- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਗਤ ਮੰਡੀ ਇਲਾਕੇ ਦੇ 56 ਪਿੰਡਾਂ ’ਚ ਰਸੋਈ

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਸੰਗਤ ਮੰਡੀ ਇਲਾਕੇ ਦੇ 56 ਪਿੰਡਾਂ ’ਚ ਅਚਾਨਕ ਰਸੋਈ ਗੈਸ ਦੀ ਭਾਰੀ ਕਮੀ ਪੈਦਾ ਹੋ ਗਈ ਹੈ ਅਤੇ ਸਥਾਨਕ ਇਕਲੌਤੀ ਗੈਸ ਏਜੰਸੀ ਮੂਹਰੇ ਲੰਬੇ ਸਮੇਂ ਬਾਅਦ ਲੋਕਾਂ ਦੀ ਭਾਰੀ ਭੀੜ ਦਿਖਾਈ ਦੇਣ ਲੱਗੀ ਹੈ। ਰਸੋਈ ਗੈਸ ਦੀ ਕਾਲਾਬਜ਼ਾਰੀ ਤੋਂ ਪਰੇਸ਼ਾਨ ਲੋਕਾਂ ਵੱਲੋਂ ਇਕਲੌਤੀ ਗੈਸ ਏਜੰਸੀ ਦੀਆਂ ਮਨਮਾਨੀਆਂ ਤੋਂ ਨਿਜਾਤ ਦਿਵਾਉਣ ਲਈ ਹੋਰਨਾਂ ਕੰਪਨੀਆਂ ਦੀਆਂ ਗੈਸ ਏਜੰਸੀਆਂ ਖੋਲ੍ਹਣ ਦੀ ਮੰਗ ਵੀ ਕੀਤੀ।
ਗੈਸ ਦੇ ਸਿਲੰਡਰ ਲੈਣ ਆਏ ਪਿੰਡ ਜੱਸੀ ਬਾਗ਼ਵਾਲੀ ਦੇ ਗੁਰਪਿਆਰ ਸਿੰਘ, ਹਰਦੇਵ ਸਿੰਘ ਘੁੱਦਾ, ਗੁਰਪ੍ਰੀਤ ਸਿੰਘ, ਸਰੋਜ ਰਾਣੀ, ਨਿਰਮਲਾ ਦੇਵੀ ਅਤੇ ਗੁਰਦੀਪ ਸਿੰਘ ਵਾਸੀ ਸੰਗਤ ਮੰਡੀ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਤਕ ਸਥਾਨਕ ਗੈਸ ਏਜੰਸੀ ਦੀਆਂ ਗੱਡੀਆਂ ’ਤੇ ਸਪੀਕਰ ਲਗਾ ਗੈਸ ਸਿਲੰਡਰ ਭਰਵਾਉਣ ਦੇ ਹੋਕੇ ਪਿੰਡਾਂ ’ਚ ਸਬਜੀ ਵੇਚਣ ਵਾਲਿਆਂ ਵਾਂਗ ਲਗਾਏ ਜਾਂਦੇ ਸਨ ਅਤੇ ਲੋਕਾਂ ਨੂੰ 900 ਰੁਪਏ ਪ੍ਰਤੀ ਸਿਲੰਡਰ ਦੇ ਹਿਸਾਬ ਨਾਲ ਸਿਲੰਡਰ ਮਿਲ ਰਹੇ ਸਨ ਪ੍ਰੰਤੂ ਕੁਝ ਸਮੇਂ ਤੋਂ ਅਚਾਨਕ ਗੈਸ ਦੀ ਕਮੀ ਪੈਦਾ ਹੋ ਗਈ, ਜਿਸ ਕਾਰਨ ਲੋਕਾਂ ਨੂੰ ਗੈਸ ਏਜੰਸੀ ਦੇ ਗੇੜੇ ਕੱਢਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸੰਗਤ ਇੰਡੇਨ ਗੈਸ ਏਜੰਸੀ ਪਟਿਆਲਾ ਦੇ ਕਿਸੇ ‘ਚੌਧਰੀ’ ਵੱਲੋਂ ਕਰੀਬ ਸਾਢੇ ਚਾਰ ਕਰੋੜ ਰੁਪਏ ਦੀ ਮੁੱਲ ਖਰੀਦ ਲਈ ਹੈ, ਜੋ ਇੰਡੇਨ ਗੈਸ ਕੰਪਨੀ ਦੇ ਸੇਵਾਮੁਕਤ ਅਧਿਕਾਰੀ ਦੱਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੰਪਨੀ ਦੇ ਸਾਰੇ ਦਾਅ-ਪੇਚ ਜਾਣਦੇ ਹੋਣ ਕਾਰਨ ਉਕਤ ਚੌਧਰੀ ਵੱਲੋਂ ਜਾਣ-ਬੁੱਝ ਕੇ ਗੈਸ ਦੀ ਕਮੀ ਪੈਦਾ ਕੀਤੀ ਜਾ ਰਹੀ ਹੈ, ਤਾਂ ਜੋ ਲੋਕਾਂ ਨੂੰ ਪਰੇਸ਼ਾਨ ਕਰਕੇ ਮਨਮਾਨੇ ਢੰਗ ਤਰੀਕਿਆਂ ਨਾਲ ਗੈਸ ਦੀ ਕਾਲਾਬਾਜ਼ਾਰੀ ਕੀਤੀ ਜਾ ਸਕੇ।
