- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਵਰੇਜ ਵਰਕਰਜ਼ ਯੂਨੀਅਨ ਦੀ ਹੜਤਾਲ ਚੌਥੇ ਦਿਨ ਵੀ ਜਾਰੀ

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸੀਵਰੇਜ ਵਰਕਰ ਯੂਨੀਅਨ ਵੱਲੋਂ ਚੱਲ ਰਹੀ ਹੜਤਾਲ ਚੌਥੇ ਦਿਨ ਵੀ ਜਾਰੀ ਰਹੀ, ਜਿਸ ਕਾਰਨ ਸ਼ਹਿਰ ਦੀ ਸੀਵਰੇਜ ਅਤੇ ਸਫਾਈ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਹੜਤਾਲ ਦੌਰਾਨ ਸ਼ਹਿਰ ਦੇ ਕਈ ਮੁੱਖ ਬਾਜ਼ਾਰਾਂ, ਰਿਹਾਇਸ਼ੀ ਇਲਾਕਿਆਂ ਤੇ ਗਲੀਆਂ ’ਚ ਸੀਵਰੇਜ ਜਾਮ ਹੋਣ ਕਾਰਨ ਗੰਦਲਾ ਪਾਣੀ ਸੜਕਾਂ ’ਤੇ ਖੜਾ ਹੋ ਗਿਆ ਹੈ, ਜਿਸ ਨਾਲ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰ ਪਾਸੇ ਫੈਲੀ ਬਦਬੂ ਕਾਰਨ ਦੁਕਾਨਦਾਰਾਂ, ਰਾਹਗੀਰਾਂ ਤੇ ਸਥਾਨਕ ਵਸਨੀਕਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੋ ਗਈ ਹੈ। ਯੂਨੀਅਨ ਨੇ ਆਪਣੀਆਂ ਬਕਾਇਆ ਮੰਗਾਂ ਸਬੰਧੀ ਨਿਗਮ ਬਠਿੰਡਾ ਦੇ ਦਫ਼ਤਰ ਦੇ ਬਾਹਰ ਸ਼ੁੱਕਰਵਾਰ ਵੀ ਰੋਸ ਧਰਨਾ ਜਾਰੀ ਰੱਖਿਆ ਹੈ।
ਯੂਨੀਅਨ ਆਗੂਆਂ ਨੇ ਕਿਹਾ ਕਿ ਉਹ ਕਈ ਵਾਰ ਪ੍ਰਸ਼ਾਸਨ ਤੇ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਸਮੱਸਿਆਵਾਂ ਬਾਰੇ ਜਾਣੂ ਕਰਵਾ ਚੁੱਕੇ ਹਨ, ਪਰ ਹਾਲੇ ਤਕ ਕੋਈ ਠੋਸ ਹੱਲ ਨਹੀਂ ਨਿਕਲਿਆ, ਜਿਸ ਕਾਰਨ ਮੁਲਾਜ਼ਮਾਂ ਨੂੰ ਹੜਤਾਲ ਕਰਨ ਲਈ ਮਜਬੂਰ ਹੋਣਾ ਪਿਆ। ਯੂਨੀਅਨ ਦੇ ਅਗੂਆਂ ਮੁਤਾਬਕ ਬਠਿੰਡਾ ਸ਼ਹਿਰ ਦੀ ਆਬਾਦੀ ਲਗਾਤਾਰ ਵੱਧ ਰਹੀ ਹੈ, ਪਰ ਸੀਵਰੇਜ ਕਾਮਿਆਂ ਦੀ ਗਿਣਤੀ ਬਹੁਤ ਘੱਟ ਹੈ। ਮੁਲਾਜ਼ਮਾਂ ’ਤੇ ਕੰਮ ਦਾ ਬੋਝ ਬਹੁਤ ਹੈ, ਜਿਸ ਕਾਰਨ ਸਮੇਂ ਸਿਰ ਸੀਵਰੇਜ ਦੀ ਸਫਾਈ ਤੇ ਮੁਰੰਮਤ ਨਹੀਂ ਹੋ ਪਾ ਰਹੀ। ਯੂਨੀਅਨ ਦੀ ਮੁੱਖ ਮੰਗ ਹੈ ਕਿ ਵਧਦੀ ਆਬਾਦੀ ਨੂੰ ਧਿਆਨ ਵਿਚ ਰੱਖਦਿਆਂ ਘੱਟੋ-ਘੱਟ 200 ਨਵੇਂ ਸੀਵਰੇਜ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇ, ਸੇਵਾਮੁਕਤ ਮੁਲਾਜ਼ਮਾਂ ਦੇ ਲੰਬਿਤ ਬਕਾਏ, ਪੈਨਸ਼ਨ ਤੇ ਹੋਰ ਬਕਾਇਆ ਰਕਮ ਤੁਰੰਤ ਜਾਰੀ ਕੀਤੀ ਜਾਵੇ।
ਉਨ੍ਹਾਂ ਦੀ ਮੰਗ ਹੈ ਕਿ ਸੀਵਰੇਜ ਮੁਲਾਜ਼ਮਾਂ ਨੂੰ ਐਕਟਿੰਗ ਮੇਟ ਬਣਾਇਆ ਜਾਵੇ, ਕੱਚੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਚ ਵਾਧਾ ਕੀਤਾ ਜਾਵੇ ਤੇ ਉਨ੍ਹਾਂ ਲਈ ਸਥਾਈ ਹਾਜ਼ਰੀ ਪੁਆਇੰਟ ਦੀ ਵਿਵਸਥਾ ਕੀਤੀ ਜਾਵੇ। ਯੂਨੀਅਨ ਦੇ ਅਗੂਆਂ ਨੇ ਦੱਸਿਆ ਕਿ ਖੁੱਲ੍ਹੀਆਂ ਥਾਵਾਂ ’ਤੇ ਹਾਜ਼ਰੀ ਲਗਾਉਣ ਨਾਲ ਮੁਲਾਜ਼ਮਾਂ ਨੂੰ ਸਰਦੀ, ਗਰਮੀ ਤੇ ਮੀਂਹ ਦੌਰਾਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਕੱਚੇ ਮੁਲਾਜ਼ਮਾਂ ਨੂੰ ਜਲਦ ਵਰਦੀਆਂ ਮੁਹੱਈਆ ਕਰਵਾਉਣ ਤੇ ਸੀਵਰੇਜ ਵਿਭਾਗ ’ਚ ਖਾਲੀ ਅਹੁਦਿਆਂ ਨੂੰ ਤੁਰੰਤ ਭਰਨ ਦੀ ਮੰਗ ਵੀ ਦੁਹਰਾਈ। ਇਸ ਹੜਤਾਲ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸੀਵਰੇਜ ਜਾਮ ਸਮੱਸਿਆ ਗੰਭੀਰ ਰੂਪ ਧਾਰ ਚੁੱਕੀ ਹੈ। ਮੁੱਖ ਬਾਜ਼ਾਰਾਂ ’ਚ ਦੁਕਾਨਾਂ ਦੇ ਸਾਹਮਣੇ ਗੰਦਲਾ ਪਾਣੀ ਖੜ੍ਹਾ ਹੋਣ ਕਾਰਨ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਲੋਕਾਂ ਨੇ ਕਿਹਾ ਕਿ ਬਦਬੂ ਅਤੇ ਗੰਦਗੀ ਕਾਰਨ ਗਾਹਕ ਬਾਜ਼ਾਰਾਂ ਵੱਲ ਆਉਣ ਤੋਂ ਕਤਰਾਉਣ ਲੱਗ ਪਏ ਹਨ। ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ’ਤੇ ਜਲਦ ਕੋਈ ਠੋਸ ਕਾਰਵਾਈ ਨਾ ਕੀਤੀ, ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਆਉਣ ਵਾਲੇ ਦਿਨਾਂ ਵਿਚ ਗੇਟ ਰੈਲੀਆਂ, ਰੋਸ ਮੁਜ਼ਾਹਰਾ, ਹੜਤਾਲ ਤੇ ਮੋਟਰਾਂ ਬੰਦ ਕਰਨ ਵਰਗੇ ਕਦਮ ਵੀ ਚੁੱਕੇ ਜਾ ਸਕਦੇ ਹਨ। ਯੂਨੀਅਨ ਨੇ ਸਪੱਸ਼ਟ ਕੀਤਾ ਕਿ ਇਸ ਸਥਿਤੀ ਤੋਂ ਪੈਦਾ ਹੋਣ ਵਾਲੀਆਂ ਸਾਰੀਆਂ ਸਮੱਸਿਆਵਾਂ ਦੀ ਜ਼ਿੰਮੇਵਾਰੀ ਨਿਗਮ ਬਠਿੰਡਾ, ਸੀਵਰੇਜ ਬੋਰਡ ਤੇ ਪ੍ਰਸ਼ਾਸਨ ਉੱਤੇ ਹੋਵੇਗੀ।