਪਮਾਨ ਨਾਲ ਨਾਲ ਸੰਘਣੀ ਧੁੰਦ ਨੇ ਵੀ ਇਲਾਕੇ ਵਿੱਚ ਦੇਖਣ ਦ੍ਰਿਸ਼ਟਤਾ ਬਹੁਤ ਘਟਾ ਦਿੱਤੀ ਹੈ, ਜਿਸ ਨਾਲ ਆਵਾਜਾਈ ਪ੍ਰਣਾਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਧੁੰਦ ਕਾਰਨ ਸਵੇਰ ਦੇ ਸਮੇਂ ਸੜਕਾਂ ’ਤੇ ਦੂਰ ਤੱਕ ਦੇਖਣਾ ਮੁਸ਼ਕਲ ਹੋ ਰਿਹਾ ਹੈ ਤੇ ਵਾਹਨ ਬਹੁਤ ਹੌਲੀ ਗਤੀ ਨਾਲ ਚਲ ਰਹੇ ਹਨ। ਟ੍ਰੈਫਿਕ ਵਿਭਾਗ ਵੱਲੋਂ ਡਰਾਈਵਰਾਂ ਨੂੰ ਹੈਡਲਾਈਟਾਂ, ਫਾਗ ਲਾਈਟਾਂ ਦੀ ਵਰਤੋਂ ਕਰਨ ਅਤੇ ਜ਼ਿਆਦਾ ਸਾਵਧਾਨੀ ਨਾਲ ਗੱਡੀਆਂ ਚਲਾਉਣ ਦੀ ਅਪੀਲ ਕੀਤੀ ਗਈ ਹੈ। ਧੁੰਦ ਦੇ ਗਹਿਰੇ ਪਰਦੇ ਨੇ ਰੇਲ ਸੇਵਾਵਾਂ ਨੂੰ ਵੀ ਨਹੀਂ ਬਖ਼ਸ਼ਿਆ। ਕਈ ਮਹੱਤਵਪੂਰਨ ਰੇਲਗੱਡੀਆਂ ਘੰਟਿਆਂ ਲੇਟ ਚੱਲ ਰਹੀਆਂ ਹਨ, ਜਿਸ ਕਰਕੇ ਯਾਤਰੀਆਂ ਨੂੰ ਸਟੇਸ਼ਨਾਂ ’ਤੇ ਲੰਬੇ ਸਮੇਂ ਤੱਕ ਉਡੀਕ ਕਰਨੀ ਪੈ ਰਹੀ ਹੈ।
ਕੁਝ ਸਥਾਨਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਈ ਰੇਲਗੱਡੀਆਂ ਨੂੰ ਰੱਦ ਕਰਨਾ ਪਿਆ ਜਾਂ ਉਨ੍ਹਾਂ ਦਾ ਰੂਟ ਬਦਲਿਆ ਗਿਆ। ਗਰੀਬ ਤੇ ਬੇਘਰ ਲੋਕਾਂ ਲਈ ਇਹ ਮੌਸਮ ਹੋਰ ਵੀ ਕਠਿਨ ਸਾਬਤ ਹੋ ਰਿਹਾ ਹੈ। ਸਮਾਜ-ਸੇਵੀ ਸੰਸਥਾਵਾਂ ਵੱਲੋਂ ਰੈਨ ਬਸੇਰਿਆਂ ਦੀ ਵਿਵਸਥਾ ਅਤੇ ਗਰਮ ਕੱਪੜੇ ਵੰਡਣ ਦੇ ਯਤਨ ਕੀਤੇ ਜਾ ਰਹੇ ਹਨ, ਪਰ ਫਿਰ ਵੀ ਕਈ ਲੋਕ ਖੁੱਲ੍ਹੇ ਆਕਾਸ਼ ਹੇਠਾਂ ਰਾਤ ਬਿਤਾਉਣ ਲਈ ਮਜਬੂਰ ਹਨ। ਡਾਕਟਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਬਿਨਾਂ ਲੋੜ ਦੇ ਘਰੋਂ ਬਾਹਰ ਨਾ ਨਿਕਲਿਆ ਜਾਵੇ, ਖ਼ਾਸ ਕਰਕੇ ਬਜ਼ੁਰਗਾਂ, ਬੱਚਿਆਂ ਅਤੇ ਦਿਲ–ਰੋਗ ਜਾਂ ਦਮਾ ਦੇ ਮਰੀਜ਼ਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ। ਸਵੇਰ ਦੇ ਸਮੇਂ ਧੁੰਦ ਅਤੇ ਠੰਢ ਦੇ ਮਿਲੇ–ਜੁਲੇ ਪ੍ਰਭਾਵ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਵਧਣ ਦਾ ਖ਼ਤਰਾ ਹੁੰਦਾ ਹੈ। ਲੋਕਾਂ ਨੂੰ ਗਰਮ ਪਦਾਰਥਾਂ ਦਾ ਸੇਵਨ ਕਰਨ, ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣ ਅਤੇ ਤਾਪਮਾਨ ਵਿੱਚ ਹੋ ਰਹੇ ਉਤਾਰ-ਚੜ੍ਹਾਵ ਤੋਂ ਸਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਤਕ ਇਸ ਸੀਤ ਲਹਿਰ ਤੋਂ ਤੁਰੰਤ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੈ।