ਉਨ੍ਹਾਂ ਦੱਸਿਆ ਕਿ ਕਾਲਾਬਾਜ਼ਾਰੀ ਤਹਿਤ 1200 ਰੁਪਏ ਪ੍ਰਤੀ ਸਿਲੰਡਰ ਸ਼ਰੇਆਮ ਵਿਕ ਰਹੇ ਹਨ ਪ੍ਰੰਤੂ ਆਨ ਲਾਈਨ ਬੁੱਕ ਕਰਵਾ ਕੇ ਵੀ ਇਕ ਹਫ਼ਤੇ ਤੋਂ ਵੱਧ ਸਮਾਂ ਸਿਲੰਡਰ ਨਹੀਂ ਦਿੱਤੇ ਜਾ ਰਹੇ, ਸਗੋਂ ਏਜੰਸੀ ’ਚ ਆ ਕੇ ਬੁਕਿੰਗ ਨੰਬਰ ਦੱਸਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਅਤੇ ਏਜੰਸੀ ਦੇ ਦਫ਼ਤਰ ਜਾਂ ਗੋਦਾਮ ਤੋਂ 900 ਰੁਪਏ ਪ੍ਰਤੀ ਸਿਲੰਡਰ ਵਸੂਲੇ ਜਾ ਰਹੇ ਹਨ ਜਦੋਂ ਕਿ ਉਥੋਂ ਖਪਤਕਾਰ ਤੋਂ ਸਿਰਫ਼ 857 ਰੁਪਏ ਵਸੂਲੇ ਜਾਣ ਦੀਆਂ ਹਦਾਇਤਾਂ ਕੰਪਨੀ ਵੱਲੋਂ ਜਾਰੀ ਹਨ। ਖਪਤਕਾਰ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਆਨ ਲਾਈਨ ਬੁਕਿੰਗ ਵੀ ਉਕਤ ਏਜੰਸੀ ਵੱਲੋਂ 10 ਦਿਨਾਂ ਬਾਅਦ ਮਨਮਰਜ਼ੀ ਨਾਲ ਰੱਦ ਕਰ ਦਿੱਤੀ ਗਈ ਅਤੇ ਉਨ੍ਹਾਂ ਨੂੰ ਗੈਸ ਸਿਲੰਡਰ ਨਹੀਂ ਦਿੱਤਾ ਗਿਆ। ਹਫਤੇ ਤੋਂ ਵਧ ਸਮਾਂ ਪਹਿਲਾਂ ਬੁੱਕ ਕੀਤੇ ਸਿਲੰਡਰਾਂ ਦੀ ਸਪਲਾਈ ਅਜੇ ਤੱਕ ਨਾ ਮਿਲਣ ਦੀ ਗੱਲ ਉਥੇ ਮੌਜੂਦ ਕਈ ਲੋਕਾਂ ਨੇ ਕੀਤੀ। ਇਸ ਬਾਰੇ ਏਜੰਸੀ ਦੇ ਮਾਲਕ ਹਰਸਵਰੂਪ ਚੌਧਰੀ ਅਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਚੌਧਰੀ ਨੇ ਦੱਸਿਆ ਕਿ ਇਕ ਮਹੀਨਾ ਪਹਿਲਾਂ ਹੀ ਉਨ੍ਹਾਂ ਏਜੰਸੀ ਖਰੀਦੀ ਹੈ ਤੇ ਪਹਿਲਾਂ ਏਜੰਸੀ ਵੱਲੋਂ ਕੇਵਾਈਸੀ ਬਿਨਾਂ ਹੀ ਸਿਲੰਡਰ ਦਿੱਤੇ ਜਾ ਰਹੇ ਸਨ ਪਰ ਹੁਣ ਨਵੀਂ ਪਾਲਿਸੀ ਤਹਿਤ ਕੇਵਾਈਸੀ ਜ਼ਰੂਰੀ ਕੀਤੀ ਗਈ ਹੈ ਅਤੇ ਕੰਪਨੀ ਦੇ ਓਟੀਪੀ ਨਾਲ ਹੀ ਸਿਲੰਡਰ ਦਿੱਤੇ ਜਾਣਗੇ, ਜਿਸ ਕਾਰਨ ਕੇਵਾਈਸੀ ਵਾਲੇ ਲੋਕਾਂ ਦੀ ਭੀੜ ਜਮਾਂ ਹੋ ਰਹੀ ਹੈ। ਉਨ੍ਹਾਂ ਗੈਸ ਦੀ ਕਾਲਾਬਜ਼ਾਰੀ ਦੇ ਦੋਸ਼ਾਂ ਨੂੰ ਮੁੱਢੋਂ ਨਕਾਰ ਦਿੱਤਾ।