- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਕਾ ਆਰਟੀਓ ਨਾ ਹੋਣ ਕਾਰਨ ਕੰਮ ਕਾਜ ਪ੍ਰਭਾਵਿਤ, ਕੰਮ ਧੰਦਿਆਂ ਲਈ ਆਉਣ ਵਾਲੇ ਲੋਕ ਹੋ ਰਹੇ ਪ੍ਰੇਸ਼ਾਨ

-ਬਠਿੰਡਾ ਦਾ ਵਾਧੂ ਚਾਰਜ ਹੈ ਤਰਨਤਾਰਨ ਦੇ ਆਰਟੀਓ ਕੋਲ, ਹਫ਼ਤੇ ’ਚ ਇਕ ਦਿਨ ਆਉਂਦੇ ਨੇ ਬਠਿੰਡਾ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਇੱਥੋਂ ਦੇ ਖੇਤਰੀ ਟ੍ਰਾਂਸਪੋਰਟ ਦਫ਼ਤਰ ਵਿੱਚ ਆਰਟੀਓ ਦਾ ਮਹੱਤਵਪੂਰਨ ਅਹੁਦਾ ਲੰਮੇ ਸਮੇਂ ਤੋਂ ਖਾਲੀ ਹੋਣ ਕਰਕੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪਣੇ ਕੰਮ ਧੰਦਿਆਂ ਲਈ ਆਉਣ ਵਾਲੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਮਹੀਨੇ ਪਹਿਲਾਂ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਕੀਤੇ ਤਬਾਦਲਿਆਂ ਦੌਰਾਨ ਇੱਥੇ ਤੈਨਾਤ ਆਰਟੀਓ ਪੁਨੀਤ ਸ਼ਰਮਾ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਸੀ, ਪਰ ਉਨ੍ਹਾਂ ਦੀ ਥਾਂ ਅਜੇ ਤਕ ਕਿਸੇ ਅਧਿਕਾਰੀ ਦੀ ਪੱਕੀ ਨਿਯੁਕਤੀ ਨਹੀਂ ਹੋਈ। ਮੌਜੂਦਾ ਹਾਲਾਤ ਇਹ ਹਨ ਕਿ ਤਰਨਤਾਰਨ ਦੇ ਆਰਟੀਓ ਕੋਲ ਬਠਿੰਡਾ ਆਰਟੀਓ ਦਫ਼ਤਰ ਦਾ ਵਾਧੂ ਚਾਰਜ ਹੈ, ਉਹ ਹਫ਼ਤੇ ਵਿੱਚ ਸਿਰਫ਼ ਦੋ ਦਿਨ ਹੀ ਬਠਿੰਡਾ ਦਫ਼ਤਰ ਆਉਂਦੇ ਹਨ।
ਇਸ ਕਰਕੇ ਉਸ ਦਿਨ ਹੀ ਦਫ਼ਤਰ ਆਈਆਂ ਕੁੱਝ ਫਾਈਲਾਂ ਨੂੰ ਮਨਜ਼ੂਰੀ ਮਿਲਦੀ ਹੈ, ਜਦਕਿ ਬਾਕੀ ਕੰਮ ਲੰਬਿਤ ਰਹਿੰਦੇ ਹਨ। ਇਸ ਨਾਲ ਲੋਕਾਂ ਨੂੰ ਵਾਰ-ਵਾਰ ਦਫ਼ਤਰ ਦੇ ਚੱਕਰ ਕੱਟਣੇ ਪੈਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਖੱਜਲ ਖੁਆਰੀ ਵਧ ਰਹੀ ਹੈ। ਆਰਟੀਓ ਦਫ਼ਤਰ ਵਿੱਚ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਆਪਣੇ ਜ਼ਰੂਰੀ ਕੰਮ ਧੰਦਿਆਂ ਲਈ ਆਉਂਦੇ ਹਨ। ਇਨ੍ਹਾਂ ਵਿਚ ਵਾਹਨ ਰਜਿਸਟ੍ਰੇਸ਼ਨ (ਆਰਸੀ), ਡਰਾਈਵਿੰਗ ਲਾਇਸੈਂਸ, ਪਰਮਿਟ, ਟੈਕਸ ਜਮ੍ਹਾਂ ਕਰਵਾਉਣਾ, ਲੋਨ ਕਲੋਜ਼ਰ ਅਤੇ ਦਸਤਾਵੇਜ਼ਾਂ ਵਿੱਚ ਸੋਧ ਵਰਗੇ ਕੰਮ ਸ਼ਾਮਲ ਹਨ। ਔਸਤਨ ਹਰ ਰੋਜ਼ ਲਗਭਗ 200 ਆਰਸੀ ਤੇ 200 ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਅਰਜ਼ੀਆਂ ਆਉਂਦੀਆਂ ਹਨ, ਪਰ ਅਧਿਕਾਰੀਆਂ ਦੀ ਗੈਰਹਾਜ਼ਰੀ ਕਾਰਨ ਇਨ੍ਹਾਂ ਨੂੰ ਅੰਤਿਮ ਮਨਜ਼ੂਰੀ ਨਹੀਂ ਮਿਲ ਰਹੀ ਅਤੇ ਕੰਮ ਅੱਧ ਵਿਚਕਾਰ ਲਟਕ ਰਹੇ ਹਨ। ਦਫ਼ਤਰ ਦੇ ਮੁਲਾਜ਼ਮ ਫਾਈਲਾਂ ਤਿਆਰ ਕਰਕੇ ਸਿਸਟਮ ‘ਚ ਅਪਲੋਡ ਤਾਂ ਕਰ ਰਹੇ ਹਨ, ਪਰ ਮਨਜ਼ੂਰੀ ਲਈ ਅਧਿਕਾਰੀ ਨਾ ਹੋਣ ਕਰਕੇ ਕੰਮ ਅਧੂਰਾ ਰਹਿ ਜਾਂਦਾ ਹੈ। ਇਸ ਤੋਂ ਇਲਾਵਾ ਪਿਛਲੇ ਕੁਝ ਦਿਨਾਂ ਤੋਂ ਟ੍ਰਾਂਸਪੋਰਟ ਵਿਭਾਗ ਦਾ ਆਨਲਾਈਨ ਸਿਸਟਮ ਵੀ ਹੌਲੀ ਚੱਲ ਰਿਹਾ ਹੈ, ਜਿਸ ਨਾਲ ਸਮੱਸਿਆ ਹੋਰ ਵੱਧ ਗਈ ਹੈ। ਮੁਲਾਜ਼ਮਾਂ ਅਨੁਸਾਰ ਸਾਫਟਵੇਅਰ ਅਪਡੇਟ ਕਾਰਨ ਸਿਸਟਮ ਵਾਰ-ਵਾਰ ਬੰਦ ਜਾਂ ਹੌਲੀ ਚੱਲ ਰਿਹਾ ਹੈ। ਮੰਡੀਆਂ ਤੇ ਪਿੰਡਾਂ ਤੋਂ ਆਉਣ ਵਾਲੇ ਲੋਕ ਇਸ ਸਥਿਤੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਮੁਕਤਸਰ ਤੋਂ ਆਏ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ 22 ਨਵੰਬਰ ਤੋਂ ਆਪਣੇ ਵਾਹਨ ਦੀ ਆਰਸੀ ਲਈ ਚੱਕਰ ਕੱਟ ਰਹੇ ਹਨ, ਪਰ ਹਰ ਵਾਰ ਇਹੀ ਜਵਾਬ ਮਿਲਦਾ ਹੈ ਕਿ ਅਧਿਕਾਰੀ ਮੌਜੂਦ ਨਹੀਂ। ਇਸੇ ਤਰ੍ਹਾਂ ਪਿੰਡ ਬਾਜਕ ਦੇ ਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਮੋਟਰਸਾਈਕਲ ਦੇ ਕਾਗਜ਼ ਤਿਆਰ ਹਨ, ਪਰ ਮਨਜ਼ੂਰੀ ਨਾ ਮਿਲਣ ਕਰਕੇ ਕੰਮ ਰੁਕਿਆ ਹੋਇਆ ਹੈ। ਬਠਿੰਡਾ ਦੇ ਰਹਿਣ ਵਾਲੇ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਵਾਹਨ ਦੀ ਆਰਸੀ ‘ਚੋਂ ਕਰਜ਼ੇ ਦੀ ਡਿਟੇਲ ਹਟਵਾਉਣ ਆਏ ਸਨ, ਪਰ ਫਾਈਲ ਮਨਜ਼ੂਰ ਨਾ ਹੋਣ ਕਰਕੇ ਵਾਰ-ਵਾਰ ਵਾਪਸ ਜਾਣਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਦਫ਼ਤਰ ਵਿੱਚ ਕੋਈ ਜ਼ਿੰਮੇਵਾਰ ਅਧਿਕਾਰੀ ਮੌਜੂਦ ਨਹੀਂ, ਜਿਸ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਜਦ ਤਕ ਆਰਟੀਓ ਦੀ ਪੱਕੀ ਨਿਯੁਕਤੀ ਨਹੀਂ ਹੁੰਦੀ, ਤਦ ਤਕ ਵੱਖਰੀ ਵਿਵਸਥਾ ਕਰਕੇ ਲੰਬਿਤ ਕੰਮ ਜਲਦੀ ਨਿਪਟਾਏ ਜਾਣੇ ਚਾਹੀਦੇ ਹਨ। ਮੌਜੂਦਾ ਹਾਲਾਤ ਵਿੱਚ ਆਰਟੀਓ ਦਫ਼ਤਰ ਦਾ ਕੰਮਕਾਜ ਲਗਭਗ ਠੱਪ ਪਿਆ ਹੈ, ਜਿਸ ਨਾਲ ਨਾ ਸਿਰਫ਼ ਆਮ ਲੋਕ, ਸਗੋਂ ਵਾਹਨ ਡੀਲਰ ਅਤੇ ਏਜੰਟ ਵੀ ਪ੍ਰਭਾਵਿਤ ਹੋ ਰਹੇ ਹਨ।