ਸੀਵਰੇਜ ਵਰਕਰ ਯੂਨੀਅਨ ਵੱਲੋਂ ਨਿਗਮ ਨੂੰ 72 ਘੰਟੇ ਦਾ ਅਲਟੀਮੇਟਮ
ਸੀਵਰੇਜ ਵਰਕਰ ਯੂਨੀਅਨ ਨੇ ਨਗਰ ਨਿਗਮ ਨੂੰ ਦਿੱਤਾ 72 ਘੰਟਿਆਂ ਦਾ ਅਲਟੀਮੇਟਮ
Publish Date: Wed, 21 Jan 2026 04:39 PM (IST)
Updated Date: Thu, 22 Jan 2026 04:01 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਸੀਵਰੇਜ ਵਰਕਰ ਯੂਨੀਅਨ ਬਠਿੰਡਾ ਨੇ ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਨਗਰ ਨਿਗਮ ਬਠਿੰਡਾ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਸਖ਼ਤ ਰੁਖ ਅਪਣਾਇਆ ਹੈ। ਯੂਨੀਅਨ ਨੇ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦਿਆਂ 72 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਸਬੰਧੀ ਯੂਨੀਅਨ ਆਗੂਆਂ ਨੇ ਕਿਹਾ ਕਿ ਸੀਵਰੇਜ ਮੁਲਾਜ਼ਮਾਂ ਦੀਆਂ ਮੰਗਾਂ ਕਾਫ਼ੀ ਸਮੇਂ ਤੋਂ ਬਕਾਇਆ ਪਈਆਂ ਹਨ ਅਤੇ ਵਾਰ-ਵਾਰ ਧਿਆਨ ਦਿਵਾਉਣ ਦੇ ਬਾਵਜੂਦ ਨਗਰ ਨਿਗਮ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਯੂਨੀਅਨ ਨੂੰ ਇਹ ਕਦਮ ਚੁੱਕਣਾ ਪਿਆ ਹੈ। ਸੀਵਰੇਜ ਵਰਕਰ ਯੂਨੀਅਨ ਨੇ ਮੰਗ ਕੀਤੀ ਹੈ ਕਿ ਬਠਿੰਡਾ ਸ਼ਹਿਰ ਦੀ ਵਧਦੀ ਆਬਾਦੀ ਨੂੰ ਧਿਆਨ ਵਿਚ ਰੱਖਦਿਆਂ 200 ਨਵੇਂ ਸੀਵਰੇਜ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇ, ਸੇਵਾਮੁਕਤ ਸੀਵਰੇਜ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬਕਾਏ ਤੁਰੰਤ ਅਦਾ ਕੀਤੇ ਜਾਣ, ਸੀਵਰੇਜ ਮੁਲਾਜ਼ਮਾਂ ਨੂੰ ਕਾਰਜਕਾਰੀ ਸਾਥੀਆਂ ਵਜੋਂ ਤਰੱਕੀ ਦਿੱਤੀ ਜਾਵੇ, ਅਸਥਾਈ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਾਈਆਂ ਜਾਣ, ਸਰਦੀਆਂ ਤੇ ਗਰਮੀਆਂ ਦੌਰਾਨ ਅਸੁਵਿਧਾ ਤੋਂ ਬਚਣ ਲਈ ਸੀਵਰੇਜ ਵਰਕਰਾਂ ਨੂੰ ਹਾਜ਼ਰੀ ਪੁਆਇੰਟ ਪ੍ਰਦਾਨ ਕੀਤੇ ਜਾਣ, ਅਸਥਾਈ ਕਰਮਚਾਰੀਆਂ ਨੂੰ ਜਲਦੀ ਤੋਂ ਜਲਦੀ ਵਰਦੀਆਂ ਜਾਰੀ ਕੀਤੀਆਂ ਜਾਣ। ਯੂਨੀਅਨ ਨੇ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇਕਰ 72 ਘੰਟਿਆਂ ਅੰਦਰ ਮੰਗਾਂ ਦਾ ਹੱਲ ਨਾ ਹੋਇਆ ਤਾਂ ਧਰਨਾ-ਪ੍ਰਦਰਸ਼ਨ, ਗੇਟ ਰੈਲੀਆਂ, ਰੋਸ ਮੁਜ਼ਾਹਰਾ ਤੇ ਹੜਤਾਲ ਕੀਤੀ ਜਾਵੇਗੀ। ਇਸ ਤੋਂ ਬਾਵਜੂਦ ਵੀ ਸੁਣਵਾਈ ਨਾ ਹੋਣ ਦੀ ਸੂਰਤ ’ਚ ਮੋਟਰਾਂ ਬੰਦ ਕਰਨ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ। ਯੂਨੀਅਨ ਨੇ ਕਿਹਾ ਕਿ ਇਸ ਦੌਰਾਨ ਪੈਦਾ ਹੋਣ ਵਾਲੀ ਕਿਸੇ ਵੀ ਸਮੱਸਿਆ ਦੀ ਪੂਰੀ ਜ਼ਿੰਮੇਵਾਰੀ ਨਗਰ ਨਿਗਮ ਬਠਿੰਡਾ, ਸੀਵਰੇਜ ਬੋਰਡ ਤੇ ਪ੍ਰਸ਼ਾਸਨ ਦੀ ਹੋਵੇਗੀ।