- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕ ਹਾਦਸਿਆਂ ਦੇ ਬਚਾਅ ਲਈ ਹਰ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਜਰੂਰੀ

-ਧੁੰਦ ਦੌਰਾਨ ਹਾਦਸਿਆਂ ’ਚ ਗਈਆਂ ਕਈ ਜਾਨਾਂ, ਗੱਡੀ ਚਲਾਉਣ ਸਮੇਂ ਵਰਤੋ ਸਾਵਧਾਨੀ
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਬਠਿੰਡਾ : ਹਰ ਰੋਜ਼ ਵਾਪਰ ਰਹੇ ਸੜਕ ਹਾਦਸਿਆਂ ਵਿਚ ਕੀਮਤੀ ਜਾਨਾਂ ਜਾ ਰਹੀਆਂ ਹਨ। ਭਾਵੇਂ ਸੜਕ ਹਾਦਸਿਆਂ ਦੇ ਕਈ ਕਾਰਨ ਹੁੰਦੇ ਹਨ ਪਰ ਕਈ ਵਾਰ ਸਾਡੀ ਲਾਪਰਵਾਹੀ ਵੀ ਸੜਕ ਹਾਦਸਿਆਂ ਨੂੰ ਜਨਮ ਦਿੰਦੀ ਹੈ। ਬਹੁਤੇ ਵਹੀਕਲ ਚਾਲਕਾਂ ਨੂੰ ਟਰੈਫਿਕ ਚਿੰਨ੍ਹਾਂ ਅਤੇ ਨਿਯਮਾਂ ਦੀ ਕੋਈ ਜਾਣਕਾਰੀ ਨਹੀਂ ਹੁੰਦੀ ਅਤੇ ਜੇਕਰ ਕਿਸੇ ਨੂੰ ਇਸ ਦੀ ਜਾਣਕਾਰੀ ਹੁੰਦੀ ਵੀ ਹੈ ਤਾਂ ਉਹ ਇਨ੍ਹਾਂ ਦਾ ਪਾਲਣ ਨਹੀਂ ਕਰਦਾ। ਹੁਣ ਧੁੰਦਾ ਮੌਸਮ ਹੋਣ ਕਾਰਨ ਸੜਕ ਹਾਦਸਿਆਂ ਵਿਚ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਹਨ। ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਸਾਨੂੰ ਟਰੈਫਿਕ ਚਿੰਨ੍ਹਾਂ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ ਅਤੇ ਧੁੰਦ ਵਿਚ ਹੋਰ ਵੀ ਸਾਵਧਾਨ ਰਹਿਣਾ ਚਾਹੀਦਾ ਹੈ। ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਵੱਖ ਵੱਖ ਲੋਕਾਂ ਦੇ ਸੁਝਾਅ:
-ਬਾਕਸ-