-ਕਈ ਰੇਲਗੱਡੀਆਂ ਦੇ ਸਮੇਂ ਸਿਰ ਨਾ ਪੁੱਜਣ ’ਤੇ ਯਾਤਰੀ ਪਰੇਸ਼ਾਨ
ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਧੁੰਦ ਦੇ ਕਾਰਨ ਰੇਲ ਗੱਡੀਆਂ ਦੇ ਦੇਰ ਨਾਲ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਬੁੱਧਵਾਰ ਨੂੰ ਵੀ ਕਈ ਰੇਲਗੱਡੀਆਂ ਦੇ ਸਮੇਂ ਵਿੱਚ ਕਾਫ਼ੀ ਦੇਰੀ ਦਰਜ ਕੀਤੀ ਗਈ, ਜਿਸ ਕਾਰਨ ਬਠਿੰਡਾ ਰੇਲਵੇ ਸਟੇਸ਼ਨ ’ਤੇ ਯਾਤਰੀ ਲੰਬੇ ਸਮੇਂ ਤਕ ਉਡੀਕ ਕਰਦੇ ਦਿਖਾਈ ਦਿੱਤੇ। ਗੱਡੀ ਸੰਖਿਆ 12137 ਪੰਜਾਬ ਮੇਲ ਆਪਣੇ ਨਿਰਧਾਰਤ ਸਮੇਂ ਸਵੇਰੇ 2:55 ਵਜੇ ਦੀ ਬਜਾਏ 1 ਘੰਟਾ 35 ਮਿੰਟ ਦੇਰੀ ਨਾਲ ਸਵੇਰੇ 4:18 ਵਜੇ ਬਠਿੰਡਾ ਰੇਲਵੇ ਸਟੇਸ਼ਨ ’ਤੇ ਪਹੁੰਚੀ। 12481 ਸ੍ਰੀ ਗੰਗਾਨਗਰ ਇੰਟਰਸਿਟੀ ਐਕਸਪ੍ਰੈੱਸ ਕਰੀਬ 1 ਘੰਟਾ, 15909 ਅਵਧ ਅਸਮ ਐਕਸਪ੍ਰੈੱਸ 1 ਘੰਟਾ 30 ਮਿੰਟ, 12555 ਗੋਰਖਧਾਮ ਸੁਪਰਫਾਸਟ ਐਕਸਪ੍ਰੈੱਸ 2 ਘੰਟੇ 50 ਮਿੰਟ, ਜਦਕਿ 14623 ਪਾਤਾਲਕੋਟ ਐਕਸਪ੍ਰੈੱਸ 1 ਘੰਟਾ 40 ਮਿੰਟ ਦੇਰੀ ਨਾਲ ਬਠਿੰਡਾ ਰੇਲਵੇ ਸਟੇਸ਼ਨ ’ਤੇ ਪਹੁੰਚੀ। ਇਨ੍ਹਾਂ ਰੇਲਗੱਡੀਆਂ ਦੇ ਦੇਰੀ ਨਾਲ ਆਉਣ ਕਾਰਨ ਯਾਤਰੀਆਂ ਨੂੰ ਠੰਢ ਦੇ ਮੌਸਮ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਟੇਸ਼ਨ ’ਤੇ ਗਰਮ ਕੱਪੜਿਆਂ ’ਚ ਲਿਪਟੇ ਲੋਕ ਟ੍ਰੇਨਾਂ ਦੀ ਉਡੀਕ ਕਰਦੇ ਨਜ਼ਰ ਆਏ। ਯਾਤਰੀਆਂ ਦਾ ਕਹਿਣਾ ਸੀ ਕਿ ਧੁੰਦ ਕਾਰਨ ਟ੍ਰੇਨਾਂ ਦੀ ਟਾਈਮਿੰਗ ਪ੍ਰਭਾਵਿਤ ਹੋ ਰਹੀ ਹੈ ਤੇ ਉਨ੍ਹਾਂ ਨੂੰ ਆਪਣੀ ਯਾਤਰਾ ਯੋਜਨਾ ਵਿੱਚ ਵੀ ਤਬਦੀਲੀਆਂ ਕਰਨੀ ਪੈ ਰਹੀਆਂ ਹਨ। ਰੇਲਵੇ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਘਣੇ ਕੋਹਰੇ ਕਾਰਨ ਦ੍ਰਿਸ਼੍ਤਾ ਘੱਟ ਹੋਣ ਦੀ ਵਜ੍ਹਾ ਨਾਲ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਗੱਡੀਆਂ ਦੀ ਗਤੀ ਹੌਲੀ ਰੱਖੀ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਦੇ ਸਮੇਂ ’ਚ ਦੇਰੀ ਹੋ ਰਹੀ ਹੈ।