- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਸ਼ੁਰੂ ਹੋਇਆ ਵਿਸਾਖੀ ਜੋੜ ਮੇਲ

-ਅੱਜ ਦੇਸ਼-ਵਿਦੇਸ਼ ਦੀਆਂ ਲੱਖਾਂ ਦੀ ਗਿਣਤੀ ’ਚ ਸੰਗਤ ਹੋਵੇਗੀ ਨਤਸਮਤਕ
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸਿੱਖ ਕੌਮ ਦੇ ਚੌਥੇ ਤਖ਼ਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਦੇ ਨਾਲ ਆਰੰਭ ਹੋਏ ਵਿਸਾਖੀ ਜੋੜ ਮੇਲੇ ਨਾਲ ਸਬੰਧਤ ਅੱਜ ਭੋਗ ਪਾਏ ਜਾਣਗੇ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਨੇ ਪਾਵਨ ਸਰੋਵਰਾਂ ’ਚ ਇਸ਼ਨਾਨ ਕਰਕੇ ਤਖਤ ਸਾਹਿਬ ਸਮੇਤ ਹੋਰਨਾਂ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਿਆ। ਸਭ ਤੋਂ ਪਹਿਲਾਂ ਤਖਤ ਸਾਹਿਬ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ। ਆਰੰਭਤਾ ਦੀ ਅਰਦਾਸ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕੀਤੀ। ਆਰੰਭਤਾ ਸਮਾਗਮ ’ਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਖਾਲਸਾ ਸਾਜਨਾ ਦਿਵਸ ਸਿੱਖ ਕੌਮ ਦੇ ਅਣਖੀਲੇ ਇਤਿਹਾਸ ਅਤੇ ਸਵੈਮਾਣ ਦਾ ਪ੍ਰਤੀਕ ਹੈ।
ਦਸਮੇਸ਼ ਪਿਤਾ ਜੀ ਨੇ ਜ਼ੁਲਮ ਅਤੇ ਜਬਰ ਦੇ ਖਾਤਮੇ ਲਈ 'ਖਾਲਸਾ' ਪ੍ਰਗਟ ਕਰਕੇ ਮਨੁੱਖਤਾ ਨੂੰ ਬਰਾਬਰੀ ਤੇ ਨਿਡਰਤਾ ਦਾ ਮਾਰਗ ਦਿਖਾਇਆ ਸੀ। ਸਿੰਘ ਸਾਹਿਬ ਨੇ ਦੱਸਿਆ ਕਿ 14 ਅਪ੍ਰੈਲ ਨੂੰ ਮੁੱਖ ਸਮਾਗਮ ਹੋਣਗੇ, ਜਿੰਨ੍ਹਾਂ ’ਚ ਜਿੱਥੇ ਪੰਥ ਪ੍ਰਸਿੱਧ ਕੀਰਤਨੀ ਜਥੇ ਸੰਗਤਾਂ ਨੂੰ ਸ਼ਬਦ ਕੀਰਤਨ ਰਾਹੀਂ ਨਿਹਾਲ ਕਰਨਗੇ, ਉੱਥੇ ਪ੍ਰਸਿੱਧ ਕਥਾਵਾਚਕ ਕਥਾ ਵਿਚਾਰਾਂ ਰਾਹੀਂ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਣਗੇ। ਜਦੋਂਕਿ ਢਾਡੀ ਅਤੇ ਕਵੀਸ਼ਰੀ ਜਥੇ ਵੀਰ ਰਸ ਵਾਰਾਂ ਨਾਲ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ। ਮੁੱਖ ਸਮਾਗਮਾਂ ’ਚ ਤਖਤ ਸਾਹਿਬਾਨ ਦੇ ਜਥੇਦਾਰ, ਸ੍ਰੋਮਣੀ ਕਮੇਟੀ ਪ੍ਰਧਾਨ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਸ਼ਮੂਲੀਅਤ ਕਰਨਗੇ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਤਖਤ ਸਾਹਿਬ ਵਿਖੇ ਨਤਮਸਤਕ ਹੋਈਆਂ। ਪਾਵਨ ਸਰੋਵਰਾਂ ’ਚ ਇਸ਼ਨਾਨ ਕਰਕੇ ਸੰਗਤਾਂ ਨੇ ਗੁਰਦੁਆਰਾ ਸਾਹਿਬਾਨ ’ਚ ਮੱਥਾ ਟੇਕਿਆ। ਸ਼੍ਰੋਮਣੀ ਕਮੇਟੀ ਵੱਲੋਂ ਇਸ ਮੌਕੇ ਢਾਡੀ ਦਰਬਾਰ ਵੀ ਸਜਾਇਆ ਗਿਆ, ਜਿਸ ਵਿਚ ਪ੍ਰਸਿੱਧ ਢਾਡੀ ਜਥਿਆਂ ਨੇ ਵੀਰ ਰਸ ਵਾਰਾਂ ਰਾਹੀਂ ਸੰਗਤਾਂ ਨੂੰ ਖਾਲਸਾ ਸਾਜਨਾ ਦੇ ਸਮੁੱਚੇ ਵਿਰਤਾਂਤ ਨਾਲ ਜੋੜਿਆ। ਇਸ ਮੌਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਵਿਖੇ ਅੰਮਿਤ ਸੰਚਾਰ ਕਰਵਾਇਆ ਗਿਆ, ਜਿਸ ’ਚ 400 ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਦੇ ਲੜ ਲੱਗੇ। ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ’ਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਸੰਗਤਾਂ ਨੂੰ ਗੁਰੂ ਦੇ ਲੜ ਲੱਗਣ ਦੀ ਅਪੀਲ ਕੀਤੀ। ਇਸ ਮੌਕੇ ਸ੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਮੋਹਣ ਸਿੰਘ ਬੰਗੀ ਤੇ ਗੁਰਮੀਤ ਸਿੰਘ ਦੋਵੇਂ ਮੈਂਬਰ ਸ੍ਰੋਮਣੀ ਕਮੇਟੀ, ਨਰਿੰਦਰਜੀਤ ਸਿੰਘ ਮੈਨੇਜਰ ਤਖਤ ਸਾਹਿਬ, ਭੋਲਾ ਸਿੰਘ ਇੰਚਾਰਜ ਧਰਮ ਪ੍ਰਚਾਰ ਸਬ ਆਫਿਸ, ਭਾਈ ਗੁਰਜੰਟ ਸਿੰਘ ਵਧੀਕ ਹੈੱਡ ਗ੍ਰੰਥੀ, ਪ੍ਰਿੰਸੀਪਲ ਰਵਿੰਦਰ ਸਿੰਘ ਖਾਲਸਾ, ਭਾਈ ਜਗਤਾਰ ਸਿੰਘ ਕੀਰਤਪੁਰੀ ਮੁੱਖ ਕਥਾਵਾਚਕ, ਭਾਈ ਆਲਮ ਸਿੰਘ ਕਥਾਵਾਚਕ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ। ਉੱਧਰ ਤਖਤ ਸਾਹਿਬ ਅਤੇ ਨਾਲ ਲੱਗਦੇ ਗੁਰਦੁਆਰਾ ਸਾਹਿਬਾਨ ਵਿਖੇ ਕੀਤੀ ਗਈ ਸੁੰਦਰ ਦੀਪਮਾਲਾ ਸ਼ਾਮ ਸਮੇਂ ਆਲੌਕਿਕ ਦਿੱਖ ਪੇਸ਼ ਕਰ ਰਹੀ ਸੀ।
-ਬਾਕਸ-
-ਅੱਜ ਹੋਣਗੀਆਂ ਸਿਆਸੀ ਕਾਨਫਰੰਸਾਂ
ਇਸ ਵਾਰ ਨਾ ਤਾਂ ਸਰਕਾਰ ਅਤੇ ਨਾ ਹੀ ਕੋਈ ਪ੍ਰਮੁੱਖ ਸਿਆਸੀ ਪਾਰਟੀ ਵਿਸਾਖੀ ਮੇਲੇ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ 'ਚ ਸਿਆਸੀ ਕਾਨਫਰੰਸ ਕਰੇਗੀ।। ਆਮ ਆਦਮੀ ਪਾਰਟੀ, ਕਾਂਗਰਸ, ਸ੍ਰੋਮਣੀ ਅਕਾਲੀ ਅਤੇ ਭਾਰਤੀ ਜਨਤਾ ਪਾਰਟੀ ਨੇ ਇਸ ਵਾਰ ਵਿਸਾਖੀ ਮੇਲੇ ਮੌਕੇ ਸਿਆਸੀ ਕਾਨਫਰੰਸਾਂ ਨਾਂ ਕਰਨ ਦਾ ਫੈਸਲਾ ਕੀਤਾ ਹੈ।ਇਸ ਵਾਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਵਾਰਿਸ ਪੰਜਾਬ ਦੇ ਜਥੇਬੰਦੀ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਵੱਲੋਂ ਆਪਣੀਆਂ ਸਿਆਸੀ ਕਾਨਰਫੰਸਾਂ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਜਥੇਬੰਦੀਾਆਂ ਵੱਲੋਂ ਕਾਨਫਰੰਸਾਂ ਕੀਤੀਆਂ ਜਾਣੀਆਂ ਹਨ। ਉਨ੍ਹਾਂ ਦੇ ਆਗੂਆਂ ਵੱਲੋਂ ਪੰਜਾਬ ਦੀ ਮੌਜੂਦਾ ਆਪ ਸਰਕਾਰ ਵੱਖ ਵੱਖ ਮੁੱਦਿਆਂ ’ਤੇ ਘੇਰਿਆ ਜਾਵੇਗਾ। ਵਿਰੋਧੀ ਧੜੇ ਸਰਕਾਰ ਦੀ ਕਾਰਗੁਜ਼ਾਰੀ, ਕਾਨੂੰਨ-ਵਿਵਸਥਾ ਤੇ ਵਾਅਦਿਆਂ ’ਤੇ ਸਵਾਲ ਖੜੇ ਕਰ ਸਕਦੇ ਹਨ।
ਇਸ ਤੋਂ ਇਲਾਵਾ ਬੇਰੁਜ਼ਗਾਰੀ, ਕਿਸਾਨ ਮਸਲੇ ਤੇ ਨਸ਼ਿਆਂ ਵਰਗੇ ਮੁੱਦੇ ਵੀ ਚਰਚਾ ਦਾ ਕੇਂਦਰ ਰਹਿਣ ਦੀ ਸੰਭਾਵਨਾ ਹੈ।ਦੂਜੇ ਪਾਸੇ ਵਿਸਾਖੀ ਮੇਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਤਲਵੰਡੀ ਸਾਬੋ ਵਿਚ ਵੱਡੀ ਗਿਣਤੀ ਪੁਲਿਸ ਫੋਰ ਤੈਨਾਤ ਕੀਤੀ ਗਈ ਹੈ ਜਦੋਂ ਕਿ ਤਖਤ ਸਾਹਿਬ ਦੇ ਨੇੜੇ ਮੁਲਾਜ਼ਮ ਸਿਵਲ ਕੱਪੜਿਆਂ ਵਿਚ ਤੈਨਾਤ ਰਹਿਣਗੇ।