ਰਾਮ ਸਿੰਘ ਬਾਦਲ ਸਾਬਕਾ ਸਰਪੰਚ ਭੋਡੀਪੁਰਾ ਦਾ ਕਹਿਣਾ ਸੀ ਕਿ ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਚਾਲਕਾਂ ਨੂੰ ਵਿਸ਼ੇਸ਼ ਟ੍ਰੇਨਿਗ ਦਿੱਤੀ ਜਾਣੀ ਚਾਹੀਦੀ ਹੈ। ਹਰ ਚਾਲਕ ਨੂੰ ਟਰੈਫਿਕ ਨਿਯਮਾਂ ਅਤੇ ਚਿੰਨ੍ਹਾਂ ਤੋਂ ਪੂਰੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ। ਭਾਵੇਂ ਡਰਾਈਵਿੰਗ ਲਾਇਸੈੰਸ ਬਣਾਉਣ ਸਮੇਂ ਇਹ ਸਭ ਕੁਝ ਚੈੱਕ ਕੀਤਾ ਜਾਂਦਾ ਹੈ, ਪਰ ਬਹੁਤੇ ਵਾਰ ਅਜਿਹੇ ਲੋਕਾਂ ਨੂੰ ਡਰਾਈਵਿੰਗ ਲਾਇਸੰਸ ਜਾਰੀ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਟਰੈਫਿਕ ਨਿਯਮਾਂ ਦਾ ਕੁਝ ਵੀ ਪਤਾ ਨਹੀਂ ਹੁੰਦਾ। ਜੇਕਰ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਡਰਾਈਵਿੰਗ ਲਾਇਸੰਸ ਲੈਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾ ਦੇਵੇ ਤਾਂ ਕਾਫੀ ਹੱਦ ਤਕ ਸੜਕ ਹਾਦਸਿਆਂ ਤੋਂ ਬਚਾ ਹੋ ਸਕਦਾ ਹੈ, ਕਿਉਂਕਿ ਬਹੁਤ ਹੀ ਵਾਰ ਕੁਝ ਕੱਚ ਘਰੜ ਲੋਕ ਡਰਾਈਵਿੰਗ ਲਾਇਸੈਂਸ ਬਣਵਾ ਲੈਂਦੇ ਹਨ। ਪਰ ਉਨ੍ਹਾਂ ਨੂੰ ਟਰੈਫਿਕ ਨਿਯਮਾਂ ਅਤੇ ਚਿੰਨ੍ਹਾਂ ਦੀ ਕੋਈ ਬਹੁਤੀ ਜਾਣਕਾਰੀ ਨਹੀਂ ਹੁੰਦੀ। ਧੁੰਦ ਵਿਚ ਫੌਗ ਲਾਇਟਾਂ ਦੇ ਨਾਲ ਸਾਵਧਾਨੀ ਵਰਤਣੀ ਚਾਹੀਦੀ ਹੈ।
ਬਾਕਸ
ਨੌਜਵਾਨ ਆਗੂ ਸ਼ੰਮਾ ਸਿੱਧੂ ਕੈਨੇਡਾ ਦਾ ਕਹਿਣਾ ਸੀ ਕਿ ਸੜਕ ਹਾਦਸਿਆਂ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ ਪਰ ਚਾਲਕ ਦਾ ਇਸ ਵਿਚ ਵੱਡਾ ਰੋਲ ਹੁੰਦਾ ਹੈ। ਕਈ ਵਾਰ ਨਸ਼ੇ ਕਰਕੇ ਗੱਡੀ ਚਲਾਉਣ ਨਾਲ ਵੀ ਸੜਕ ਹਾਦਸੇ ਵਾਪਰਦੇ ਹਨ। ਕਈ ਵਾਰ ਟਰੱਕ ਤੇ ਟਰਾਲੇ ਚਾਲਕ ਉਘਾਏ ਹੁੰਦੇ ਹਨ ਜਿਸ ਨਾਲ ਸੜਕ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਅਸਲ ਵਿਚ ਗੱਡੀਆਂ ਦੀ ਰਫਤਾਰ ਬਹੁਤ ਜਿਆਦਾ ਹੈ ਜਦੋਂ ਕਿ ਸਾਡੀਆਂ ਸੜਕਾਂ ਉਸ ਮੁਤਾਬਕ ਨਹੀਂ ਬਣੀਆਂ ਹੋਈਆਂ। ਸਭ ਤੋਂ ਪਹਿਲਾਂ ਚਾਲਕ ਨੂੰ ਗੱਡੀ ਦੀ ਰਫਤਾਰ ਠੀਕ ਰੱਖਣੀ ਚਾਹੀਦੀ ਹੈ ਅਤੇ ਉਸਦਾ ਟਰੈਫਿਕ ਨਿਯਮਾਂ ਤੇ ਚਿੰਨ੍ਹਾਂ ਤੋਂ ਜਾਣੂ ਹੋਣਾ ਚਾਹੀਦਾ ਹੈ। ਇਸ ਨਾਲ ਕਾਫੀ ਹੱਦ ਤਕ ਸੜਕ ਹਾਦਸੇ ਘਟਾਏ ਜਾ ਸਕਦੇ ਹਨ। ਭਾਵੇਂ ਟਰੈਫ਼ਿਕ ਪੁਲਿਸ ਸਕੂਲਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਜਾਗਰੂਕ ਕਰ ਰਹੀ ਹੈ ਪਰ ਇਹ ਕੰਮ ਬਹੁਤੇ ਹੌਲੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਧੁੰਦ ਵਿਚ ਹਾਲ ਦੋ ਸੜਕ ਹਾਦਸੇ ਵਾਪਰੇ ਹਨ ਜਿਸ ਵਿਚ ਪੰਜ ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਲਈ ਧੁੰਦ ਵਿਚ ਗੱਡੀ ਨੂੰ ਬੜੀ ਸਾਵਧਾਨੀ ਨਾਲ ਚਲਾਉਣਾ ਚਾਹੀਦਾ ਹੈ।
ਬਾਕਸ
ਪ੍ਰਸਿੱਧ ਢਾਡੀ ਬਲਵਿੰਦਰ ਭਗਤਾ ਦਾ ਕਹਿਣਾ ਸੀ ਕਿ ਬਹੁਤੇ ਸੜਕ ਹਾਦਸੇ ਸਾਡੀ ਟਰੈਫਿਕ ਵਿਵਸਥਾ ਸਹੀ ਨਾ ਹੋਣ ਕਾਰਨ ਵਾਪਰ ਰਹੇ ਹਨ। ਟਰੈਫਿਕ ਪੁਲਿਸ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਬਜਾਏ ਚਲਾਨ ਕੱਟਣ ਵੱਲ ਜਿਆਦਾ ਧਿਆਨ ਦਿੰਦੀ ਹੈ। ਸਾਡੇ ਟਰੈਫਿਕ ਰੂਲ ਬਹੁਤ ਸਖਤ ਹਨ ਪਰ ਇਨ੍ਹਾਂ ਦੀ ਪਾਲਣਾ ਨਹੀਂ ਹੋ ਰਹੀ। ਜੇਕਰ ਅਸੀਂ ਟਰੈਫਿਕ ਨਿਯਮਾਂ ਦੀ ਇੰਨ੍ਹ ਬਿੰਨ੍ਹ ਪਾਲਣਾ ਕਰੀਏ ਤਾਂ ਸੜਕ ਹਾਦਸੇ ਵਿਚ ਕਾਫੀ ਹੱਦ ਤਕ ਘਟਾਏ ਜਾ ਸਕਦੇ ਹਨ। ਟਰਾਂਸਪੋਰਟ ਵਿਭਾਗ ਅਤੇ ਟਰੈਫਿਕ ਪੁਲਿਸ ਵੱਲੋਂ ਇਸ ਮਾਮਲੇ ਵਿਚ ਸਖਤੀ ਵਰਤਣੀ ਚਾਹੀਦੀ ਹੈ। ਜੇਕਰ ਕੋਈ ਟਰੈਫ਼ਿਕ ਨਿਯਮਾਂ ਦਾ ਉਲੰਘਣ ਕਰਦਾ ਹੈ ਤਾਂ ਉਸ ਖਿਲਾਫ਼ ਸਖਤ ਕਾਰਵਾਈ ਹੋਵੇ। ਉਨ੍ਹਾਂ ਕਿਹਾ ਕਿ ਧੁੰਦ ਵਿਚ ਸੜਕ ਹਾਦਸਿਆਂ ਦਾ ਖਤਰਾ ਜਿਆਦਾ ਰਹਿੰਦਾ ਹੈ। ਇਸ ਲਈ ਧੁੰਦ ਵਿਚ ਹੋਰ ਸਾਵਧਾਨੀ ਨਾਲ ਚੱਲਣਾ ਚਾਹੀਦਾ ਹੈ।
ਬਾਕਸ
ਕੌਂਸਲਰ ਜਗਮੋਹਨ ਲਾਲ ਦਾ ਕਹਿਣਾ ਸੀ ਕਿ ਗੱਡੀਆਂ ਚਲਾਉਣ ਵਾਲੇ ਬਹੁਤੇ ਚਾਲਕ ਟਰੈਫਿਕ ਨਿਯਮਾਂ ਅਤੇ ਟਰੈਫਿਕ ਚਿੰਨ੍ਹਾਂ ਤੋਂ ਕੋਰੇ ਹੁੰਦੇ ਹਨ। ਵੱਡੀ ਗਿਣਤੀ ਲੋਕਾਂ ਨੂੰ ਟਰੈਫਿਕ ਚਿੰਨ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੁੰਦੀ ਕਿ ਇਹ ਕਿਸ ਗੱਲ ਵੱਲ ਇਸ਼ਾਰਾ ਕਰਦੇ ਹਨ। ਜੇਕਰ ਲੋਕਾਂ ਨੂੰ ਟਰੈਫਿਕ ਚਿੰਨ੍ਹਾਂ ਅਤੇ ਨਿਯਮਾਂ ਦੀ ਜਾਣਕਾਰੀ ਹੋਵੇ ਤਾਂ ਕਾਫੀ ਹੱਦ ਤਕ ਸੜਕ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਗੱਡੀ ਦੀ ਤੇਜ਼ ਸਪੀਡ, ਨਸ਼ਾ ਕਰਕੇ ਡਰਾਈਵਿੰਗ ਕਰਨਾ, ਪੂਰੀ ਨੀਂਦ ਨਾ ਲੈਣ ਸਮੇਤ ਸੜਕ ਹਾਦਸਿਆਂ ਦੇ ਕਈ ਕਾਰਨ ਹਨ। ਪਰ ਫਿਰ ਵੀ ਜੇਕਰ ਅਸੀਂ ਟਰੈਫਿਕ ਨਿਯਮਾਂ ਦਾ ਪਾਲਣ ਕਰੀਏ ਤਾਂ ਸੜਕ ਹਾਦਸੇ ਕਾਫੀ ਹੱਦ ਤਕ ਘਟਾਏ ਜਾ ਸਕਦੇ ਹਨ।ਦੂਜੇ ਪਾਸੇ ਹੁਣ ਧੁੰਦ ਦਾ ਮੌਸਮ ਚੱਲ ਰਿਾ ਹੈ, ਜਿਸ ਕਾਰਨ ਹੋਰ ਵੀ ਚੌਕਸੀ ਵਰਤਣੀ ਚਾਹੀਦੀ ਹੈ।
ਬਾਕਸ
ਕੌਂਸਲਰ ਗੁਰਪ੍ਰੀਤ ਸਿੰਘ ਘਾਰੂ ਦਾ ਕਹਿਣਾ ਸੀ ਕਿ ਆਪਣੇ ਬੱਚਿਆਂ ਨੂੰ ਕਦੇ ਵੀ ਗੱਡੀ ਜਾਂ ਦੋ ਪਈਆ ਵਾਹਣ ਚਲਾਉਣ ਲਈ ਨਹੀਂ ਦੇਣਾ ਚਾਹੀਦਾ। ਜਦੋਂ ਤਕ ਬੱਚਾ ਵੱਡਾ ਨਹੀਂ ਹੁੰਦਾ ਅਤੇ ਉਸਦਾ ਡਰਾਈਵਿੰਗ ਲਾਇਸੰਸ ਨਹੀਂ ਬਣਦਾ ਉਦੋਂ ਤਕ ਬੱਚਿਆਂ ਨੂੰ ਵਹੀਕਲ ਨਹੀਂ ਚਲਾਉਣ ਦੇਣੇ ਚਾਹੀਦੇ। ਕਈ ਵਾਰ ਬੱਚਿਆਂ ਦੇ ਕਾਰਨ ਸੜਕ ਹਾਦਸੇ ਵਾਪਰਦੇ ਹਨ ਜਿਸ ਵਿਚ ਕੀਮਤੀ ਜਾਨਾਂ ਦਾ ਨੁਕਸਾਨ ਹੁੰਦਾ ਹੈ। ਪਹਿਲੀ ਜਮਾਤ ਦੇ ਸਿਲੇਬਸ ਵਿਚ ਹੀ ਟਰੈਫਿਕ ਚਿੰਨ੍ਹਾਂ ਅਤੇ ਨਿਯਮਾਂ ਦਾ ਪਾਠ ਹੋਣਾ ਬਹੁਤ ਜ਼ਰੂਰੀ ਹੈ। ਬੱਚੇ ਪੜ੍ਹਾਈ ਦੌਰਾਨ ਸੀ ਟ੍ਰੈਫਿਕ ਨਿਯਮਾਂ ਤੇ ਚਿੰਨ੍ਹਾਂ ਨੂੰ ਸਿੱਖ ਜਾਣਗੇ ਤਾਂ ਉਹ ਵੱਡੇ ਹੋ ਕੇ ਇਸਦਾ ਪਾਲਣ ਜਰੂਰ ਕਰਨਗੇ, ਜਿਸ ਨਾਲ ਸੂਬੇ ਅੰਦਰ ਕਾਫੀ ਹੱਦ ਤਕ ਸੜਕ ਹਾਦਸੇ ਘੱਟ ਜਾਣਗੇ।
-ਬਾਕਸ-
ਜਗਸੀਰ ਸਿੰਘ ਸਿੱਧੂ ਪ੍ਰਧਾਨ ਸ਼ਹੀਦ ਹਰਜੀਤ ਸਿੰਘ ਸਮਾਜ ਸੇਵਾ ਸੋਸਾਇਟੀ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਟਰੈਫਿਕ ਨਿਯਮਾਂ ਸਬੰਧੀ ਪਹਿਲੀ ਕਲਾਸ ਤੋਂ ਹੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਵੇ। ਪਹਿਲੀ ਜਮਾਤ ਦੇ ਸਿਲੇਬਸ ਵਿਚ ਟਰੈਫਿਕ ਨਿਯਮਾਂ ਅਤੇ ਚਿੰਨ੍ਹਾਂ ਸਬੰਧੀ ਵਿਸ਼ੇਸ਼ ਪਾਠ ਰੱਖੇ ਜਾਣ, ਜਿਸ ਨਾਲ ਬੱਚਿਆਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਮਿਲ ਸਕੇਗੀ। ਉਹ ਟਰੈਫਿਕ ਨਿਯਮਾਂ ਤੇ ਚਿੰਨ੍ਹਾਂ ਨੂੰ ਆਪਣੇ ਜੀਵਨ ਵਿਚ ਪੂਰੀ ਤਰ੍ਹਾਂ ਲਾਗੂ ਕਰ ਸਕਣਗੇ। ਇਸ ਨਾਲ ਵੀ ਸੜਕ ਹਾਦਸਿਆਂ ’ਤੇ ਠੱਲ ਪਾਈ ਜਾ ਸਕੇਗੀ। ਹੁਣ ਹਾਲਾਤ ਇਹ ਹਨ ਕਿ ਪੰਜਾਬ ਫੀਸਦੀ ਲੋਕਾਂ ਨੂੰ ਟਰੈਫਿਕ ਚਿੰਨ੍ਹਾਂ ਤੇ ਨਿਯਮਾਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਧੁੰਦ ਕਾਰਨ ਸੜਕ ਹਾਦਸਿਆਂ ਦਾ ਖਤਰਾ ਜ਼ਿਆਦਾ ਰਹਿੰਦਾ ਹੈ।