- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਵਰੇਜ ਬੋਰਡ ਕਰਮਚਾਰੀਆਂ ਦੀ ਹੜਤਾਲ ਜਾਰੀ, ਡਿਸਪੋਜ਼ਲ ਦੀਆਂ ਮੋਟਰਾਂ ਬੰਦ

-ਸ਼ਹਿਰ ਦੀ ਸਫ਼ਾਈ ਵਿਵਸਥਾ ਹੋਈ ਠੱਪ, ਕਈ ਇਲਾਕਿਆਂ ’ਚ ਭਰਿਆ ਗੰਦਾ ਪਾਣੀ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸੀਵਰੇਜ ਬੋਰਡ ਦੇ ਕਰਮਚਾਰੀਆਂ ਦੀ ਹੜਤਾਲ ਮੰਗਲਵਾਰ ਨੂੰ ਲਗਾਤਾਰ ਸੱਤਵੇਂ ਦਿਨ ਵੀ ਜਾਰੀ ਰਹੀ। ਨਿਗਮ ਅਧਿਕਾਰੀਆਂ ਵੱਲੋਂ ਹੁਣ ਤਕ ਕੋਈ ਠੋਸ ਸੁਣਵਾਈ ਨਾ ਹੋਣ ਕਾਰਨ ਨਾਰਾਜ਼ ਕਰਮਚਾਰੀਆਂ ਨੇ ਆਪਣੀ ਹੜਤਾਲ ਹੋਰ ਤੇਜ਼ ਕਰ ਦਿੱਤੀ ਹੈ। ਹੜਤਾਲ ਦੇ ਚਲਦਿਆਂ ਸ਼ਹਿਰ ਦੀ ਸਫ਼ਾਈ ਅਤੇ ਸੀਵਰੇਜ ਵਿਵਸਥਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਹਾਲਾਤ ਉਸ ਵੇਲੇ ਹੋਰ ਵੀ ਵਿਗੜ ਗਏ ਜਦੋਂ ਕਰਮਚਾਰੀਆਂ ਨੇ ਕੈਨਾਲ ਡਿਸਪੋਜ਼ਲ ਦੀਆਂ ਮੋਟਰਾਂ ਬੰਦ ਕਰ ਦਿੱਤੀਆਂ, ਜਿਸ ਨਾਲ ਕਈ ਰਹਾਇਸ਼ੀ ਇਲਾਕਿਆਂ ਵਿਚ ਗੰਦਾ ਪਾਣੀ ਇਕੱਠਾ ਹੋ ਗਿਆ। ਸੋਮਵਾਰ ਸ਼ਾਮ ਕਰੀਬ ਚਾਰ ਵਜੇ ਕਰਮਚਾਰੀ ਕੈਨਾਲ ਡਿਸਪੋਜ਼ਲ ’ਤੇ ਪਹੁੰਚੇ ਅਤੇ ਉੱਥੇ ਲੱਗੀਆਂ ਮੋਟਰਾਂ ਬੰਦ ਕਰ ਦਿੱਤੀਆਂ। ਇਸ ਕਾਰਨ ਬਚਨ ਕਲੋਨੀ, ਮੁਲਤਾਨੀਆ ਰੋਡ, ਮੁੱਖ ਬਾਜ਼ਾਰ ਨਾਲ ਜੁੜੀਆਂ ਕਈ ਗਲੀਆਂ, ਸੁਰਜੀਤ ਰੋਡ ਅਤੇ ਪ੍ਰਤਾਪ ਨਗਰ ਸਮੇਤ ਹੋਰ ਇਲਾਕਿਆਂ ਵਿਚ ਸੀਵਰੇਜ ਓਵਰਫ਼ਲੋਅ ਦੀ ਸਥਿਤੀ ਬਣ ਗਈ। ਕਈ ਥਾਵਾਂ ’ਤੇ ਗੰਦਾ ਪਾਣੀ ਸੜਕਾਂ ਅਤੇ ਘਰਾਂ ਦੇ ਬਾਹਰ ਇਕੱਠਾ ਹੋ ਗਿਆ, ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੌਰਾਨ ਹੜਤਾਲ ’ਤੇ ਬੈਠੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਤਨਖਾਹ, ਪੱਕੇ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਪਰ ਨਿਗਮ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਦੇਖਾ ਕੀਤਾ ਜਾ ਰਿਹਾ ਹੈ। ਕਰਮਚਾਰੀਆਂ ਦਾ ਦੋਸ਼ ਹੈ ਕਿ ਵਾਰ ਵਾਰ ਭਰੋਸੇ ਦਿੱਤੇ ਜਾਣ ਦੇ ਬਾਵਜੂਦ ਹੁਣ ਤੱਕ ਕੋਈ ਵੀ ਠੋਸ ਫ਼ੈਸਲਾ ਨਹੀਂ ਲਿਆ ਗਿਆ। ਇਸ ਦੌਰਾਨ ਨਿਗਮ ਕਮਿਸ਼ਨਰ ਨੇ ਆਪਣੇ ਦਫ਼ਤਰ ਵਿਚ ਇਕ ਐਮਰਜੈਂਸੀ ਮੀਟਿੰਗ ਬੁਲਾਈ, ਜਿਸ ਵਿਚ ਕੈਨਾਲ ਡਿਸਪੋਜ਼ਲ ਅਤੇ ਹੋਰ ਸੀਵਰੇਜ ਪੰਪਿੰਗ ਸਟੇਸ਼ਨਾਂ ਦੀ ਸਥਿਤੀ ’ਤੇ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀ ਕਿ ਹਾਲਾਤ ਦਾ ਜਾਇਜ਼ਾ ਲੈ ਕੇ ਜਲਦ ਤੋਂ ਜਲਦ ਹੱਲ ਕੱਢਿਆ ਜਾਵੇ।
ਹਾਲਾਂਕਿ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਲਿਖਤੀ ਰੂਪ ਵਿੱਚ ਸਵੀਕਾਰ ਨਹੀਂ ਕੀਤੀਆਂ ਜਾਂਦੀਆਂ, ਤਦ ਤੱਕ ਅੰਦੋਲਨ ਜਾਰੀ ਰਹੇਗਾ। ਸੀਵਰੇਜ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰਵੀ ਕੁਮਾਰ ਚਾਂਦੀਆ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਹਰ ਵਾਰ ਗੱਲਬਾਤ ਦਾ ਭਰੋਸਾ ਦਿੱਤਾ ਜਾਂਦਾ ਹੈ, ਪਰ ਮੰਗਾਂ ਕਦੋਂ ਮੰਨੀਆਂ ਜਾਣਗੀਆਂ, ਇਸ ਬਾਰੇ ਕੋਈ ਸਮਾਂ-ਸੀਮਾ ਤੈਅ ਨਹੀਂ ਕੀਤੀ ਜਾ ਰਹੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਕੋਈ ਹੱਲ ਨਾ ਹੋਇਆ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉੱਧਰ, ਆਮ ਨਾਗਰਿਕਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਗੰਦਗੀ ਤੇ ਬਦਬੂ ਕਾਰਨ ਬਿਮਾਰੀਆਂ ਦਾ ਖ਼ਤਰਾ ਵੱਧ ਰਿਹਾ ਹੈ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।