- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
- ਮਾਮਲਾ ਕਿਸਾਨਾਂ ਦੀ ਗੜੇਮਾਰੀ ਕਾਰਨ ਪ੍ਰਭਾਵਿਤ ਕਣਕ ਦੀ ਫਸਲ ਦੀ ਗਿਰਦਾਵਰੀ ’ਚ ਦੇਰੀ ਦਾ

-ਮਾਮਲਾ ਕਿਸਾਨਾਂ ਦੀ ਗੜੇਮਾਰੀ ਕਾਰਨ ਪ੍ਰਭਾਵਿਤ ਕਣਕ ਦੀ ਫਸਲ ਦੀ ਗਿਰਦਾਵਰੀ ’ਚ ਦੇਰੀ ਦਾ
ਗੁਰਨੈਬ ਸਾਜਨ, ਪੰਜਾਬੀ ਜਾਗਰਣ, ਬੱਲੂਆਣਾ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਗੜੇਮਾਰੀ ਨਾਲ ਬਰਬਾਦ ਹੋਈ ਕਣਕ ਦੀ ਫ਼ਸਲ ਦੀ ਗਿਰਦਾਵਰੀ ਕਰਨ ਵਿਚ ਦੇਰੀ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਦੀ ਅਗਵਾਈ ਹੇਠ ਕੋਠੇ ਚੇਤ ਸਿੰਘ ਵਾਲਾ ਵਿਖੇ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਰੋਡ ਉੱਪਰ ਜਾਮ ਲਗਾਕੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਡੀਐਸਪੀ ਭੁੱਚੋ ਪਹੁੰਚੇ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਡੀਐੱਸਪੀ ਭੁੱਚੋ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਗੜੇਮਾਰੀ ਹੋਈ ਨੂੰ ਚੌਥਾ ਦਿਨ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਬਰਬਾਦ ਹੋਈ ਕਣਕ ਦੀ ਫਸਲ ਦੀ ਗਿਰਦਾਵਰੀ ਕਰਨ ਵਿਚ ਸਿਰਫ਼ ਦਰਜਨਾਂ ਪਿੰਡਾਂ ਦੇ ਖੇਤਾਂ ’ਚ ਦੋ ਪਟਵਾਰੀ ਹੀ ਲਗਾਏ ਹਨ, ਜਦੋਂਕਿ ਸੈਂਕੜੇ ਏਕੜ ਰਕਬੇ ਲਈ ਦੋ ਪਟਵਾਰੀ ਕਾਫੀ ਨਹੀਂ ਹਨ। ਉਨ੍ਹਾਂ ਕਿਹਾ ਕਿ ਘੱਟ ਤੋਂ ਘੱਟ ਇਸ ਖੇਤਰ ਲਈ 8 ਪਟਵਾਰੀਆਂ ਦੀ ਟੀਮ ਹੋਣੀ ਚਾਹੀਦੀ ਹੈ ਤੇ ਕੱਲ੍ਹ ਤਕ ਗਿਰਦਾਵਰੀ ਹੋਣੀ ਚਾਹੀਦੀ ਹੈ। ਆਗੂਆਂ ਤੇ ਕਿਸਾਨਾਂ ਨੇ ਦੋਸ਼ ਲਾਇਆ ਕਿ ਗੜੇਮਾਰੀ ਕਾਰਨ ਕਣਕ ਦੀ ਪੱਕ ਚੁੱਕੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ, ਪਰ ਇਸਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਅਜੇ ਤੱਕ ਗਿਰਦਾਵਰੀ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਦੇਰੀ ਕਾਰਨ ਕਿਸਾਨਾਂ ਨੂੰ ਮੁਆਵਜ਼ਾ ਮਿਲਣ ਵਿੱਚ ਵੀ ਦੇਰੀ ਹੋ ਰਹੀ ਹੈ, ਜਿਸ ਨਾਲ ਉਹ ਆਰਥਿਕ ਤੌਰ ’ਤੇ ਹੋਰ ਮੁਸ਼ਕਲ ’ਚ ਫਸਦੇ ਜਾ ਰਹੇ ਹਨ।
ਕਿਸਾਨਾਂ ਨੇ ਦੱਸਿਆ ਕਿ ਗੜੇਮਾਰੀ ਨੇ ਪਿੰਡਾਂ ਵਿੱਚ ਕਣਕ ਦੀ ਫਸਲ ਨੂੰ ਬੁਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ। ਕਈ ਕਿਸਾਨ ਵਾਢੀ ਕਰਨ ਲਈ ਤਿਆਰ ਸਨ, ਪਰ ਕੁਦਰਤ ਦੇ ਇਸ ਕਹਿਰ ਨੇ ਉਹਨਾਂ ਦੀ ਸਾਰੀ ਮਿਹਨਤ ਮਿੰਟਾਂ ’ਚ ਮਿਟਾ ਦਿੱਤੀ। ਖੇਤਾਂ ਵਿੱਚ ਪਈ ਫਸਲ ਪੂਰੀ ਤਰ੍ਹਾਂ ਢਹਿ ਗਈ ਹੈ ਅਤੇ ਹੁਣ ਉਨ੍ਹਾਂ ਕੋਲ ਕੋਈ ਆਮਦਨ ਦਾ ਸਰੋਤ ਨਹੀਂ ਬਚਿਆ। ਰੋਡ ਜਾਮ ਕਾਰਨ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਰਹੀ ਤੇ ਦੋਵੇਂ ਪਾਸੇ ਵਾਹਨਾਂ ਦੀ ਲੰਮੀ ਲਾਈਨ ਲੱਗ ਗਈਆਂ। ਇਸ ਦੌਰਾਨ ਡੀਐਸਪੀ ਭੁੱਚੋ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਮੰਗਾਂ ਸੁਣੀਆਂ ਅਤੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸੱਤ ਪਟਵਾਰੀਆਂ ਦੀ ਟੀਮ ਤਾਇਨਾਤ ਕਰਨ ਦਾ ਭਰੋਸਾ ਦਿੱਤਾ ਗਿਆ, ਜੋ ਕੋਠੇ ਲਾਲ ਸਿੰਘ ਵਾਲਾ, ਅਬਲੂ, ਕੋਠੇ ਸੰਧਵਾਂ ਵਾਲਾ, ਕਿਲੀ ਨਿਹਾਲ ਸਿੰਘ ਵਾਲਾ, ਕੋਠੇ ਚੇਤ ਸਿੰਘ ਵਾਲਾ, ਕੋਠੇ ਫੂਲੇ ਵਾਲਾ, ਮਹਿਮਾ ਭਗਵਾਨਾ ਸਮੇਤ ਹੋਰ ਪਿੰਡਾਂ ’ਚ ਨੁਕਸਾਨੀ ਫਸਲ ਦਾ ਸਰਵੇ ਕਰ ਕੇ ਸਪੈਸ਼ਲ ਗਿਰਦਾਵਰੀ ਕਰੇਗੀ। ਪ੍ਰਸ਼ਾਸਨ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਆਪਣਾ ਧਰਨਾ ਖਤਮ ਕਰ ਦਿੱਤਾ।