ਪਿਸਤੌਲ ਵਿਖਾ ਕੇ ਕਿਰਾਨਾ ਵਪਾਰੀ ਤੋਂ ਲੁੱਟੇ 20 ਹਜ਼ਾਰ ਰੁਪਏ ਤੇ ਮੋਬਾਈਲ
ਗਾਂਧੀ ਨਗਰ ਵਿੱਚ ਕਿਰਾਨਾ ਵਪਾਰੀ ਨਾਲ ਲੁੱਟ, ਪਿਸਤੌਲ ਦੀ ਨੋਕ ‘ਤੇ 20 ਹਜ਼ਾਰ ਰੁਪਏ ਅਤੇ ਮੋਬਾਈਲ ਖੋਹਿਆ
Publish Date: Mon, 06 Apr 2026 06:11 PM (IST)
Updated Date: Tue, 07 Apr 2026 04:05 AM (IST)
-ਰਾਤ 10 ਵਜੇ ਵਿਰੋਧ ਕਰਨ ’ਤੇ ਨੌਜਵਾਨਾਂ ਨੇ ਇੱਟਾਂ ਸੁੱਟੀਆਂ, ਲੋਕਾਂ ’ਚ ਰੋਸ
ਜੀਵਲ ਜਿੰਦਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਗਾਂਧੀ ਨਗਰ ਖੇਤਰ ਵਿੱਚ ਐਤਵਾਰ ਰਾਤ ਲਗਭਗ 10 ਵਜੇ ਤਿੰਨ ਨਕਾਬਪੋਸ਼ ਬਦਮਾਸ਼ਾਂ ਨੇ ਇਕ ਕਿਰਾਨਾ ਵਪਾਰੀ ਨੂੰ ਨਿਸ਼ਾਨਾ ਬਣਾਉਂਦਿਆਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਬਦਮਾਸ਼ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਅਤੇ ਵਪਾਰੀ ਪੰਕਜ ਨੂੰ ਪਿਸਤੌਲ ਦਿਖਾ ਕੇ ਪਹਿਲਾਂ ਦੁਕਾਨ ਖੋਲਵਾਈ। ਫਿਰ ਅੰਦਰ ਦਾਖਲ ਹੋ ਕੇ ਕੁੱਟਮਾਰ ਕਰਦਿਆਂ ਲਗਭਗ 20 ਹਜ਼ਾਰ ਰੁਪਏ ਨਕਦ ਤੇ ਮੋਬਾਈਲ ਫ਼ੋਨ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਦੌਰਾਨ ਕੁਝ ਨੌਜਵਾਨਾਂ ਨੇ ਹੌਂਸਲਾ ਦਿਖਾਉਂਦੇ ਹੋਏ ਬਦਮਾਸ਼ਾਂ ਦਾ ਵਿਰੋਧ ਕੀਤਾ। ਪ੍ਰਤੱਖਦਰਸ਼ੀਆਂ ਦੇ ਅਨੁਸਾਰ ਨੌਜਵਾਨਾਂ ਨੇ ਬਦਮਾਸ਼ਾਂ ‘ਤੇ ਇੱਟਾਂ ਸੁੱਟੀਆਂ, ਜਿਸ ਕਾਰਨ ਬਦਮਾਸ਼ ਡਰ ਕੇ ਮੌਕੇ ਤੋਂ ਭੱਜ ਗਏ। ਘਟਨਾ ਤੋਂ ਬਾਅਦ ਇਲਾਕੇ ਵਿੱਚ ਅਫਰਾ-ਤਫਰੀ ਦਾ ਮਾਹੌਲ ਬਣ ਗਿਆ ਤੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਘਟਨਾ ਦੇ ਵਿਰੋਧ ਵਿੱਚ ਸੋਮਵਾਰ ਨੂੰ ਗਾਂਧੀ ਨਗਰ ਦੇ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਤੇ ਬਦਮਾਸ਼ਾਂ ਦੀ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ। ਵਪਾਰੀਆਂ ਨੇ ਕਿਹਾ ਕਿ ਜੇਕਰ ਬਾਜ਼ਾਰ ਵਿੱਚ ਹੀ ਵਪਾਰੀ ਸੁਰੱਖਿਅਤ ਨਹੀਂ ਹਨ, ਤਾਂ ਕਾਨੂੰਨ-ਵਿਵਸਥਾ ਦੀ ਸਥਿਤੀ ‘ਤੇ ਗੰਭੀਰ ਸਵਾਲ ਉੱਠਦੇ ਹਨ। ਉਨ੍ਹਾਂ ਨੇ ਤਾਵਨੀ ਦਿੱਤੀ ਕਿ ਜਲਦ ਕਾਰਵਾਈ ਨਾ ਹੋਣ ‘ਤੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
-ਬਾਕਸ-
-ਵਪਾਰੀਆਂ ਵਿੱਚ ਰੋਸ, ਬਾਜ਼ਾਰ ਬੰਦ ਕਰ ਕੇ ਕੀਤਾ ਵਿਰੋਧ
ਰਿਹਾਇਸ਼ੀ ਅਤੇ ਵਪਾਰਕ ਖੇਤਰ ਗਾਂਧੀ ਨਗਰ ਵਿੱਚ ਰਾਤ ਦੇ ਸਮੇਂ ਹੋਈ ਇਸ ਘਟਨਾ ਨੇ ਪੁਲਿਸ ਗਸ਼ਤ ਅਤੇ ਸੁਰੱਖਿਆ ਵਿਵਸਥਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਕ ਹੀ ਮੋਟਰਸਾਈਕਲ ‘ਤੇ ਸਵਾਰ ਤਿੰਨ ਨਕਾਬਪੋਸ਼ਾਂ ਵੱਲੋਂ ਖੁਲੇਆਮ ਲੁੱਟ ਦੀ ਘਟਨਾ ਨੂੰ ਅੰਜਾਮ ਦੇਣਾ ਪੁਲਿਸ ਦੀ ਕਾਰਗੁਜ਼ਾਰੀ ‘ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ।
-ਬਾਕਸ
-ਸੀਸੀਟੀਵੀ ਫੁਟੇਜ ਖੰਗਾਲਣ ਲਈ ਪੁਲਿਸ ਟੀਮਾਂ ਗਠਿਤ
ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਥਾਣਾ ਮੁਖੀ ਰਾਮਪੁਰਾ ਫੂਲ ਹਰਬੰਸ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਸਾਰੇ ਪਹਿਲੂਆਂ ‘ਤੇ ਜਾਂਚ ਜਾਰੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਕਿਸੇ ਨੂੰ ਵੀ ਛੱਡਿਆ ਨਹੀਂ ਜਾਵੇਗਾ।