- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਨੀਅਰ ਪੁਲਿਸ ਅਧਿਕਾਰੀਆਂ ਨੇ ਫਤਿਹ ਕਾਲਜ ਵਿਖੇ ਵਿਦਿਆਰਥੀਆਂ ਨਾਲ ਨਸ਼ਿਆਂ ਵਿਰੁੱਧ ਸੰਵਾਦ ਕੀਤਾ

-ਕਿਹਾ, ਪੁਲਿਸ ਤੇ ਸਰਕਾਰ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਪੂਰੀ ਤਰ੍ਹਾਂ ਯਤਨਸ਼ੀਲ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਹੋਰ ਮਜ਼ਬੂਤ ਕਰਦਿਆਂ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਅੱਜ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ (ਫਤਿਹ ਕਾਲਜ), ਰਾਮਪੁਰਾ ਫੂਲ ਵਿਖੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨਾਲ ਖੁੱਲ੍ਹਾ ਸੰਵਾਦ ਕੀਤਾ। ਇਸ ਸਮਾਗਮ ਵਿਚ ਵਿਸ਼ੇਸ਼ ਡੀਜੀਪੀ (ਸਪੈਸ਼ਲ) ਡਾ. ਜਤਿੰਦਰ ਕੁਮਾਰ ਜੈਨ, ਡੀਆਈਜੀ ਬਠਿੰਡਾ ਹਰਜੀਤ ਸਿੰਘ, ਐੱਸਐੱਸਪੀ ਡਾ. ਜਯੋਤੀ ਯਾਦਵ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਅਧਿਕਾਰੀਆਂ ਨੇ ਨਸ਼ਿਆਂ ਦੇ ਖਤਰੇ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਆਪਣੇ ਵਿਚਾਰ ਰੱਖਣ ਦੀ ਪੂਰੀ ਖੁੱਲ੍ਹ ਦਿੱਤੀ। ਵਿਦਿਆਰਥੀਆਂ ਨੇ ਵੀ ਸਰਗਰਮੀ ਨਾਲ ਹਿੱਸਾ ਲਿਆ। ਇਸ ਮੌਕੇ ਵਿਦਿਆਰਥੀਆਂ ਨੇ ਸਵਾਲ ਕੀਤੇ ਅਤੇ ਨਸ਼ਿਆਂ ਦੇ ਨੁਕਸਾਨ ਬਾਰੇ ਭਾਸ਼ਣ ਦਿੱਤੇ। ਡਾ. ਜਤਿੰਦਰ ਕੁਮਾਰ ਜੈਨ ਨੇ ਕਿਹਾ ਕਿ ਪੰਜਾਬ ਪੁਲਿਸ ਅਤੇ ਸਰਕਾਰ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਪੂਰੀ ਤਾਕਤ ਨਾਲ ਲੱਗੇ ਹੋਏ ਹਨ। ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿਚ ਪਾਇਆ ਗਿਆ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਅਟੈਚ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ। ਡੀਆਈਜੀ ਹਰਜੀਤ ਸਿੰਘ ਨੇ ਨੌਜਵਾਨਾਂ ਨੂੰ ਪੁਲਿਸ ਅਤੇ ਸਰਕਾਰ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਵੀ ਇਸ ਮੁਹਿੰਮ ਵਿਚ ਸ਼ਾਮਲ ਕਰਨ ਨਾਲ ਨਤੀਜੇ ਹੋਰ ਵਧੀਆ ਹੋਣਗੇ। ਐੱਸਐੱਸਪੀ ਡਾ. ਜਯੋਤੀ ਯਾਦਵ ਨੇ ਆਪਣੇ ਆਪ ਨੂੰ ਵਿਦਿਆਰਥੀਆਂ ਦੀ ਭੈਣ ਕਹਿ ਕੇ ਨਸ਼ਾ ਤਸਕਰਾਂ ਦੀ ਜਾਣਕਾਰੀ ਬੇਖੌਫ ਹੋ ਕੇ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਯਕੀਨ ਦਿਵਾਇਆ ਕਿ ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਉਨ੍ਹਾਂ ਦਾ ਸਤਿਕਾਰ ਵੀ ਕੀਤਾ ਜਾਵੇਗਾ। ਡੀਐੱਸਪੀ ਸਪੈਸ਼ਲ ਗੁਰਪ੍ਰੀਤ ਸਿੰਘ ਨੇ ਨਸ਼ੇ ਦੇ ਆਦੀ ਵਿਅਕਤੀਆਂ ਪ੍ਰਤੀ ਹਮਦਰਦੀ ਵਾਲਾ ਰਵੱਈਆ ਅਪਣਾਉਣ ਅਤੇ ਮਨੋਵਿਗਿਆਨਕ ਤਰੀਕਿਆਂ ਨਾਲ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਲਿਆਉਣ 'ਤੇ ਜ਼ੋਰ ਦਿੱਤਾ।
ਕਾਲਜ ਚੇਅਰਮੈਨ ਐੱਸਐੱਸ ਚੱਠਾ ਨੇ ਪੁਲਿਸ ਅਧਿਕਾਰੀਆਂ ਦੀ ਆਮਦ ਦਾ ਸਵਾਗਤ ਕਰਦਿਆਂ ਇਸ ਸੰਵਾਦ ਨੂੰ ਨਸ਼ਿਆਂ ਦੇ ਖਾਤਮੇ ਲਈ ਸਾਰਥਕ ਕਦਮ ਦੱਸਿਆ। ਕਾਲਜ ਐੱਮਡੀ ਐੱਸਐੱਸ. ਚੱਠਾ ਨੇ ਵੀ ਆਪਸੀ ਭਰੋਸੇ ਵਧਾਉਣ ਵਾਲੇ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ।ਸਮਾਗਮ ਵਿਚ ਪੁਲਿਸ ਭਰਤੀ ਅਤੇ ਨਸ਼ਾ ਛੁਡਾਊ ਕੇਂਦਰਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਵਿਦਿਆਰਥੀਆਂ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਸਟੇਜ ਸੰਚਾਲਨ ਪ੍ਰਿੰਸੀਪਲ ਬਘੇਲ ਸਿੰਘ ਨੇ ਬਾਖੂਬੀ ਕੀਤਾ। ਇਸ ਮੌਕੇ ਉਪ ਕਪਤਾਨ ਮਨੋਜ ਕੁਮਾਰ, ਥਾਨਾ ਮੁਖੀ ਹਰਬੰਸ ਸਿੰਘ, ਬੂਟਾ ਸਿੰਘ, ਐਮਡੀ ਮਨਜੀਤ ਕੋਰ, ਪ੍ਰੋ ਸੰਦੀਪ ਕੌਰ, ਪ੍ਰੋ ਕੁਮਾਰੀ ਸੈਲਜਾ, ਸਹਾਇਕ ਡਾਇਰੈਕਟਰ ਹਰਪ੍ਰੀਤ ਸ਼ਰਮਾ ਪ੍ਰੋ ਸੋਨਵਿੰਦਰ ਸਿੰਘ ਸਮੇਤ ਕਾਲਜ ਸਟਾਫ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਹ ਸੰਵਾਦ 'ਸੰਪਰਕ' ਪ੍ਰੋਜੈਕਟ ਦੇ ਤਹਿਤ ਯਾਦਗਾਰੀ ਬਣਿਆ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।