ਸਹਿਕਾਰੀ ਸਭਾ ਚੋਣਾਂ ਸਬੰਧੀ ਹੰਗਾਮਾ, 'ਆਪ' ਤੇ ਅਕਾਲੀ ਦਲ ਆਹਮੋ-ਸਾਹਮਣੇ
ਸਹਿਕਾਰੀ ਸਭਾ ਚੋਣਾਂ ਨੂੰ ਲੈ ਕੇ ਹੋਇਆ ਹੰਗਾਮਾ, 'ਆਪ' ਅਤੇ ਅਕਾਲੀ ਦਲ ਆਹਮੋ-ਸਾਹਮਣੇ
Publish Date: Wed, 08 Apr 2026 05:40 PM (IST)
Updated Date: Thu, 09 Apr 2026 04:03 AM (IST)

-ਅਕਾਲੀ ਦਲ ਦਾ ਦੋਸ਼ ਮੈਂਬਰਾਂ ਨੂੰ ਜਮ੍ਹਾਂ ਨਹੀਂ ਕਰਵਾਉਣ ਦਿੱਤੇ ਨਾਮਜ਼ਦਗੀ ਪੱਤਰ ਸ਼ੁਰੇਸ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌਡ ਮੰਡੀ ਜ਼ਿਲ੍ਹੇ ਦੇ ਮੌੜ ਸਬ-ਡਿਵੀਜ਼ਨ ਦੇ ਪਿੰਡ ਬੁਰਜ ਵਿਚ ਸਹਿਕਾਰੀ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵਰਕਰਾਂ ਵਿਚ ਝੜਪ ਹੋ ਗਈ। ਸਥਿਤੀ ਇੰਨੀ ਤਣਾਅਪੂਰਨ ਹੋ ਗਈ ਕਿ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਚਾਰ ਥਾਣਿਆਂ ਤੋਂ ਵਾਧੂ ਪੁਲਿਸ ਫੋਰਸ ਤਾਇਨਾਤ ਕਰਨੀ ਪਈ। ਇਹ ਚੋਣ ਬੁਰਜ ਅਤੇ ਮਾਨਸਾ ਕਲਾਂ ਪਿੰਡਾਂ ਵਿਚ ਸਥਿਤ ਬੁਰਜ ਸਹਿਕਾਰੀ ਸਭਾ ਦੇ 11 ਮੈਂਬਰਾਂ ਦੀ ਚੋਣ ਲਈ ਸੀ। ਇਨ੍ਹਾਂ ਵਿਚ ਅੱਠ ਜਨਰਲ ਵਰਗ ਦੇ ਮੈਂਬਰ, ਦੋ ਮਹਿਲਾਵਾਂ ਅਤੇ ਇਕ ਅਨੁਸੂਚਿਤ ਜਾਤੀ ਦਾ ਮੈਂਬਰ ਸ਼ਾਮਲ ਸੀ। ਵੋਟਿੰਗ ਸਵੇਰੇ 9 ਵਜੇ ਤੋਂ 11 ਵਜੇ ਤੱਕ ਨਿਰਧਾਰਤ ਕੀਤੀ ਗਈ ਸੀ। ਚੋਣ ਪ੍ਰਕਿਰਿਆ ਦੌਰਾਨ ਅਧਿਕਾਰੀਆਂ ਵੱਲੋਂ ਨਾਮਜ਼ਦਗੀ ਫਾਰਮ ਵੰਡੇ ਗਏ। ਦੋਸ਼ ਹੈ ਕਿ ਜਦੋਂ ਸਵੇਰੇ 10 ਤੋਂ 11 ਵਜੇ ਦੇ ਵਿਚਕਾਰ ਫਾਰਮ ਜਮ੍ਹਾਂ ਕਰਵਾਏ ਜਾ ਰਹੇ ਸਨ। ਇਸ ਦੌਰਾਨ ਅਕਾਲੀ ਦਲ ਦੇ ਵਰਕਰਾਂ ਦੇ ਫਾਰਮ ਮਨਜ਼ੂਰ ਨਹੀਂ ਕੀਤੇ ਗਏ। ਇਸ ਕਾਰਨ ਅਕਾਲੀ ਵਰਕਰਾਂ ਅਤੇ ਪੁਲਿਸ ਵਿਚਕਾਰ ਬਹਿਸ ਸ਼ੁਰੂ ਹੋ ਗਈ। ਮਹਿਲਾ ਅਕਾਲੀ ਵਰਕਰਾਂ ਨੇ ਪੁਲਿਸ ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਅਤੇ ਮਹਿਲਾਵਾਂ ਲਈ ਵੱਖਰੀ ਕਤਾਰ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਨਾਲ ਤਣਾਅ ਹੋਰ ਵੱਧ ਗਿਆ। ਅਕਾਲੀ ਦਲ ਦੇ ਆਗੂ ਕੇਵਲ ਸਿੰਘ, ਹਰਵਿੰਦਰ ਸਿੰਘ ਅਤੇ ਹਰਜੀਤ ਸਿੰਘ ਨੇ ਚੋਣਾਂ ਵਿੱਚ ਸੱਤਾ ਦੇ ਦੁਰਵਰਤੋਂ ਦੇ ਦੋਸ਼ ਲਗਾਏ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਕੋਲ ਲੋੜੀਂਦੇ ਮੈਂਬਰਾਂ ਦੀ ਘਾਟ ਸੀ, ਇਸ ਲਈ ਅਕਾਲੀ ਵਰਕਰਾਂ ਨੂੰ ਜਾਣਬੁੱਝ ਕੇ ਨਾਮਜ਼ਦਗੀ ਫਾਰਮ ਦਾਖਲ ਕਰਨ ਤੋਂ ਰੋਕਿਆ ਗਿਆ, ਜਿਸ ਨਾਲ ਚੋਣ ਪ੍ਰਕਿਰਿਆ ਪ੍ਰਭਾਵਿਤ ਹੋਈ। ਅਕਾਲੀ ਆਗੂਆਂ ਅਕਾਲੀ ਦਲ ਦੇ ਆਗੂਆਂ ਸੁਰਿੰਦਰਪਾਲ ਸਿੰਘ ਮਾਹਲ, ਹਰਵਿੰਦਰ ਸਿੰਘ ਕਾਕਾ, ਜਗਸੀਰ ਸਿੰਘ ਬੁਰਜ ਜਿਲ੍ਹਾ ਜਨਰਲ ਸਕੱਤਰ, ਸੁਰਜੀਤ ਸਿੰਘ ਮਾਨਸਾ ਕਲਾਂ, ਕੇਵਲ ਸਿੰਘ ਮਾਨਸਾ ਕਲਾਂ ਆਦਿ ਨੇ ਇਸ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਚੁਣੌਤੀ ਦੇਣ ਅਤੇ ਇਨਸਾਫ਼ ਲਈ ਕਾਨੂੰਨੀ ਲੜਾਈ ਲੜਨ ਦੀ ਚਿਤਾਵਨੀ ਦਿੱਤੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਇਨ੍ਹਾਂ ਦੋਸ਼ਾਂ ਨੂੰ ਸਪੱਸ਼ਟ ਤੌਰ ਤੇ ਰੱਦ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਵਰਕਰ ਨਿਰਧਾਰਤ ਸਮੇਂ ਤੋਂ ਬਾਅਦ ਪਹੁੰਚੇ ਅਤੇ ਹਾਰ ਦੇ ਡਰ ਕਰਕੇ ਬੇਲੋੜਾ ਵਿਵਾਦ ਪੈਦਾ ਕਰ ਰਹੇ ਹਨ। ਫਿਲਹਾਲ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਸਥਿਤੀ ਨੂੰ ਕਾਬੂ ਕਰ ਲਿਆ ਹੈ ਅਤੇ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਦਾ ਦਾਅਵਾ ਕੀਤਾ ਹੈ। ਹਾਲਾਂਕਿ ਇਸ ਘਟਨਾ ਨੇ ਸਹਿਕਾਰੀ ਸਭਾ ਚੋਣਾਂ ਦੀ ਪਾਰਦਰਸ਼ਤਾ ਅਤੇ ਨਿਰਪੱਖਤਾ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।