- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਵਿਸ ਰੋਡ ਖੁੱਲਣ ਨਾਲ ਟਰੈਫਿਕ ਜਾਮ ਤੋਂ ਮਿਲੇਗੀ ਨਿਜਾਤ, ਡੀਐਸਪੀ ਕਰਮਜੀਤ ਸਿੰਘ ਟਰੈਫਿਕ ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ

-ਰਿੰਗ ਰੋਡ ਨੂੰ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਨਾਲ ਜੋੜਨ ਦਾ ਕੰਮ ਸ਼ੁਰੂ
6) ਸ਼ਹਿਰ ਦੇ ਥਾਣਾ ਕੈਂਟ ਅੱਗੇ ਲੱਗਾ ਹੋਇਆ ਜਾਮ।
7) ਜਾਇਜ਼ਾ ਲੈਣ ਸਮੇਂ ਡੀਐੱਸਪੀ ਕਰਮਜੀਤ ਸਿੰਘ।
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਸ਼ਹਿਰ ਵਿੱਚ ਵਿਕਾਸ ਕਾਰਜਾਂ ਤਹਿਤ ਬਠਿੰਡਾ ਰਿੰਗ ਰੋਡ ਨੂੰ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਨਾਲ ਜੋੜਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਪ੍ਰੋਜੈਕਟ ਕਾਰਨ ਸਬੰਧਤ ਓਵਰਬ੍ਰਿਜ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਸ਼ਹਿਰ ਦੇ ਮੁੱਖ ਮਾਰਗਾਂ ‘ਤੇ ਟਰੈਫਿਕ ਦਾ ਦਬਾਅ ਕਾਫ਼ੀ ਵੱਧ ਗਿਆ ਹੈ। ਖ਼ਾਸ ਕਰਕੇ ਥਾਣਾ ਕੈਂਟ ਤੋਂ ਲੈ ਕੇ ਬੀਬੀਵਾਲਾ ਚੌਂਕ ਤੱਕ ਲਗਾਤਾਰ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੀਐਸਪੀ ਟਰੈਫਿਕ ਕਰਮਜੀਤ ਸਿੰਘ ਨੇ ਟਰੈਫਿਕ ਸਬੰਧੀ ਜਾਇਜ਼ਾ ਲਿਆ। ਓਵਰਬ੍ਰਿਜ ਬੰਦ ਹੋਣ ਨਾਲ ਸਾਰਾ ਟਰੈਫਿਕ ਵਿਕਲਪਿਕ ਰਸਤਿਆਂ ਵੱਲ ਮੋੜਿਆ ਗਿਆ ਹੈ, ਪਰ ਉਹ ਰਸਤੇ ਇੰਨ੍ਹੀ ਵੱਡੀ ਗਿਣਤੀ ਦੇ ਵਾਹਨਾਂ ਨੂੰ ਸੰਭਾਲਣ ਲਈ ਯੋਗ ਨਹੀਂ ਹਨ। ਦਫ਼ਤਰੀ ਸਮੇਂ ਦੌਰਾਨ ਅਤੇ ਸਕੂਲਾਂ ਦੇ ਛੁੱਟੀ ਸਮੇਂ ਜਾਮ ਦੀ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਦੋ ਪਹੀਆ ਵਾਹਨ, ਕਾਰਾਂ, ਬੱਸਾਂ ਅਤੇ ਭਾਰੀ ਵਾਹਨਾਂ ਦੇ ਇਕੱਠੇ ਹੋਣ ਨਾਲ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਕਈ ਵਾਰ ਐਂਬੂਲੈਂਸ ਅਤੇ ਹੋਰ ਐਮਰਜੈਂਸੀ ਵਾਹਨਾਂ ਨੂੰ ਵੀ ਰਸਤਾ ਬਣਾਉਣ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ। ਭਾਵੇਂ ਕਿ ਟਰੈਫਿਕ ਪ੍ਰਬੰਧ ਨੂੰ ਸੁਚਾਰੂ ਬਣਾਉਣ ਲਈ ਮੌਕੇ ‘ਤੇ ਟਰੈਫਿਕ ਪੁਲਿਸ ਦੇ ਜਵਾਨ ਤੈਨਾਤ ਕੀਤੇ ਗਏ ਹਨ, ਪਰ ਵਾਹਨਾਂ ਦੀ ਵੱਧ ਰਹੀ ਗਿਣਤੀ ਕਾਰਨ ਜਾਮ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਨਹੀਂ ਹੋ ਸਕੀ। ਕਈ ਥਾਵਾਂ ‘ਤੇ ਲੋਕਾਂ ਵੱਲੋਂ ਗਲਤ ਪਾਸੇ ਤੋਂ ਵਾਹਨ ਚਲਾਉਣ ਅਤੇ ਬੇਤਰਤੀਬੀ ਨਾਲ ਪਾਰਕਿੰਗ ਕਰਨ ਨਾਲ ਹਾਲਾਤ ਹੋਰ ਵੀ ਖ਼ਰਾਬ ਹੋ ਰਹੇ ਹਨ। ਸਥਿਤੀ ਦਾ ਜਾਇਜ਼ਾ ਲੈਣ ਲਈ ਡੀਐੱਸਪੀ ਟਰੈਫਿਕ ਕਰਮਜੀਤ ਸਿੰਘ ਨੇ ਮੌਕੇ ਦਾ ਦੌਰਾ ਕੀਤਾ। ਉਨ੍ਹਾਂ ਨੇ ਥਾਣਾ ਕੈਂਟ ਤੋਂ ਬੀਬੀਵਾਲਾ ਚੌਂਕ ਤਕ ਟਰੈਫਿਕ ਪ੍ਰਬੰਧਾਂ ਦੀ ਜਾਂਚ ਕੀਤੀ ਅਤੇ ਜਵਾਨਾਂ ਨਾਲ ਗੱਲਬਾਤ ਕਰਕੇ ਮੌਜੂਦਾ ਹਾਲਾਤ ਬਾਰੇ ਜਾਣਕਾਰੀ ਹਾਸਲ ਕੀਤੀ। ਡੀਐਸਪੀ ਨੇ ਟਰੈਫਿਕ ਪੁਲਿਸ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਚੌਰਾਹਿਆਂ ‘ਤੇ ਵਾਹਨਾਂ ਦੀ ਲਾਈਨਬੱਧ ਮੂਵਮੈਂਟ ਯਕੀਨੀ ਬਣਾਈ ਜਾਵੇ ਅਤੇ ਗਲਤ ਦਿਸ਼ਾ ਵਿੱਚ ਚਲਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਾਮ ਨੂੰ ਘਟਾਉਣ ਲਈ ਜਰੂਰਤ ਪੈਣ ‘ਤੇ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਜਾਵੇਗਾ। ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਬਿਨਾਂ ਲੋੜ ਦੇ ਵਾਹਨ ਸੜਕ ‘ਤੇ ਨਾ ਲਿਆਉਣ ਅਤੇ ਸੰਭਵ ਹੋਵੇ ਤਾਂ ਵਿਕਲਪਿਕ ਰਸਤੇ ਵਰਤਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰੋਜੈਕਟ ਮੁਕੰਮਲ ਹੋਣ ਮਗਰੋਂ ਟਰੈਫਿਕ ਦੀ ਸਮੱਸਿਆ ਵਿੱਚ ਕਾਫ਼ੀ ਸੁਧਾਰ ਆਵੇਗਾ ਅਤੇ ਸ਼ਹਿਰ ਨੂੰ ਲੰਬੇ ਸਮੇਂ ਲਈ ਰਾਹਤ ਮਿਲੇਗੀ।
ਬਾਕਸ
-ਬੰਦ ਸਰਵਿਸ ਰੋਡ ਜਲਦ ਖੁੱਲ੍ਹਣ ਨਾਲ ਮਿਲੇਗੀ ਲੋਕਾਂ ਨੂੰ ਸਹੂਲਤ
ਫਿਲਹਾਲ ਸਾਰੇ ਵਾਹਨਾਂ ਨੂੰ ਕੈਂਟ ਇਲਾਕੇ ਵੱਲੋਂ ਨਿਕਲਣ ਵਾਲੀ ਸਰਵਿਸ ਰੋਡ ‘ਤੇ ਡਾਈਵਰਟ ਕੀਤਾ ਗਿਆ ਹੈ। ਪਰ ਇਸ ਸਰਵਿਸ ਰੋਡ ਦੀ ਸਮਰੱਥਾ ਸੀਮਤ ਹੋਣ ਕਰਕੇ ਸਵੇਰੇ ਅਤੇ ਸ਼ਾਮ ਦੇ ਸਮੇਂ ਦੌਰਾਨ ਲੰਬੇ ਜਾਮ ਲੱਗ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਲਦੀ ਹੀ ਫੌਜ ਨਾਲ ਗੱਲਬਾਤ ਕਰਕੇ ਸਰਵਿਸ ਸੜਕਾਂ ਖੁਲਵਾਈਆਂ ਜਾਣਗੀਆਂ, ਜਿਸ ਤੋਂ ਬਾਅਦ ਟਰੈਫ਼ਿਕ ਜਾਮ ਹੋਣ ਦੀ ਸਮੱਸਿਆ ਕਾਫੀ ਘਟ ਜਾਵੇਗੀ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਵਿਸ ਰੋਡ ਖੋਲਣ ਲਈ ਫੌਜ ਦੇ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ। ਡੀਐਸਪੀ ਟਰੈਫਿਕ ਕਰਮਜੀਤ ਸਿੰਘ ਦਾ ਕਹਿਣਾ ਸੀ ਕਿ ਥਾਣਾ ਕੈਂਟ ਅਤੇ ਬੀਬੀਵਾਲਾ ਚੌਂਕ ਵਿਚ ਟਰੈਫਿਕ ਕੰਟਰੋਲ ਲਈ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਜਲਦੀ ਹੀ ਸਰਵਿਸ ਰੋਡ ਖੁੱਲਣ ਨਾਲ ਟਰੈਫ਼ਿਕ ਦੀ ਸਮੱਸਿਆ ਹੱਲ ਹੋ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਤਕ ਓਵਰਬ੍ਰਿਜ਼ ਬਣ ਕੇ ਤਿਆਰ ਨਹੀਂ ਹੋ ਜਾਂਦਾ ਉਦੋਂ ਤਕ ਲੋਕ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ।