- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਕਾਰਡ ਰੂਮ ਵਿੱਚ ਲੱਗੀ ਅੱਗ ਨਾਲ ਨਿਗਮ ਨੂੰ ਕੋਈ ਵਿੱਤੀ ਨੁਕਸਾਨ ਨਹੀਂ ਹੋਇਆ: ਮੇਅਰ ਪਦਮਜੀਤ ਮਹਿਤਾ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਨਿਗਮ ਬਠਿੰਡਾ ਦੇ ਰਿਕਾਰਡ ਰੂਮ ਵਿੱਚ 30 ਜਨਵਰੀ ਦੀ ਰਾਤ ਲੱਗੀ ਅੱਗ ਸਬੰਧੀ ਮੇਅਰ ਪਦਮਜੀਤ ਮਹਿਤਾ ਨੇ ਸਪੱਸ਼ਟ ਕੀਤਾ ਹੈ ਕਿ ਇਸ ਘਟਨਾ ਨਾਲ ਨਗਰ ਨਿਗਮ ਨੂੰ ਕਿਸੇ ਵੀ ਕਿਸਮ ਦਾ ਵਿੱਤੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਮੰਗਲਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੜੇ ਹੋਏ ਸਾਰੇ ਰਿਕਾਰਡ ਦਾ ਬੈਕਅੱਪ ਨਿਗਮ ਕੋਲ ਪਹਿਲਾਂ ਹੀ ਸੁਰੱਖਿਅਤ ਮੌਜੂਦ ਹੈ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਤੁਰੰਤ ਸੜੇ ਹੋਏ ਦਸਤਾਵੇਜ਼ਾਂ ਦੀ ਵਿਸਥਾਰ ਨਾਲ ਜਾਂਚ ਕਰਵਾਈ ਗਈ। ਨਿਗਮ ਦੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪੋ-ਆਪਣੇ ਰਿਕਾਰਡ ਦੀ ਜਾਂਚ ਕਰਨ ਲਈ ਕਿਹਾ ਸੀ। ਹਰ ਵਿਭਾਗ ਵੱਲੋਂ ਰਿਕਾਰਡ ਦੀ ਪੜਤਾਲ ਕੀਤੀ ਗਈ ਤੇ ਇਹ ਯਕੀਨੀ ਬਣਾਇਆ ਗਿਆ ਕਿ ਕਿਸੇ ਵੀ ਅਹਿਮ ਦਸਤਾਵੇਜ਼ ਦੀ ਸਥਾਈ ਹਾਨੀ ਨਾ ਹੋਈ ਹੋਵੇ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਜਿਸ ਰਿਕਾਰਡ ਨੂੰ ਅੱਗ ਨਾਲ ਨੁਕਸਾਨ ਪਹੁੰਚਿਆ, ਉਨ੍ਹਾਂ ਦੀ ਡਿਜੀਟਲ ਕਾਪੀ ਤੇ ਹੋਰ ਪ੍ਰਤੀਆਂ ਨਿਗਮ ਦੇ ਡਾਟਾ ਸਿਸਟਮ ਵਿੱਚ ਸੁਰੱਖਿਅਤ ਹਨ। ਸਾਰੇ ਵਿਭਾਗ ਮੁਖੀਆਂ ਨੇ ਲਿਖਤੀ ਰੂਪ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਵਿਭਾਗ ਨਾਲ ਸਬੰਧਤ ਸਾਰਾ ਰਿਕਾਰਡ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਕਿਸੇ ਵੀ ਤਰ੍ਹਾਂ ਦਾ ਵਿੱਤੀ ਜਾਂ ਪ੍ਰਸ਼ਾਸਕੀ ਨੁਕਸਾਨ ਨਹੀਂ ਹੋਇਆ।
ਮੇਅਰ ਨੇ ਕਿਹਾ ਕਿ ਸ਼ਹਿਰ ਵਾਸੀਆਂ ਨਾਲ ਸਬੰਧਤ ਸਾਰੇ ਅਹਿਮ ਦਸਤਾਵੇਜ਼ ਵੀ ਸੁਰੱਖਿਅਤ ਹਨ। ਜਨਮ-ਮੌਤ ਸਰਟੀਫਿਕੇਟ, ਜਾਇਦਾਦ ਰਿਕਾਰਡ, ਟੈਕਸ ਸਬੰਧੀ ਦਸਤਾਵੇਜ਼ ਅਤੇ ਹੋਰ ਪ੍ਰਸ਼ਾਸਕੀ ਫਾਈਲਾਂ ਦੀ ਡਿਜ਼ੀਟਲ ਸੰਭਾਲ ਪਹਿਲਾਂ ਤੋਂ ਕੀਤੀ ਹੋਈ ਸੀ, ਜਿਸ ਕਾਰਨ ਅੱਗ ਦੀ ਘਟਨਾ ਦਾ ਕੋਈ ਵੱਡਾ ਅਸਰ ਨਹੀਂ ਪਿਆ। ਉਨ੍ਹਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਮਾਮਲਿਆਂ ਦੀ ਜਾਂਚ ਇਸ ਵੇਲੇ ਵਿਜਿਲੈਂਸ ਵਿਭਾਗ ਪੰਜਾਬ ਕੋਲ ਚੱਲ ਰਹੀ ਹੈ, ਉਨ੍ਹਾਂ ਨਾਲ ਸਬੰਧਤ ਸਾਰੇ ਦਸਤਾਵੇਜ਼ ਪਹਿਲਾਂ ਹੀ ਵਿਜਿਲੈਂਸ ਦੇ ਰਿਕਾਰਡ ਵਿੱਚ ਮੌਜੂਦ ਹਨ। ਇਸ ਲਈ ਅੱਗ ਦੀ ਘਟਨਾ ਨਾਲ ਉਨ੍ਹਾਂ ਮਾਮਲਿਆਂ ਦੀ ਜਾਂਚ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਲੋੜ ਪੈਣ ‘ਤੇ ਨਿਗਮ ਕਿਸੇ ਵੀ ਵੇਲੇ ਉਹ ਰਿਕਾਰਡ ਅਤੇ ਦਸਤਾਵੇਜ਼ ਮੁੜ ਪ੍ਰਾਪਤ ਕਰ ਸਕਦਾ ਹੈ।
ਮੇਅਰ ਪਦਮਜੀਤ ਮਹਿਤਾ ਅਨੁਸਾਰ ਕੁਝ ਵਿਜਿਲੈਂਸ ਮਾਮਲਿਆਂ ਵਿੱਚ ਥਰਡ ਪਾਰਟੀ ਵੈਰੀਫਿਕੇਸ਼ਨ ਅਤੇ ਆਡਿਟ ਦੀ ਪ੍ਰਕਿਰਿਆ ਵੀ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ। ਇਸ ਕਰਕੇ ਨਿਗਮ ਦੀ ਵਿੱਤੀ ਸਥਿਤੀ ’ਤੇ ਇਸ ਘਟਨਾ ਦਾ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਪਿਆ। ਉਨ੍ਹਾਂ ਕਿਹਾ ਕਿ ਨਿਗਮ ਦੀਆਂ ਸਾਰੀਆਂ ਆਰਥਿਕ ਲੈਣ-ਦੇਣ ਦੀਆਂ ਐਂਟਰੀਆਂ ਡਿਜ਼ਿਟਲ ਤੌਰ ’ਤੇ ਸੰਭਾਲੀਆਂ ਜਾਂਦੀਆਂ ਹਨ, ਜਿਸ ਨਾਲ ਪਾਰਦਰਸ਼ਿਤਾ ਤੇ ਸੁਰੱਖਿਆ ਯਕੀਨੀ ਬਣਾਈ ਜਾਂਦੀ ਹੈ। ਅੱਗ ਲੱਗਣ ਦੇ ਕਾਰਨਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਮੇਅਰ ਨੇ ਕਿਹਾ ਕਿ ਇਸ ਸਬੰਧੀ ਜਾਂਚ ਜਾਰੀ ਹੈ। ਅੱਗ ਕਿਵੇਂ ਲੱਗੀ ਤੇ ਇਸ ਦੇ ਪਿੱਛੇ ਕੋਈ ਤਕਨੀਕੀ ਖ਼ਰਾਬੀ ਸੀ ਜਾਂ ਕਿਸੇ ਕਿਸਮ ਦੀ ਸ਼ਰਾਰਤ, ਇਸ ਬਾਰੇ ਅਜੇ ਤਕ ਅੰਤਿਮ ਨਤੀਜੇ ਸਾਹਮਣੇ ਨਹੀਂ ਆਏ। ਜਾਂਚ ਪੂਰੀ ਤਰ੍ਹਾਂ ਨਿਰਪੱਖ ਢੰਗ ਨਾਲ ਕੀਤੀ ਜਾ ਰਹੀ ਹੈ। ਮੇਅਰ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਅੱਗ ਲੱਗਣ ਦੀ ਘਟਨਾ ਕਿਸੇ ਸ਼ਰਾਰਤੀ ਤੱਤ ਜਾਂ ਸਾਜ਼ਿਸ਼ ਦਾ ਨਤੀਜਾ ਸੀ, ਤਾਂ ਸਬੰਧਤ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਗਰ ਨਿਗਮ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਸਰਾਰਤ ਨੂੰ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਅੰਤ ਵਿੱਚ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਨਿਗਮ ਦਾ ਸਾਰਾ ਰਿਕਾਰਡ ਸੁਰੱਖਿਅਤ ਹੈ ਤੇ ਨਿਗਮ ਦੀਆਂ ਸੇਵਾਵਾਂ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ। ਨਿਗਮ ਪ੍ਰਸ਼ਾਸਨ ਸ਼ਹਿਰ ਦੀ ਭਲਾਈ ਤੇ ਪਾਰਦਰਸ਼ੀ ਪ੍ਰਬੰਧਨ ਲਈ ਵਚਨਬੱਧ ਹੈ।